ਸਿੰਗਾਪੁਰ– ਭਾਰਤੀ ਗ੍ਰੈਂਡ ਮਾਸਟਰ ਡੀ. ਗੁਕੇਸ਼ ਤੇ ਸਾਬਕਾ ਚੈਂਪੀਅਨ ਡਿੰਗ ਲਿਰੇਨ ਮੰਗਲਵਾਰ ਨੂੰ ਇੱਥੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਸੱਤਵੇਂ ਦੌਰ ਵਿਚ ਜਦੋਂ ਆਹਮੋ-ਸਾਹਮਣੇ ਹੋਣਗੇ ਤਾਂ ਉਨ੍ਹਾਂ ਦਾ ਟੀਚਾ ਲਗਾਤਾਰ 3 ਬਾਜ਼ੀਆਂ ਡਰਾਅ ਖੇਡਣ ਤੋਂ ਬਾਅਦ ਜਿੱਤ ਹਾਸਲ ਕਰਨਾ ਹੋਵੇਗਾ। ਸ਼ਤਰੰਜ ਦੇ ਕਈ ਜਾਣਕਾਰਾਂ ਦੀਆਂ ਨਜ਼ਰਾਂ ਵਿਚ ਖਿਤਾਬ ਦਾ ਪ੍ਰਮੁੱਖ ਦਾਅਵੇਦਾਰ 18 ਸਾਲਾ ਗੁਕੇਸ਼ ਅਜੇ ਤੱਕ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ ਤੇ ਉਸ ਨੇ ਅਜੇ ਤੱਕ ਕਿਸੇ ਤਰ੍ਹਾਂ ਦਾ ਜੋਖਮ ਲੈਣਾ ਸਹੀ ਨਹੀਂ ਸਮਝਿਆ ਹੈ। ਦੋਵੇਂ ਖਿਡਾਰੀ ਅਜੇ ਤੱਕ 3 ਅੰਕ ਲੈ ਕੇ ਬਰਾਬਰੀ ’ਤੇ ਹਨ।
ਗੁਕੇਸ਼ ਸਫੈਦ ਮੋਹਰਿਆਂ ਨਾਲ ਖੇਡਣ ਦੇ ਬਾਵਜੂਦ ਪਹਿਲੀ ਬਾਜ਼ੀ ਹਾਰ ਗਿਆ ਸੀ ਪਰ ਦੂਜੀ ਬਾਜ਼ੀ ਇਸ ਭਾਰਤੀ ਖਿਡਾਰੀ ਲਈ ਆਤਮਵਿਸ਼ਵਾਸ ਵਧਾਉਣ ਵਾਲੀ ਸੀ ਕਿਉਂਕਿ ਚੀਨ ਦੇ ਖਿਡਾਰੀ ਨੇ ਜਿੱਤ ਲਈ ਕਿਸੇ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ ਤੇ ਆਸਾਨ ਡਰਾਅ ਹੋਣ ਦਿੱਤਾ। ਗੁਕੇਸ਼ ਨੇ ਲਿਰੇਨ ਦੀ ਗਲਤੀ ਦਾ ਫਾਇਦਾ ਚੁੱਕ ਕੇ ਤੀਜੀ ਬਾਜ਼ੀ ਜਿੱਤ ਕੇ ਚੰਗੀ ਵਾਪਸੀ ਕੀਤੀ ਪਰ ਇਸ ਤੋਂ ਬਾਅਦ ਅਗਲੀਆਂ ਤਿੰਨ ਬਾਜ਼ੀਆਂ ਵਿਚ ਕਿਸੇ ਵੀ ਖਿਡਾਰੀ ਨੇ ਜ਼ੋਖਮ ਲੈਣਾ ਸਹੀ ਨਹੀਂ ਸਮਝਿਆ ਤੇ ਆਪਸ ਵਿਚ ਅੰਕ ਵੰਡੇ।
ਇਹ ਮੁਕਾਬਲਾ 14 ਰਾਊਂਡਾਂ ਦਾ ਹੈ ਤੇ ਜਿਹੜਾ ਵੀ ਖਿਡਾਰੀ ਪਹਿਲਾਂ 7.5 ਅੰਕ ਬਣਾਏਗਾ, ਉਹ ਵਿਸ਼ਵ ਚੈਂਪੀਅਨ ਬਣੇਗਾ। ਅਜੇ ਤੱਕ ਦੋਵੇਂ ਖਿਡਾਰੀਆਂ ਨੇ ਜਿਸ ਤਰ੍ਹਾਂ ਦੀ ਖੇਡ ਦਿਖਾਈ ਹੈ, ਉਸ ਨੂੰ ਦੇਖਦੇ ਹੋਏ ਕਿਸੇ ਨੂੰ ਵੀ ਪ੍ਰਮੁੱਖ ਦਾਅਵੇਦਾਰ ਨਹੀਂ ਮੰਨਿਆ ਜਾ ਸਕਦਾ। ਗੁਕੇਸ਼ ਮੰਗਲਵਾਰ ਨੂੰ 7ਵੀਂ ਬਾਜ਼ੀ ਸਫੈਦ ਮੋਹਰਿਆਂ ਨਾਲ ਖੇਡੇਗਾ। ਉਹ ਇਸਦਾ ਫਾਇਦਾ ਚੁੱਕ ਕੇ ਚੀਨ ਦੇ ਖਿਡਾਰੀ ’ਤੇ ਦਬਾਅ ਬਣਾਉਣਾ ਚਾਹੇਗਾ। ਗੁਕੇਸ਼ ਅਗਲੀਆਂ ਤਿੰਨ ਬਾਜ਼ੀਆ ਵਿਚੋਂ 2 ਬਾਜ਼ੀਆਂ ਸਫੈਦ ਮੋਹਰਿਆਂ ਨਾਲ ਖੇਡੇਗਾ ਤੇ ਜੇਕਰ ਉਸ ਨੂੰ ਵਿਸ਼ਵ ਚੈਂਪੀਅਨ ਬਣਨ ਵੱਲ ਮਜ਼ਬੂਤ ਕਦਮ ਵਧਾਉਣੇ ਹਨ ਤਾਂ ਉਸ ਨੂੰ ਇਨ੍ਹਾਂ ਵਿਚ ਆਪਣੀ ਸਰਵਸ੍ਰੇਸ਼ਠ ਖੇਡ ਦਿਖਾਉਣੀ ਪਵੇਗੀ। ਸੱਤਵੀਂ ਬਾਜ਼ੀ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 2.30 ਵਜੇ ਸ਼ੁਰੂ ਹੋਵੇਗੀ।
ਫੁੱਟਬਾਲ ਮੈਚ ’ਚ ਰੈਫਰੀ ਦੇ ਫੈਸਲੇ ’ਤੇ ਭੜਕੇ ਦਰਸ਼ਕ, 100 ਦੀ ਮੌਤ
NEXT STORY