ਸਪੋਰਟਸ ਡੈਸਕ- ਓਡੀਸ਼ਾ ਦੇ ਕਟਕ ਸਥਿਤ ਕ੍ਰਿਕਟ ਸਟੇਡੀਅਮ 'ਚ ਭਾਰਤ ਨੇ ਇੰਗਲੈਂਡ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4 ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ, ਜਿਸ ਨਾਲ ਭਾਰਤ ਨੇ 3 ਵਨਡੇ ਮੈਚਾਂ ਦੀ ਲੜੀ 2-0 ਨਾਲ ਆਪਣੇ ਨਾਂ ਕਰ ਲਈ ਹੈ।

ਭਾਰਤ ਦੀ ਇਸ ਜਿੱਤ 'ਚ ਸਭ ਤੋਂ ਵੱਡਾ ਯੋਗਦਾਨ ਕਪਤਾਨ ਰੋਹਿਤ ਸ਼ਰਮਾ ਦਾ ਰਿਹਾ, ਜਿਨ੍ਹਾਂ ਨੇ 90 ਗੇਂਦਾਂ 'ਚ 119 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਉਹ ਕਰ ਦਿਖਾਇਆ, ਜਿਸ ਦੀ ਇੱਕ ਸਾਲ ਤੋਂ ਵੱਧ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ।

ਰੋਹਿਤ ਸ਼ਰਮਾ ਨੇ 475 ਦਿਨਾਂ ਬਾਅਦ ਵਨਡੇ ਮੈਚ ਵਿੱਚ ਸੈਂਕੜਾ ਲਗਾਇਆ, ਜਿਸ ਦੀ ਬਦੌਲਤ ਟੀਮ ਇੰਡੀਆ ਨੇ ਲਗਾਤਾਰ ਦੂਜੇ ਵਨਡੇ ਵਿੱਚ ਇੰਗਲੈਂਡ ਨੂੰ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਮਾੜੀ ਫਾਰਮ ਨੂੰ ਪਿੱਛੇ ਛੱਡ ਕੇ ਇੰਗਲੈਂਡ ਵਿਰੁੱਧ ਸ਼ਾਨਦਾਰ ਸੈਂਕੜਾ ਲਗਾਇਆ।

ਰੋਹਿਤ ਨੇ 76 ਗੇਂਦਾਂ ਵਿੱਚ ਤੂਫਾਨੀ ਸੈਂਕੜਾ ਲਗਾਇਆ, ਜਿਸ ਨਾਲ ਵਨਡੇ ਕ੍ਰਿਕਟ 'ਚ ਉਨ੍ਹਾਂ ਦੇ ਹੁਣ 32 ਸੈਂਕੜੇ ਹੋ ਗਏ ਹਨ। ਇੰਨਾ ਹੀ ਨਹੀਂ, ਰੋਹਿਤ ਦੇ ਵਨਡੇ, ਟੈਸਟ ਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦੇ ਸੈਂਕੜਿਆਂ ਦੀ ਗਿਣਤੀ 49 ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਉਹ ਸੈਂਕੜਿਆਂ ਦਾ ਅਰਧ ਸੈਂਕੜਾ ਲਗਾਉਣ ਦੀ ਦਹਿਲੀਜ਼ 'ਤੇ ਪਹੁੰਚ ਗਏ ਹਨ।

ਹਿੱਟਮੈਨ ਨੇ 'ਯੂਨੀਵਰਸਲ ਬਾੱਸ' ਨੂੰ ਵੀ ਪਛਾੜਿਆ
ਰੋਹਿਤ ਸ਼ਰਮਾ ਨੇ ਇਸ ਪਾਰੀ 'ਚ 7 ਛੱਕੇ ਲਗਾਏ, ਜਿਸ ਮਗਰੋਂ ਉਨ੍ਹਾਂ ਨੇ ਵਨਡੇ ਕ੍ਰਿਕਟ 'ਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ 'ਚ 'ਯੂਨੀਵਰਸਲ ਬਾੱਸ' ਵਜੋਂ ਜਾਣੇ ਜਾਂਦੇ ਕ੍ਰਿਸ ਗੇਲ ਨੂੰ ਪਛਾੜ ਦਿੱਤਾ ਹੈ। ਕ੍ਰਿਸ ਗੇਲ ਨੇ 301 ਵਨਡੇ ਮੈਚਾਂ 'ਚ 331 ਛੱਕੇ ਮਾਰੇ ਸਨ, ਜਿਸ ਨੂੰ ਪਾਰ ਕਰ ਕੇ ਰੋਹਿਤ ਦੇ ਹੁਣ 267 ਮੈਚਾਂ 'ਚ 338 ਛੱਕੇ ਹੋ ਗਏ ਹਨ।

