ਨਵੀਂ ਦਿੱਲੀ— ਸਰਬੀਆ ਦੇ ਨੋਵਾਕ ਜੋਕੋਵਿਚ ਨੇ ਰਿਕਾਰਡ 7ਵੀਂ ਵਾਰ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤ ਕੇ ਨੰਬਰ ਵਨ ਰੈਂਕਿੰਗ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ, ਜਦਕਿ ਆਸਟਰੇਲੀਅਨ ਓਪਨ ਵਿਚ ਪਹਿਲੀ ਵਾਰ ਮਹਿਲਾ ਖਿਤਾਬ ਜਿੱਤਣ ਵਾਲੀ ਜਾਪਾਨ ਦੀ ਨਾਓਮੀ ਓਸਾਕਾ ਨੰਬਰ ਵਨ ਬਣ ਗਈ ਹੈ।
ਤਾਜਾ ਜਾਰੀ ਏ. ਟੀ. ਪੀ. ਰੈਂਕਿੰਗ ਵਿਚ ਜੋਕੋਵਿਚ ਦੇ ਹੁਣ 10955 ਅੰਕ ਹੋ ਗਏ ਹਨ, ਜਦਕਿ ਆਸਟਰੇਲੀਅਨ ਓਪਨ ਦਾ ਉਪ ਜੇਤੂ ਸਪੈਨਿਸ਼ ਸਟਾਰ ਰਾਫੇਲ ਨਡਾਲ 8320 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਜਰਮਨੀ ਦਾ ਅਲੈਗਜ਼ੈਂਡਰ ਜਵੇਰੇਵ ਇਕ ਸਥਾਨ ਉੱਪਰ ਤੀਜੇ ਤੇ ਅਰਜਨਟੀਨਾ ਦਾ ਜੁਆਨ ਮਾਰਟਿਨ ਡੇਲ ਪੋਤ੍ਰੋ ਵੀ ਇਕ ਸਥਾਨ ਦੇ ਸੁਧਾਰ ਨਾਲ ਚੌਥੇ ਨੰਬਰ 'ਤੇ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਦਾ ਕੇਵਿਨ ਐਂਡਰਸਨ ਵੀ ਇਕ ਸਥਾਨ ਉੱਪਰ ਪੰਜਵੇਂ ਨੰਬਰ 'ਤੇ ਪਹੁੰਚ ਗਿਆ ਹੈ। ਆਸਟਰੇਲੀਅਨ ਓਪਨ ਦੇ ਚੌਥੇ ਰਾਊਂਡ ਵਿਚ ਹਾਰ ਜਾਣ ਵਾਲੇ 20 ਗ੍ਰੈਂਡ ਸਲੈਮ ਖਿਤਾਬਾਂ ਦੇ ਜੇਤੂ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਤਿੰਨ ਸਥਾਨਾਂ ਦਾ ਨੁਕਸਾਨ ਹੋਇਆ ਹੈ ਤੇ ਉਹ ਪਿਛਲੇ ਲਗਭਗ ਦੋ ਸਾਲਾਂ ਵਿਚ ਆਪਣੀ ਸਭ ਤੋਂ ਖਰਾਬ ਰੈਂਕਿੰਗ 6ਵੇਂ ਸਥਾਨ 'ਤੇ ਖਿਸਕ ਗਿਆ ਹੈ। ਫੈਡਰਰ 20 ਮਾਰਚ 2017 ਨੂੰ ਆਖਰੀ ਵਾਰ ਛੇਵੇਂ ਸਥਾਨ 'ਤੇ ਸੀ।
ਮਹਿਲਾ ਰੈਂਕਿੰਗ ਵਿਚ ਨਵੀਂ ਚੈਂਪੀਅਨ ਜਾਪਾਨ ਦੀ ਓਸਾਕਾ ਤਿੰਨ ਸਥਾਨਾਂ ਦੀ ਛਲਾਂਗ ਨਾਲ ਨਵੀਂ ਮਹਿਲਾ ਨੰਬਰ ਇਕ ਖਿਡਾਰੀ ਬਣ ਗਈ ਹੈ। ਚੈੱਕ ਗਣਰਾਜ ਦੀ ਪੇਤ੍ਰਾ ਕਵੀਤੋਵਾ ਨੂੰ ਰੈਂਕਿੰਗ ਵਿਚ 4 ਸਥਾਨਾਂ ਦਾ ਫਾਇਦਾ ਹੋਇਆ ਹੈ ਤੇ ਉਹ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਲੰਬੇ ਸਮੇਂ ਤੋਂ ਨੰਬਰ ਇਕ ਚੱਲ ਰਹੀ ਰੋਮਾਨੀਆ ਦੀ ਸਿਮੋਨਾ ਹਾਲੇਪ ਦੋ ਸਥਾਨ ਹੇਠਾਂ ਤੀਜੇ ਸਥਾਨ 'ਤੇ ਖਿਸਕ ਗਈ ਹੈ। ਕੁਆਰਟਰ ਫਾਈਨਲ ਵਿਚ ਹਾਰ ਜਾਣ ਵਾਲੀ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੂੰ ਪੰਜ ਸਥਾਨਾਂ ਦਾ ਫਾਇਦਾ ਹੋਇਆ ਹੈ ਤੇ ਉਹ 11ਵੇਂ ਸਥਾਨ 'ਤੇ ਪਹੁੰਚ ਗਈ ਹੈ।
ਗੁਜਰਾਤੀ ਨਾਲ ਖੇਡ ਕੇ ਸਾਂਝੇ ਤੀਜੇ ਸਥਾਨ 'ਤੇ ਰਹੇ ਆਨੰਦ
NEXT STORY