ਲੰਡਨ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਢਾਕਾ 'ਚ ਬੰਗਲਾਦੇਸ਼ ਦੇ ਖ਼ਿਲਾਫ਼ ਤੀਜੇ ਵਨਡੇ ਦੇ ਦੌਰਾਨ ਉਸ ਨੂੰ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਾ ਪਾ ਸਕਣ ਦਾ ਕੋਈ ਪਛਤਾਵਾ ਨਹੀਂ ਹੈ। ਹਰਮਨਪ੍ਰੀਤ 'ਤੇ ਇਸ ਕਾਰਨ ਦੋ ਮੈਚਾਂ ਲਈ ਬੈਨ ਲਗਾਇਆ ਗਿਆ ਸੀ। ਢਾਕਾ 'ਚ ਅੰਪਾਇਰ ਦੇ ਆਉਟ ਦੇਣ 'ਤੇ ਉਸਨੇ ਸਟੰਪ 'ਚ ਬੱਲਾ ਮਾਰ ਦਿੱਤਾ ਸੀ। ਫ਼ਿਰ ਮੈਚ ਦੇ ਬਾਅਦ ਵੀ ਉਸਨੇ ਦੋ-ਪੱਖੀ ਲੜੀ ਦੇ ਦੌਰਾਨ ਹੋਈ ਅੰਪਾਇਰਿੰਗ ਨੂੰ ਖ਼ਰਾਬ ਦੱਸਿਆ ਸੀ। ਇਸ ਪਾਬੰਦੀ ਦੇ ਕਾਰਨ ਹਰਮਨਪ੍ਰੀਤ ਭਾਰਤ ਦੇ ਸਤੰਬਰ-ਅਕਤੂਬਰ 'ਚ ਹੋਂਗਝੋਊ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕੇਗੀ।
ਹਰਮਨਪ੍ਰੀਤ ਨੇ ਮਹਿਲਾਵਾਂ ਦੇ 'ਦਿ ਹੰਡ੍ਰਡ' ਕ੍ਰਿਕਟ ਅਖ਼ਬਾਰ 'ਚ ਕਿਹਾ, 'ਮੈਂ ਇਹ ਨਹੀਂ ਕਹਾਂਗੀ ਕਿ ਮੈਨੂੰ ਕਿਸੇ ਗੱਲ ਦਾ ਪਛਤਾਵਾ ਹੈ, ਕਿਉਂਕਿ ਬਤੌਰ ਖਿਡਾਰੀ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਠੀਕ ਚੀਜ਼ਾਂ ਹੋ ਰਹੀਆਂ ਹਨ। ਇੱਕ ਖਿਡਾਰੀ ਦੇ ਤੌਰ 'ਤੇ ਤੁਹਾਡੇ ਕੋਲ ਹਮੇਸ਼ਾ ਖ਼ੁਦ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਅਤੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਇਹ ਦੱਸਣ ਦਾ ਹੱਕ ਹੁੰਦਾ ਹੈ।'
ਹਰਮਨਪ੍ਰੀਤ ਟੂਰਨਾਮੈਂਟ 'ਚ ਟ੍ਰੈਂਟ ਰਾਕੇਟਸ ਵੱਲੋਂ ਖੇਡ ਰਹੀ ਹੈ। ਉਸਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਖਿਡਾਰੀ ਜਾਂ ਕਿਸੇ ਵਿਅਕਤੀ ਨੂੰ ਕੁਝ ਵੀ ਗ਼ਲਤ ਨਹੀਂ ਕਿਹਾ। ਮੈਦਾਨ 'ਤੇ ਜੋ ਹੋਇਆ, ਮੈਂ ਸਿਰਫ਼ ਉਸ ਬਾਰੇ ਦੱਸਿਆ। ਮੈਨੂੰ ਕਿਸੇ ਚੀਜ਼ ਦਾ ਪਛਤਾਵਾ ਨਹੀਂ ਹੈ।' ਬੈਨ ਦੇ ਇਲਾਵਾ ਉਸਦੇ ਖ਼ਾਤੇ ਵਿੱਚ ਤਿੰਨ 'ਡੀਮੈਰਿਟ' ਅੰਕ ਵੀ ਜੋੜੇ ਗਏ ਹਨ ਕਿਉਂਕਿ ਉਸਨੇ ਅੰਪਾਇਰ ਦੇ ਫ਼ੈਸਲੇ 'ਤੇ ਅਸਹਿਮਤੀ ਪ੍ਰਗਟਾਈ ਸੀ। ਮੈਚ ਅਧਿਕਾਰੀਆਂ ਦੀ ਜਨਤਕ ਤੌਰ 'ਤੇ ਅਲੋਚਨਾ ਕਰਨ ਲਈ ਵੀ ਇੱਕ ਡੀਮੈਰਿਟ ਅੰਕ ਜੁੜਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਟਾਰ ਖਿਡਾਰੀਆਂ ਦੇ ਅਜੀਬੋ-ਗ਼ਰੀਬ ਸ਼ੌਕ, ਜਿਨ੍ਹਾਂ ਨੂੰ ਪੂਰਾ ਕਰਨ ਲਈ ਖ਼ਰਚ ਦਿੰਦੇ ਨੇ ਲੱਖਾਂ-ਕਰੋੜਾਂ
NEXT STORY