ਪੁਣੇ— ਚੇਨਈ ਸੁਪਰ ਕਿੰਗਜ਼ ਵਿਵਾਦਾਂ ਕਾਰਨ ਆਪਣਾ ਘਰ ਬਦਲੇ ਜਾਣ ਦੇ ਬਾਵਜੂਦ ਸ਼ੁੱਕਰਵਾਰ ਨੂੰ ਨਵੇਂ ਘਰੇਲੂ ਮੈਦਾਨ ਪੁਣੇ ਵਿਚ ਰਾਜਸਥਾਨ ਰਾਇਲਜ਼ ਵਿਰੁੱਧ ਪਹਿਲੇ ਮੁਕਾਬਲੇ ਲਈ ਉਤਰੇਗੀ, ਜਿੱਥੇ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਟੀਮ ਦਾ ਜੇਤੂ ਆਗਾਜ਼ ਕਰਨਾ ਚੁਣੌਤੀ ਹੋਵੇਗੀ।ਆਈ. ਪੀ. ਐੱਲ. ਟੀ-20 ਦਾ ਦੋ ਵਾਰ ਖਿਤਾਬ ਜਿੱਤ ਚੁੱਕੀ ਚੇਨਈ 3 ਮੈਚਾਂ ਵਿਚ 2 ਜਿੱਤਾਂ ਤੇ ਇਕ ਹਾਰ ਤੋਂ ਬਾਅਦ ਚੌਥੇ ਨੰਬਰ 'ਤੇ ਹੈ ਪਰ ਚੇਨਈ ਦਾ ਘਰੇਲੂ ਮੈਦਾਨ ਬਦਲ ਜਾਣ ਨਾਲ ਟੀਮ ਸਾਹਮਣੇ ਹੁਣ ਪੁਣੇ ਵਿਚ ਘਰੇਲੂ ਮੈਚਾਂ ਨੂੰ ਖੇਡਣਾ ਤੇ ਇੱਥੋਂ ਦੇ ਨਵੇਂ ਹਾਲਾਤ ਅਨੁਕੂਲ ਖੁਦ ਨੂੰ ਢਾਲਣਾ ਇਕ ਹੋਰ ਚੁਣੌਤੀ ਦੀ ਤਰ੍ਹਾਂ ਹੈ।
ਭ੍ਰਿਸ਼ਟਾਚਾਰ ਵਿਵਾਦ ਕਾਰਨ ਦੋ ਸਾਲਾਂ ਦੀ ਪਾਬੰਦੀ ਤੋਂ ਬਾਅਦ ਟੂਰਨਾਮੈਂਟ ਵਿਚ ਵਾਪਸੀ ਕਰ ਰਹੀ ਚੇਨਈ ਸੁਪਰ ਕਿੰਗਜ਼ ਨੇ 11ਵੇਂ ਸੈਸ਼ਨ ਵਿਚ ਇਕਲੌਤਾ ਮੈਚ ਹੀ ਘਰੇਲੂ ਚੇਪਕ ਸਟੇਡੀਅਮ ਵਿਚ ਖੇਡਿਆ ਤੇ ਰਾਜ ਵਿਚ ਕਾਵੇਰੀ ਵਿਵਾਦ ਕਾਰਨ ਹੁਣ ਬਾਕੀ ਦੇ ਸਾਰੇ ਘਰੇਲੂ ਮੈਚ ਉਹ ਪੁਣੇ ਵਿਚ ਹੀ ਖੇਡੇਗੀ। ਹਾਲਾਂਕਿ ਇਕ ਗੱਲ ਚੰਗੀ ਹੈ ਕਿ ਉਸ ਨੂੰ ਪੁਣੇ ਵਿਚ ਵੀ ਆਪਣੇ ਘਰੇਲੂ ਸਮਰਥਕਾਂ ਦੀ ਕਮੀ ਮਹਿਸੂਸ ਨਹੀਂ ਹੋਵੇਗੀ, ਜਿਹੜੇ ਆਪਣਾ ਸਾਰਾ ਕੰਮਕਾਜ ਛੱਡ ਕੇ ਵੱਡੀ ਗਿਣਤੀ ਵਿਚ ਚੌਥੇ ਮੈਚ ਲਈ ਮੌਜੂਦ ਰਹਿਣਗੇ।
ਚੇਨਈ ਨੇ ਹੁਣ ਤਕ ਟੂਰਨਾਮੈਂਟ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਪਰ ਪੰਜਾਬ ਵਿਰੁੱਧ ਪਿਛਲੇ ਮੈਚ ਵਿਚ ਉਹ ਚੰਗੀ ਬੱਲੇਬਾਜ਼ੀ ਦੇ ਬਾਵਜੂਦ ਟੀਚੇ ਤੋਂ ਸਿਰਫ 4 ਦੌੜਾਂ ਹੀ ਪਿਛੜ ਗਈ ਸੀ ਤੇ 198 ਦੇ ਟੀਚੇ ਸਾਹਮਣੇ 5 ਵਿਕਟਾਂ 'ਤੇ 193 ਦੌੜਾਂ ਬਣਾ ਕੇ ਮੈਚ ਗੁਆ ਬੈਠੀ। ਇਸ ਮੁਕਾਬਲੇ ਵਿਚ ਵੀ ਹਮੇਸ਼ਾ ਦੀ ਤਰ੍ਹਾਂ ਸਰਵਸ੍ਰਸ਼ੇਠ ਫਿਨਿਸ਼ਰ ਤੇ ਕਪਤਾਨ ਧੋਨੀ ਦੀ ਅਹਿਮ ਭੂਮਿਕਾ ਰਹੀ, ਜਿਸ ਨੇ 44 ਗੇਂਦਾਂ 'ਤੇ 6 ਚੌਕੇ ਤੇ 5 ਛੱਕੇ ਲਾਉਂਦਿਆਂ ਅਜੇਤੂ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
