ਹਾਂਗਕਾਂਗ, (ਭਾਸ਼ਾ)–ਭਾਰਤ ਨੂੰ ਸ਼ਨੀਵਾਰ ਨੂੰ ਇੱਥੇ ਹਾਂਗਕਾਂਗ ਸਿਕਸਿਜ਼ ਟੂਰਨਾਮੈਂਟ ਵਿਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੇ ਇੰਗਲੈਂਡ ਤੋਂ ਕ੍ਰਮਵਾਰ 1 ਤੇ 15 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਨੂੰ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿਚ ਪਾਕਿਸਤਾਨ ਹੱਥੋਂ ਹਾਰ ਜਾਣ ਤੋਂ ਬਾਅਦ ਭਾਰਤ ਨੂੰ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਯੂ. ਏ. ਈ. ’ਤੇ ਜਿੱਤ ਦੀ ਲੋੜ ਸੀ ਪਰ ਟੀਮ ਇਕ ਦੌੜ ਨਾਲ ਹਾਰ ਗਈ।
ਭਾਰਤ ਨੂੰ 131 ਦੌੜਾਂ ਦੇ ਟੀਚਾ ਦੇ ਪਿੱਛਾ ਕਰਦੇ ਹੋਏ ਆਖਰੀ ਓਵਰ ਵਿਚ 32 ਦੌੜਾਂ ਦੀ ਲੋੜ ਸੀ। ਆਲਰਾਊਂਡਰ ਸਟੂਅਰਟ ਬਿੰਨੀ (11 ਗੇਂਦਾਂ ਵਿਚ 44 ਦੌੜਾਂ) ਨੇ ਟੀਮ ਨੂੰ ਟੀਚੇ ਤੱਕ ਪਹੁੰਚਾਉਣ ਦੀ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ ਪਰ ਉਹ ਦੂਜੀ ਦੌੜ ਲੈਣ ਦੀ ਕੋਸ਼ਿਸ਼ ਵਿਚ ਆਖਰੀ ਗੇਂਦ ’ਤੇ ਰਨ ਆਊਟ ਹੋ ਗਿਆ। ਬਿੰਨੀ ਨੇ ਓਵਰ ਦੀ ਪਹਿਲੀ ਗੇਂਦ ਨੂੰ ਚੌਕੇ ਲਈ ਭੇਜਿਆ।
ਦੂਜੀ ਗੇਂਦ ਵਾਈਡ ਸੀ ਤੇ ਫਿਰ ਉਸ ਨੇ ਲਗਾਤਾਰ ਚਾਰ ਛੱਕੇ ਲਾ ਦਿੱਤੇ। ਇਸ ਨਾਲ ਇਕ ਗੇਂਦ ਵਿਚ 3 ਦੌੜਾਂ ਦੀ ਲੋੜ ਸੀ ਪਰ ਉਹ ਆਖਰੀ ਗੇਂਦ ’ਤੇ ਰਨ ਆਊਟ ਹੋ ਗਿਆ।
ਇਸ ਤੋਂ ਪਹਿਲਾਂ ਰੌਬਿਨ ਉਥੱਪਾ ਨੇ 10 ਗੇਂਦਾਂ ਵਿਚ 43 ਦੌੜਾਂ ਬਣਾਈਆਂ। ਯੂ. ਏ. ਈ. ਨੇ 6 ਓਵਰਾਂ ਵਿਚ 5 ਵਿਕਟਾਂ ’ਤੇ 130 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ, ਜਿਸ ਵਿਚ ਖਾਲਿਦ ਸ਼ਾਹ ਨੇ 10 ਗੇਂਦਾਂ ਵਿਚ 42 ਤੇ ਜ਼ਹੂਰ ਖਾਨ ਨੇ 11 ਗੇਂਦਾਂ ਵਿਚ ਅਜੇਤੂ 37 ਦੌੜਾਂ ਬਣਾਈਆਂ।
ਦੂਜੇ ਮੈਚ ਵਿਚ ਇੰਗਲੈਂਡ ਵਿਰੁੱਧ ਭਾਰਤ 121 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 3 ਵਿਕਟਾਂ ’ਤੇ 105 ਦੌੜਾਂ ਹੀ ਬਣਾ ਸਕਿਆ ਤੇ 15 ਦੌੜਾਂ ਨਾਲ ਹਾਰ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਵੀ ਬੋਪਾਰਾ ਤੇ ਸਮਿਤ ਪਟੇਲ ਨੇ ਭਾਰਤੀ ਗੇਂਦਬਾਜ਼ਾਂ ਵਿਰੁੱਧ ਤੇਜ਼ੀ ਨਾਲ ਦੌੜਾਂ ਜੋੜੀਆਂ। ਬੋਪਾਰਾ ਨੇ ਉਥੱਪਾ ਦੇ ਓਵਰ ਵਿਚ 6 ਛੱਕੇ ਲਾਏ, ਜਿਸ ਨਾਲ ਇਸ ਓਵਰ ਵਿਚ 37 ਦੌੜਾਂ ਬਣੀਆਂ। ਦੋਵੇਂ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਪੂਰੇ ਕੀਤੇ, ਜਿਸ ਨਾਲ ਇੰਗਲੈਂਡ ਨੇ 6 ਓਵਰਾਂ ਵਿਚ 1 ਵਿਕਟ ’ਤੇ 120 ਦੌੜਾਂ ਬਣਾਈਆਂ। ਬੋਪਾਰਾ ਨੇ ਫਿਰ ਗੇਂਦਬਾਜ਼ੀ ਵਿਚ ਵੀ ਕਮਾਲ ਕੀਤਾ ਤੇ ਇਕ ਓਵਰ ਵਿਚ 2 ਵਿਕਟਾਂ ਲਈਆਂ, ਜਿਸ ਵਿਚ ਉਸ ਨੇ ਉਥੱਪਾ ਨੂੰ ਜ਼ੀਰੋ ’ਤੇ ਆਊਟ ਕੀਤਾ। ਭਾਰਤੀ ਟੀਮ 6 ਓਵਰਾਂ ਵਿਚ 3 ਵਿਕਟਾਂ ’ਤੇ 105 ਦੌੜਾਂ ਹੀ ਬਣਾ ਸਕੀ।
ਰਣਜੀ ਟਰਾਫੀ ਖੇਡੇਗਾ ਮੁਹੰਮਦ ਸ਼ੰਮੀ
NEXT STORY