ਇਸ ਤਰ੍ਹਾਂ ਰੋਹਿਤ ਸ਼ਰਮਾ ਹੁਣ 'ਯੂਨੀਵਰਸਲ ਸਿਕਸਰ ਕਿੰਗ' ਬਣਨ ਦੇ ਮਾਮਲੇ 'ਚ ਪਾਕਿਸਤਾਨ ਦੇ ਧਾਕੜ ਸ਼ਾਹਿਦ ਅਫਰੀਦੀ ਤੋਂ ਹੀ ਪਿੱਛੇ ਹਨ, ਜਿਨ੍ਹਾਂ ਨੇ 398 ਮੈਚਾਂ 'ਚ 351 ਛੱਕੇ ਮਾਰੇ ਹਨ। ਉਮੀਦ ਹੈ ਕਿ ਅਗਲੇ ਕੁਝ ਹੀ ਮੈਚਾਂ 'ਚ ਰੋਹਿਤ ਸ਼ਰਮਾ 14 ਛੱਕੇ ਮਾਰ ਕੇ ਇਹ ਰਿਕਾਰਡ ਵੀ ਆਪਣੇ ਨਾਂ ਕਰ ਲੈਣਗੇ।

ਹਿੱਟਮੈਨ ਨੇ ਸਚਿਨ ਨੂੰ ਵੀ ਛੱਡਿਆ ਪਿੱਛੇ
ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਟੀਮ ਇੰਡੀਆ ਨੂੰ 305 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ, ਕਪਤਾਨ ਰੋਹਿਤ ਸ਼ਰਮਾ ਨੇ ਪਹਿਲੇ ਹੀ ਓਵਰ ਤੋਂ ਹੀ ਇੰਗਲਿਸ਼ ਗੇਂਦਬਾਜ਼ਾਂ ਦੀ ਖ਼ਬਰ ਲੈਣੀ ਸ਼ੁਰੂ ਕਰ ਦਿੱਤੀ।

ਨਤੀਜਾ ਇਹ ਹੋਇਆ ਕਿ ਉਸ ਨੇ 30 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਇਸ ਤੋਂ ਬਾਅਦ, ਉਸ ਨੇ ਅਗਲੀਆਂ 40 ਗੇਂਦਾਂ ਵਿੱਚ ਆਪਣਾ ਸੈਂਕੜਾ ਵੀ ਪੂਰਾ ਕਰ ਲਿਆ ਤੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ। ਇਸ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਰੋਹਿਤ ਸ਼ਰਮਾ ਨੇ ਸਚਿਨ ਦੇ ਦੋ ਵੱਡੇ ਰਿਕਾਰਡ ਤੋੜ ਦਿੱਤੇ ਹਨ। ਰੋਹਿਤ ਸ਼ਰਮਾ 30 ਸਾਲ ਦੀ ਉਮਰ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਅਜਿਹਾ ਕਰਨ ਲਈ ਰੋਹਿਤ ਨੇ ਸਚਿਨ ਦੇ 35 ਸੈਂਕੜਿਆਂ ਦਾ ਰਿਕਾਰਡ ਤੋੜਿਆ ਹੈ। ਇਸ ਤੋਂ ਇਲਾਵਾ ਰੋਹਿਤ ਵਨਡੇ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਓਪਨਿੰਗ ਬੱਲੇਬਾਜ਼ ਵੀ ਬਣ ਗਿਆ ਹੈ, ਜਿਸਨੇ ਮਹਾਨ ਸਚਿਨ ਤੇਂਦੁਲਕਰ ਨੂੰ ਪਛਾੜ ਦਿੱਤਾ।