ਹਾਲਾਂਕਿ ਇਸ ਮੈਚ ਵਿਚ ਧੋਨੀ ਦੇ ਪ੍ਰਦਰਸ਼ਨ ਨੂੰ ਛੱਡ ਦਿੱਤਾ ਜਾਵੇ ਤਾਂ ਟੀਮ ਦੇ ਗੇਂਦਬਾਜ਼ਾਂ ਤੇ ਬੱਲੇਬਾਜ਼ਾਂ ਨੇ ਕਾਫੀ ਨਿਰਾਸ਼ ਕੀਤਾ ਸੀ। ਗੇਂਦਬਾਜ਼ਾਂ ਨੇ ਬਹੁਤ ਮਹਿੰਗਾ ਪ੍ਰਦਰਸ਼ਨ ਕੀਤਾ, ਜਿਸ ਵਿਚ ਤਜਰਬੇਕਾਰ ਆਫ ਸਪਿਨਰ ਹਰਭਜਨ ਸਿੰਘ 4 ਓਵਰਾਂ ਵਿਚ 41 ਦੌੜਾਂ ਦੇ ਕੇ ਸਭ ਤੋਂ ਮਹਿੰਗਾ ਸਾਬਤ ਹੋਇਆ ਜਦਕਿ ਦੀਪਕ ਚਾਹਰ ਨੇ 3 ਓਵਰਾਂ ਵਿਚ 37 ਦੌੜਾਂ ਦਿੱਤੀਆਂ ਤੇ ਖਾਲੀ ਹੱਥ ਰਿਹਾ। ਕੈਰੇਬੀਆਈ ਆਲਰਾਊਂਡਰ ਡਵੇਨ ਬ੍ਰਾਵੋ ਨੇ ਵੀ ਇੰਨੀਆਂ ਹੀ ਦੌੜਾਂ ਦਿੱਤੀਆਂ। ਹਾਲਾਂਕਿ ਸ਼ੇਨ ਵਾਟਸਨ, ਇਮਰਾਨ ਤਾਹਿਰ ਤੇ ਸ਼ਾਰਦੁਲ ਠਾਕੁਰ ਨੇ ਦੌੜਾਂ ਦੇਣ ਦੇ ਨਾਲ ਵਿਕਟਾਂ ਵੀ ਲਈਆਂ।
ਦੂਜੇ ਪਾਸੇ ਬੱਲੇਬਾਜ਼ਾਂ ਵਿਚ ਓਪਨਰ ਵਾਟਸਨ ਅਤੇ ਮੁਰਲੀ ਵਿਜੇ ਚੰਗੀ ਸ਼ੁਰੁਆਤ ਨਹੀਂ ਦਿਵਾ ਸਕੇ। ਅੰਬਾਤੀ ਰਾਇਡੂ ਨੇ 49 ਦੌੜਾਂ ਤੇ ਧੋਨੀ ਦੀਆਂ ਅਜੇਤੂ 79 ਦੌੜਾਂ ਦੇ ਇਲਾਵਾ ਵੱਡੇ ਟੀਚੇ ਦਾ ਪਿੱਛਾ ਕਰਨ ਵਿਚ ਹੋਰ ਕਿਸੇ ਬੱਲੇਬਾਜ਼ ਦੀ ਭੂਮਿਕਾ ਖਾਸ ਨਹੀਂ ਰਹੀ ਜਦਕਿ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਵੀ 19 ਦੌੜਾਂ ਹੀ ਬਣਾਈਆਂ। ਅਜਿਹੇ ਵਿਚ ਜ਼ਰੂਰੀ ਹੈ ਕਿ ਰਾਜਸਥਾਨ ਵਿਰੁੱਧ ਟੀਮ ਆਪਣੀ ਰਣਨੀਤੀ ਵਿਚ ਬਦਲਾਅ ਕਰੇ।
ਰਾਜਸਥਾਨ ਦੇ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਉਹ ਵੀ ਆਪਣੇ ਚਾਰ ਮੈਚਾਂ ਵਿਚ ਸਿਰਫ 2 ਹੀ ਜਿੱਤ ਸਕੀ ਹੈ। ਉਹ ਵੀ ਚੇਨਈ ਦੀ ਹੀ ਤਰ੍ਹਾਂ 2 ਸਾਲ ਬਾਅਦ ਟੂਰਨਾਮੈਂਟ ਵਿਚ ਵਾਪਸੀ ਕਰ ਰਹੀ ਹੈ ਤੇ ਕਪਤਾਨ ਅਜਿੰਕਯ ਰਹਾਨੇ ਦੀ ਅਗਵਾਈ ਵਿਚ ਉਸ ਨੇ ਆਪਣਾ ਪਿਛਲਾ ਮੈਚ ਘਰੇਲੂ ਜੈਪੁਰ ਮੈਦਾਨ 'ਤੇ ਕੋਲਕਾਤਾ ਵਿਰੁੱਧ 7 ਵਿਕਟਾਂ ਨਾਲ ਹਾਰਿਆ ਸੀ। ਰਾਜਸਥਾਨ ਲਈ ਵੀ ਫਿਲਹਾਲ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵੇਂ ਵਿਭਾਗਾਂ ਵਿਚ ਬਿਹਤਰ ਪ੍ਰਦਰਸ਼ਨ ਚੁਣੌਤੀ ਬਣਿਆ ਹੋਇਆ ਹੈ।
ਸਾਇਨਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਤਸਵੀਰ, ਫੈਂਸ ਨੇ ਕੀਤੇ ਕੁਮੇਂਟ
NEXT STORY