ਨਵੀਂ ਦਿੱਲੀ: ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੀ ਮਹਿਲਾ ਟੀਮ ਨੇ ਇਕ ਵਾਰ ਫਿਰ ਕ੍ਰਿਕਟ ਜਗਤ 'ਚ ਆਪਣਾ ਲੋਹਾ ਮਨਵਾਇਆ ਹੈ। ਦਿੱਲੀ ਕੈਪੀਟਲਜ਼ ਨੂੰ ਹਰਾ ਕੇ RCB ਨੇ ਮਹਿਲਾ ਪ੍ਰੀਮੀਅਰ ਲੀਗ (WPL 2026) ਦਾ ਖਿਤਾਬ ਦੂਜੀ ਵਾਰ ਆਪਣੇ ਨਾਮ ਕਰ ਲਿਆ ਹੈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਦਿੱਗਜ ਕ੍ਰਿਕਟਰ ਵਿਰਾਟ ਕੋਹਲੀ ਨੇ ਟੀਮ ਨੂੰ ਵਧਾਈਆਂ ਦਿੱਤੀਆਂ ਹਨ।

ਅਨੁਸ਼ਕਾ ਅਤੇ ਵਿਰਾਟ ਨੇ ਇੰਝ ਮਨਾਇਆ ਜਸ਼ਨ
ਟੀਮ ਦੀ ਜਿੱਤ ਤੋਂ ਤੁਰੰਤ ਬਾਅਦ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਟੀਮ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "RCB ਦੀਆਂ ਕੁੜੀਆਂ ਨੇ ਫਿਰ ਕਰ ਵਿਖਾਇਆ। ਇਤਿਹਾਸ ਦੁਹਰਾਇਆ ਗਿਆ ਹੈ।" ਦੂਜੇ ਪਾਸੇ ਵਿਰਾਟ ਕੋਹਲੀ ਨੇ ਵੀ ਟੀਮ ਦੀ ਸ਼ਲਾਘਾ ਕਰਦਿਆਂ ਲਿਖਿਆ, "ਦੁਬਾਰਾ ਚੈਂਪੀਅਨਜ਼! RCB ਦਾ ਝੰਡਾ ਬੁਲੰਦ ਰੱਖਣ ਲਈ ਤੁਹਾਡੇ ਸਾਰਿਆਂ 'ਤੇ ਮਾਣ ਹੈ। ਸਮ੍ਰਿਤੀ ਮੰਧਾਨਾ ਅਤੇ ਪੂਰੀ ਟੀਮ ਨੂੰ ਇਸ ਵੱਡੀ ਜਿੱਤ ਦੀ ਬਹੁਤ-ਬਹੁਤ ਵਧਾਈ।"

ਮੰਧਾਨਾ ਅਤੇ ਵੋਲ ਦਾ ਤੂਫਾਨੀ ਪ੍ਰਦਰਸ਼ਨ
ਫਾਈਨਲ ਮੁਕਾਬਲੇ ਵਿੱਚ ਦਿੱਲੀ ਕੈਪੀਟਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 203 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ। ਜਵਾਬ ਵਿੱਚ RCB ਦੀ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਜਾਰਜੀਆ ਵੋਲ ਨੇ ਦਿੱਲੀ ਦੇ ਗੇਂਦਬਾਜ਼ਾਂ ਦੀ ਰੇਲ ਬਣਾ ਦਿੱਤੀ।
ਸਮ੍ਰਿਤੀ ਮੰਧਾਨਾ: 41 ਗੇਂਦਾਂ ਵਿੱਚ 87 ਦੌੜਾਂ (12 ਚੌਕੇ, 3 ਛੱਕੇ)
ਜਾਰਜੀਆ ਵੋਲ: 54 ਗੇਂਦਾਂ ਵਿੱਚ 79 ਦੌੜਾਂ (14 ਚੌਕੇ) ਦੋਵਾਂ ਵਿਚਾਲੇ ਹੋਈ 165 ਦੌੜਾਂ ਦੀ ਸਾਂਝੇਦਾਰੀ ਨੇ ਮੈਚ ਨੂੰ ਇਕਤਰਫਾ ਕਰ ਦਿੱਤਾ। ਅਖੀਰ ਵਿੱਚ ਰਾਧਾ ਯਾਦਵ ਨੇ ਲਗਾਤਾਰ ਦੋ ਚੌਕੇ ਜੜ ਕੇ ਟੀਮ ਨੂੰ 2 ਗੇਂਦਾਂ ਰਹਿੰਦਿਆਂ ਜਿੱਤ ਦਿਵਾਈ।
ਦੋਵੇਂ ਖਿਤਾਬ ਹੁਣ RCB ਦੇ ਕਬਜ਼ੇ 'ਚ
ਇਸ ਜਿੱਤ ਨਾਲ RCB ਨੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਾਲ 2024 ਵਿੱਚ ਪਹਿਲੀ ਵਾਰ ਖਿਤਾਬ ਜਿੱਤਣ ਤੋਂ ਬਾਅਦ, ਹੁਣ ਫ੍ਰੈਂਚਾਈਜ਼ੀ ਕੋਲ WPL ਅਤੇ IPL ਦੋਵਾਂ ਦੇ ਖਿਤਾਬ ਮੌਜੂਦ ਹਨ। ਸਮ੍ਰਿਤੀ ਮੰਧਾਨਾ ਨੂੰ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।
WPL 2026: RCB ਦੂਜੀ ਵਾਰ ਚੈਂਪੀਅਨ, ਦਿੱਲੀ ਕੈਪੀਟਲਜ਼ ਦਾ ਸੁਪਨਾ ਫਿਰ ਹੋਇਆ ਚਕਨਾਚੂਰ
NEXT STORY