ਇਹੀ ਨਹੀਂ, ਵਨਡੇ ਕ੍ਰਿਕਟ 'ਚ ਵੀ ਰੋਹਿਤ ਸ਼ਰਮਾ 30 ਸਾਲ ਦੀ ਉਮਰ ਤੋਂ ਬਾਅਦ ਸਭ ਤੋਂ ਵੱਧ ਸੈਂਕੜੇ ਜੜਨ ਵਾਲੇ ਬੱਲੇਬਾਜ਼ ਬਣ ਗਏ ਹਨ। ਰੋਹਿਤ ਸ਼ਰਮਾ ਨੇ 30 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ 114 ਮੈਚ ਖੇਡੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ 22 ਸੈਂਕੜੇ ਜੜੇ ਹਨ। ਇਸ ਉਪਲੱਬਧੀ ਲਈ ਉਨ੍ਹਾਂ ਨੇ ਸ਼੍ਰੀਲੰਕਾ ਦੇ ਸਨਥ ਜੈਸੂਰਿਆ (262 ਮੈਚਾਂ 'ਚ 21 ਸੈਂਕੜੇ) ਤੇ ਉਸੇ ਦੇ ਸਾਥੀ ਤਿਲਕਰਤਨੇ ਦਿਲਸ਼ਾਨ (232 ਮੈਚਾਂ 'ਚ 21 ਸੈਂਕੜੇ) ਨੂੰ ਪਛਾੜਿਆ ਹੈ।

ਟੁੱਟ ਗਿਆ 24 ਸਾਲ ਪੁਰਾਣਾ ਰਿਕਾਰਡ
ਰੋਹਿਤ ਸ਼ਰਮਾ ਨੇ 90 ਗੇਂਦਾਂ ਵਿੱਚ 12 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 119 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ 21 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਦਰਅਸਲ, ਰੋਹਿਤ ਕਟਕ ਵਿੱਚ ਕਪਤਾਨ ਵਜੋਂ ਆਪਣਾ 50ਵਾਂ ਵਨਡੇ ਮੈਚ ਖੇਡਣ ਆਇਆ ਸੀ। ਇਸ ਮੈਚ ਵਿੱਚ ਰੋਹਿਤ ਨੇ ਨਾ ਸਿਰਫ਼ ਸੈਂਕੜਾ ਲਗਾਇਆ ਸਗੋਂ ਸਭ ਤੋਂ ਲੰਬੀ ਪਾਰੀ ਖੇਡਣ ਦਾ ਰਿਕਾਰਡ ਵੀ ਤੋੜ ਦਿੱਤਾ। 24 ਸਾਲਾਂ ਤੋਂ ਇਹ ਵੱਡਾ ਰਿਕਾਰਡ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਸਨਥ ਜੈਸੂਰੀਆ ਦੇ ਨਾਮ ਸੀ। 2001 ਵਿੱਚ, ਜੈਸੂਰੀਆ ਨੇ ਕਪਤਾਨ ਵਜੋਂ ਆਪਣੇ 50ਵੇਂ ਇੱਕ ਰੋਜ਼ਾ ਮੈਚ ਵਿੱਚ 107 ਦੌੜਾਂ ਬਣਾਈਆਂ। ਹੁਣ ਰੋਹਿਤ ਸ਼ਰਮਾ ਨੇ 119 ਦੌੜਾਂ ਦੀ ਪਾਰੀ ਖੇਡ ਕੇ ਇਹ ਰਿਕਾਰਡ ਤੋੜ ਦਿੱਤਾ ਹੈ।
ਕਪਤਾਨ ਵਜੋਂ ਆਪਣੇ 50ਵੇਂ ਵਨਡੇ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਖਿਡਾਰੀ
ਰੋਹਿਤ ਸ਼ਰਮਾ - 119 (2025)
ਸਨਥ ਜੈਸੂਰੀਆ - 107 (2001)
ਇਓਨ ਮੋਰਗਨ - 102 (2017)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
IND vs ENG 2nd ODI : ਰੋਹਿਤ ਦੇ ਤੂਫਾਨੀ ਸੈਂਕੜੇ ਦੀ ਬਦੌਲਤ ਜਿੱਤੀ ਟੀਮ ਇੰਡੀਆ, ਲੜੀ 'ਤੇ 2-0 ਨਾਲ ਕੀਤਾ ਕਬਜ਼ਾ
NEXT STORY