ਨਵੀਂ ਦਿੱਲੀ- ਸਾਬਕਾ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਆਨਲਾਈਨ ਸੱਟੇਬਾਜ਼ੀ ਐਪ 'ਵਨੈਕਸਬੇਟ' ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਪੇਸ਼ ਹੋਏ। ਚਿੱਟੀ ਟੀ-ਸ਼ਰਟ ਅਤੇ ਜੀਨਸ ਪਹਿਨ ਕੇ, 43 ਸਾਲਾ ਯੁਵਰਾਜ ਦੁਪਹਿਰ 12 ਵਜੇ ਏਜੰਸੀ ਦੇ ਦਫ਼ਤਰ ਪਹੁੰਚੇ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਆਲਰਾਊਂਡਰ ਤੋਂ ਪੁੱਛਗਿੱਛ ਕੀਤੀ ਅਤੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੇ ਤਹਿਤ ਉਨ੍ਹਾਂ ਦਾ ਬਿਆਨ ਦਰਜ ਕੀਤਾ।
ਇਕ ਇਨਫਲੁਐਂਸਰ ਅਨਵੇਸ਼ੀ ਜੈਨ ਵੀ ਇਸੇ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ ਦੇ ਸਾਹਮਣੇ ਪੇਸ਼ ਹੋਈ। ਈਡੀ ਪਹਿਲਾਂ ਕ੍ਰਿਕਟਰ ਸੁਰੇਸ਼ ਰੈਨਾ, ਸ਼ਿਖਰ ਧਵਨ, ਰੌਬਿਨ ਉਥੱਪਾ, ਸਾਬਕਾ ਟੀਐਮਸੀ ਸੰਸਦ ਮੈਂਬਰ ਅਤੇ ਬੰਗਾਲੀ ਅਦਾਕਾਰਾ ਮਿਮੀ ਚੱਕਰਵਰਤੀ ਅਤੇ ਅਦਾਕਾਰ ਅੰਕੁਸ਼ ਹਾਜ਼ਰਾ ਤੋਂ ਪੁੱਛਗਿੱਛ ਕਰ ਚੁੱਕੀ ਹੈ। ਅਦਾਕਾਰ ਸੋਨੂੰ ਸੂਦ ਨੂੰ ਬੁੱਧਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਇਸ ਸੱਟੇਬਾਜ਼ੀ ਐਪ ਦੇ ਸੰਚਾਲਨ ਦੀ ਜਾਂਚ ਈਡੀ ਦੀ ਅਜਿਹੇ ਪਲੇਟਫਾਰਮਾਂ ਦੇ ਖਿਲਾਫ ਵਿਆਪਕ ਜਾਂਚ ਦਾ ਹਿੱਸਾ ਹੈ, ਜਿਨ੍ਹਾਂ 'ਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਅਤੇ ਕਥਿਤ ਤੌਰ 'ਤੇ ਵੱਡੀ ਮਾਤਰਾ ਵਿੱਚ ਸਿੱਧੇ ਅਤੇ ਅਸਿੱਧੇ ਟੈਕਸਾਂ ਦੀ ਭਾਰੀ ਮਾਤਰਾ 'ਚ ਚੋਰੀ ਕਰਨ ਦੇ ਦੋਸ਼ ਹਨ। ਇਸ ਜਾਂਚ ਦੇ ਹਿੱਸੇ ਵਜੋਂ ਏਜੰਸੀ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਐਥਲੀਟਾਂ, ਫਿਲਮ ਅਦਾਕਾਰਾਂ, ਔਨਲਾਈਨ ਇਨਫਲੁਐਂਸਰਾਂ ਅਤੇ ਮਸ਼ਹੂਰ ਹਸਤੀਆਂ ਤੋਂ ਪੁੱਛਗਿੱਛ ਕਰਨ ਦੀ ਉਮੀਦ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਈਡੀ ਜਲਦੀ ਹੀ ਉਨ੍ਹਾਂ ਲੋਕਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ ਜਿਨ੍ਹਾਂ ਨੇ ਐਪ ਦੀਆਂ ਪ੍ਰਚਾਰ ਗਤੀਵਿਧੀਆਂ ਤੋਂ ਪ੍ਰਾਪਤ ਕਥਿਤ ਅਪਰਾਧਿਕ ਕਮਾਈ ਦੀ ਵਰਤੋਂ ਕੀਤੀ ਹੈ। ਬਾਅਦ ਵਿੱਚ ਅਦਾਲਤ ਵਿੱਚ ਇੱਕ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।
ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਏਜੰਸੀ ਦੀ ਜਾਂਚ ਦਾ ਉਦੇਸ਼ ਮਸ਼ਹੂਰ ਹਸਤੀਆਂ ਤੋਂ ਇਹ ਜਾਣਨਾ ਹੈ ਕਿ ਸੱਟੇਬਾਜ਼ੀ ਕੰਪਨੀ ਨੇ ਉਨ੍ਹਾਂ ਨਾਲ ਸਮਰਥਨ ਪ੍ਰਾਪਤ ਕਰਨ ਲਈ ਕਿਵੇਂ ਸੰਪਰਕ ਕੀਤਾ, ਭਾਰਤ ਵਿੱਚ ਸੰਪਰਕ ਲਈ ਨੋਡਲ ਵਿਅਕਤੀ ਕੌਣ ਸੀ, ਭੁਗਤਾਨ ਦਾ ਤਰੀਕਾ (ਹਵਾਲਾ ਜਾਂ ਬੈਂਕਿੰਗ ਚੈਨਲਾਂ ਰਾਹੀਂ ਨਕਦ), ਅਤੇ ਭੁਗਤਾਨ ਦੀ ਜਗ੍ਹਾ (ਭਾਰਤ ਜਾਂ ਵਿਦੇਸ਼) ਕੀ ਹੈ। ਸਮਝਿਆ ਜਾਂਦਾ ਹੈ ਕਿ ਏਜੰਸੀ ਕ੍ਰਿਕਟਰਾਂ ਅਤੇ ਅਦਾਕਾਰਾਂ ਦੇ ਬਿਆਨ ਦਰਜ ਕਰ ਰਹੀ ਹੈ, ਉਨ੍ਹਾਂ ਤੋਂ ਪੁੱਛ ਰਹੀ ਹੈ ਕਿ ਕੀ ਉਹ ਜਾਣਦੇ ਸਨ ਕਿ ਭਾਰਤ ਵਿੱਚ ਆਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਗੈਰ-ਕਾਨੂੰਨੀ ਹਨ। ਏਜੰਸੀ ਨੇ ਉਨ੍ਹਾਂ ਤੋਂ ਐਪ ਨਾਲ ਉਸਦੇ ਇਕਰਾਰਨਾਮਿਆਂ ਦੀ ਇੱਕ ਕਾਪੀ ਅਤੇ ਸਾਰੇ ਸੰਬੰਧਿਤ ਈਮੇਲ ਅਤੇ ਕਾਗਜ਼ੀ ਦਸਤਾਵੇਜ਼ ਵੀ ਮੰਗੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Asia Cup: ਸੁਪਰ-4 ’ਚ ਵਾਪਸੀ ਨੂੰ ਬੇਤਾਬ ਸ਼੍ਰੀਲੰਕਾ ਤੇ ਪਾਕਿਸਤਾਨ ਆਹਮੋ-ਸਾਹਮਣੇ
NEXT STORY