ਨਾਰਥੰਪਟਨ– ਭਾਰਤ-ਏ ਦੀਆਂ 348 ਦੌੜਾਂ ਦੇ ਜਵਾਬ ਵਿਚ ਇੰਗਲੈਂਡ ਲਾਇਨਜ਼ ਨੇ ਚਾਰ ਦਿਨਾ ਗੈਰ-ਅਧਿਕਾਰਤ ਟੈਸਟ ਦੇ ਦੂਜੇ ਦਿਨ ਸ਼ਨੀਵਾਰ ਨੂੰ 46 ਓਵਰਾਂ ਵਿਚ 3 ਵਿਕਟਾਂ ’ਤੇ 192 ਦੌੜਾਂ ਬਣਾ ਲਈਆਂ। ਜੌਰਡਨ ਕਾਕਸ 21 ਦੌੜਾਂ ਬਣਾ ਕੇ ਖੇਡ ਰਿਹਾ ਹੈ ਜਦਕਿ ਜੈਮਸ ਰਿਊ ਨੇ ਅਜੇ ਖਾਤਾ ਨਹੀਂ ਖੋਲ੍ਹਿਆ ਹੈ। ਖਰਾਬ ਰੌਸ਼ਨੀ ਕਾਰਨ ਦੂਜੇ ਦਿਨ ਦੀ ਖੇਡ ਜਲਦੀ ਖਤਮ ਕਰਨੀ ਪਈ ਤੇ ਆਖਰੀ ਸੈਸ਼ਨ ਵਿਚ ਸਿਰਫ 13 ਓਵਰ ਹੀ ਸੁੱਟੇ ਜਾ ਸਕੇ। ਇੰਗਲੈਂਡ ਲਾਇਨਜ਼ ਅਜੇ ਵੀ 156 ਦੌੜਾਂ ਨਾਲ ਪਿੱਛੇ ਹੈ।
ਐਮੇਲੀਓ ਗੇ ਨੇ ਮੇਜ਼ਬਾਨ ਟੀਮ ਲਈ 117 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ। ਉਸ ਨੂੰ ਦਿਨ ਦੇ ਆਖਰੀ ਓਵਰ ਵਿਚ ਤਨੁਸ਼ ਕੋਟਿਆਨ ਨੇ ਐੱਲ. ਬੀ. ਡਬਲਯੂ. ਆਊਟ ਕੀਤਾ। ਲੰਚ ਤੋਂ ਪਹਿਲਾਂ ਅੰਸ਼ੁਲ ਕੰਬੋਜ ਨੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਉਂਦੇ ਹੋਏ ਬੇਨ ਮੈਕਿਨੀ (12) ਨੂੰ ਵਿਕਟਕੀਪਰ ਧਰੁਵ ਜੁਰੈਲ ਦੇ ਹੱਥੋਂ ਕੈਚ ਕਰਵਾਇਆ। ਇਸ ਤੋਂ ਪਹਿਲਾਂ ਮੈਕਿਨੀ ਨੂੰ 8ਵੇਂ ਓਵਰ ਵਿਚ ਪੁਆਇੰਟ ’ਚ ਜੀਵਨਦਾਨ ਮਿਲਿਆ ਸੀ। ਲੰਚ ਤੋਂ ਬਾਅਦ ਤੁਸ਼ਾਰ ਦੇਸ਼ਪਾਂਡੇ ਨੇ ਟਾਮ ਹੈਂਸ ਨੂੰ ਆਊਟ ਕਰ ਕੇ ਦੂਜੀ ਵਿਕਟ ਦੀ 94 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ। ਵਿਕਟਾਂ ਦੇ ਪਿੱਛੇ ਜੁਰੈਲ ਨੇ ਹੀ ਉਸਦਾ ਕੈਚ ਫੜਿਆ। ਹੈਂਸ ਨੇ 88 ਗੇਂਦਾਂ ਵਿਚ 9 ਚੌਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਭਾਰਤ-ਏ ਨੇ 7 ਵਿਕਟਾਂ ’ਤੇ 319 ਦੌੜਾਂ ਤੋਂ ਅੱਗੇ ਖੇਡਦੇ ਹੋਏ ਆਪਣੇ ਸਕੋਰ ਵਿਚ 29 ਦੌੜਾਂ ਹੋਰ ਜੋੜੀਆਂ। ਤਨੁਸ਼ ਕੋਟਿਆਨ 37 ਗੇਂਦਾਂ ਵਿਚ 15 ਦੌੜਾਂ ਬਣਾ ਕੇ ਤੇ ਕੰਬੋਜ 2 ਦੌੜਾਂ ’ਤੇ ਆਊਟ ਹੋ ਗਿਆ। ਜੋਸ਼ੂਆ ਟੰਗ ਨੇ ਦੋਵਾਂ ਨੂੰ ਆਊਟ ਕੀਤਾ ਤੇ ਤੁਸ਼ਾਰ ਦੇਸ਼ਪਾਂਡੇ (11) ਦੇ ਰਨ ਆਊਟ ਵਿਚ ਵੀ ਅਹਿਮ ਭੂਮਿਕਾ ਨਿਭਾਈ। ਖਲੀਲ ਅਹਿਮਦ 7 ਦੌੜਾਂ ਬਣਾ ਕੇ ਅਜੇਤੂ ਰਿਹਾ।
ਅੱਜ ਹੋਵੇਗੀ ਰਿੰਕੂ ਸਿੰਘ ਤੇ ਪ੍ਰਿਆ ਸਰੋਜ ਦੀ ਮੰਗਣੀ, ਇਸ ਜਗ੍ਹਾ ਹੋਵੇਗਾ ਪੂਰਾ ਪ੍ਰੋਗਰਾਮ
NEXT STORY