ਨਵੀਂ ਦਿੱਲੀ - ਵੈਸਟਇੰਡੀਜ਼ ਦੇ ਕ੍ਰਿਕਟਰ ਆਪਣੀ ਖੇਡ ਤੋਂ ਇਲਾਵਾ ਬਿੰਦਾਸ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਵਿੰਡੀਜ਼ ਟੀਮ ਦੇ ਸਾਬਕਾ ਸਟਾਰ ਆਲਰਾਊਂਡਰ ਡਵੇਨ ਬ੍ਰਾਵੋ ਨੇ ਅਕਤੂਬਰ 2018 ਵਿਚ ਕ੍ਰਿਕਟ ਛੱਡਣ ਤੋਂ ਬਾਅਦ ਸੰਗੀਤ ਨੂੰ ਕਰੀਅਰ ਦੇ ਤੌਰ 'ਤੇ ਅਪਣਾ ਲਿਆ। 'ਚੈਂਪੀਅਨ' ਗੀਤ ਰਾਹੀਂ ਪੂਰੀ ਦੁਨੀਆ ਵਿਚ ਧਮਾਲ ਮਚਾਉਣ ਵਾਲੇ ਬ੍ਰਾਵੋ ਨੂੰ ਡੀ. ਜੇ. ਬ੍ਰਾਵੋ ਵੀ ਕਿਹਾ ਜਾਂਦਾ ਹੈ।

ਬ੍ਰਾਵੋ ਦੀ ਥਾਈਲੈਂਡ ਦੀ ਧਾਕੜ ਗਾਇਕਾ-ਗੀਤਕਾਰ ਰਿਮੀ ਨਿਕ ਨਾਲ ਦੋਸਤੀ ਕਾਫੀ ਡੂੰਘੀ ਹੁੰਦੀ ਜਾ ਰਹੀ ਹੈ। ਬ੍ਰਾਵੋ ਨੇ ਹਾਲ ਹੀ ਵਿਚ ਰਿਮੀ ਨਿਕ ਨਾਲ 'ਦਿ ਛਾਮੀਆ' ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਹ ਗੀਤ ਸੋਸ਼ਲ ਮੀਡੀਆ 'ਤੇ ਕਾਫੀ ਹਿੱਟ ਹੋ ਰਿਹਾ ਹੈ। ਰਿਮੀ ਵੀ ਬ੍ਰਾਵੋ ਨਾਲ ਦੋਸਤੀ ਤੋਂ ਕਾਫੀ ਖੁਸ਼ ਹੈ। ਉਸ ਨੇ ਕਿਹਾ, ''ਸਾਡੀ ਦੋਸਤੀ ਵੀਡੀਓ ਦੀ ਕਹਾਣੀ ਨਾਲ ਕਾਫੀ ਮਿਲਦੀ-ਜੁਲਦੀ ਹੈ। । ਅਸੀਂ ਮੈਸੇਜਸ ਰਾਹੀਂ ਇਕ-ਦੂਜੇ ਨਾਲ ਹਮੇਸ਼ਾ ਜੁੜੇ ਰਹਿੰਦੇ ਹਾਂ ਕਿਉਂਕਿ ਅਸੀਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਸਫਰ ਕਰ ਰਹੇ ਹੁੰਦੇ ਹਾਂ। ਇਸਦੇ ਨਾਲ ਹੀ ਵੀਡੀਓ ਦੀ ਕਹਾਣੀ ਵਿਚ ਮੈਂ ਇਕ ਮੈਸੇਜ ਰਾਹੀਂ ਉਸ ਨੂੰ ਇਕ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਹਾਂ। ਇਹ ਮਜ਼ੇਦਾਰ ਹੈ।''

ਰਿਮੀ ਨੇ ਕਿਹਾ ਕਿ ਬ੍ਰਾਵੋ ਕਾਫੀ ਚੰਗਾ ਇਨਸਾਨ ਹੈ। ਉਸ ਨੇ ਕਿਹਾ, ''ਡੀ. ਜੇ. ਬ੍ਰਾਵੋ ਨਾਲ ਕੰਮ ਕਰਨ ਸਮੇਂ ਪਰਿਵਾਰ ਵਰਗਾ ਮਹਿਸੂਸ ਹੁੰਦਾ ਹੈ। ਮੈਂ ਬ੍ਰਾਵੋ ਨਾਲ ਇਕ ਗੀਤ 'ਤੇ ਕੰਮ ਕੀਤਾ ਹੈ। ਉਸ 'ਤੇ ਅਸੀਂ ਪਿਛਲੇ ਸਾਲ ਦੁਬਈ ਵਿਚ ਪੇਸ਼ਕਾਰੀ ਕੀਤੀ ਸੀ। ਅਸੀਂ ਇਕ-ਦੂਜੇ ਨਾਲ ਤੁਰੰਤ ਹੀ ਜੁੜ ਜਾਂਦੇ ਹਾਂ। ਸਾਨੂੰ ਪਤਾ ਰਹਿੰਦਾ ਹੈ ਕਿ ਸਾਡੀ ਇੱਛੇ ਕਿਸ ਗੀਤ 'ਤੇ ਇਕੱਠੇ ਕੰਮ ਕਰਨ ਦੀ ਹੈ।''
AUS vs PAK : ਪਾਕਿਸਤਾਨ 'ਤੇ ਪਾਰੀ ਦੀ ਹਾਰ ਦਾ ਖਤਰਾ
NEXT STORY