ਅਲੂਰ— ਅੰਡਰ-19 ਵਿਸ਼ਵ ਕੱਪ ਦੇ 'ਮੈਨ ਆਫ ਦਿ ਸੀਰੀਜ਼' ਰਹੇ ਸ਼ੁਭਮਨ ਗਿੱਲ ਦੀਆਂ ਅਜੇਤੂ 123 ਦੌੜਾਂ ਦੇ ਦਮ 'ਤੇ ਪੰਜਾਬ ਨੇ ਵਿਜੇ ਹਜ਼ਾਰੇ ਟਰਾਫੀ ਇਕ ਦਿਨਾ ਟੂਰਨਾਮੈਂਟ ਦੇ ਗਰੁੱਪ-ਏ ਦੇ ਰੋਮਾਂਚਕ ਮੁਕਾਬਲੇ 'ਚ ਕਰਨਾਟਕ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਖਰਾਬ ਮੌਸਮ ਕਾਰਨ 42 ਓਵਰਾਂ ਦੇ ਇਸ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ 3 ਵਿਕਟਾਂ 'ਤੇ 269 ਦੌੜਾਂ ਬਣਾਈਆਂ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਕਰਨਾਟਕ ਦੀ ਟੀਮ ਲੋਕੇਸ਼ ਰਾਹੁਲ ਦੀਆਂ 107 ਦੌੜਾਂ ਦੇ ਬਾਵਜੂਦ 42 ਓਵਰਾਂ 'ਚ 8 ਵਿਕਟਾਂ 'ਤੇ 265 ਦੌੜਾਂ ਹੀ ਬਣਾ ਸਕੀ।
ਗਿੱਲ ਨੇ 122 ਗੇਂਦਾਂ ਦੀ ਪਾਰੀ ਵਿਚ 8 ਚੌਕੇ ਤੇ 6 ਛੱਕੇ ਲਾਏ। ਮੈਚ ਦੀ ਪਹਿਲੀ ਹੀ ਗੇਂਦ 'ਤੇ ਮਨਨ ਵੋਹਰਾ ਦੀ ਵਿਕਟ ਡਿਗਣ ਤੋਂ ਬਾਅਦ ਉਸ ਨੇ ਮਨਦੀਪ ਸਿੰਘ (64) ਨਾਲ ਦੂਜੀ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਕੀਤੀ। ਕਪਤਾਨ ਯੁਵਰਾਜ ਸਿੰਘ ਨੇ 36 ਤੇ ਗੁਰਕੀਰਤ ਸਿੰਘ ਮਾਨ ਨੇ ਅਜੇਤੂ 35 ਦੌੜਾਂ ਬਣਾਈਆਂ। ਕਰਨਾਟਕ ਲਈ ਕਪਤਾਨ ਵਿਨੇ ਕੁਮਾਰ ਨੇ ਦੋ ਵਿਕਟਾਂ ਲਈਆਂ।
ਕਰਨਾਟਕ ਵਲੋਂ ਲੋਕੇਸ਼ ਰਾਹੁਲ ਨੇ ਸੈਂਕੜੇ ਵਾਲੀ ਪਾਰੀ ਲਈ 91 ਗੇਂਦਾਂ ਖੇਡੀਆਂ, ਜਿਸ ਵਿਚ 8 ਚੌਕੇ ਤੇ 5 ਚੱਕੇ ਸ਼ਾਮਲ ਸਨ। ਉਸ ਤੋਂ ਇਲਾਵਾ ਪਵਨ ਦੇਸ਼ਪਾਂਡੇ ਨੇ 53 ਦੌੜਾਂ ਦਾ ਯੋਗਦਾਨ ਦਿੱਤਾ। ਪੰਜਾਬ ਲਈ ਸਿਧਾਰਥ ਕੌਲ ਨੇ 3 ਅਤੇ ਬਰਿੰਦਰ ਸਰਾਂ ਨੇ 2 ਵਿਕਟਾਂ ਲਈਆਂ।
11 ਮਹੀਨੇ ਪਹਿਲਾਂ ਮਰਨ ਕੰਢੇ ਸੀ ਇਹ ਖਿਡਾਰੀ, ਹੁਣ ਓਲੰਪਿਕ 'ਚ ਜਿੱਤਿਆ ਮੈਡਲ
NEXT STORY