ਨਵੀਂ ਦਿੱਲੀ- ਸਿਰਫ 11 ਸਾਲ ਦੀ ਉਮਰ ’ਚ ਕਾਰ ਹਾਦਸੇ ਕਾਰਨ ਕਮਰ ਦੇ ਹੇਠਲੇ ਹਿੱਸੇ ਦਾ ਅਧਰੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਵ੍ਹੀਲਚੇਅਰ ਦੀ ਮਦਦ ਨਾਲ ਚੱਲਣ ਵਾਲੀ ਪੈਰਾਲੰਪਿਕ ਸੋਨ ਤਮਗਾ ਜੇਤੂ ਅਵਨੀ ਲੇਖਰਾ ਆਪਣੇ ਮਾਤਾ-ਪਿਤਾ ਦੀ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਦੀ ਸਲਾਹ ਨਾਲ ਉਸ ਨੇ ਨਿਸ਼ਾਨੇਬਾਜ਼ੀ ਵਿਚ ਹੱਥ ਅਜਮਾਉਣਾ ਸ਼ੁਰੂ ਕੀਤਾ। ਅਵਨੀ 3 ਸਾਲ ਪਹਿਲਾਂ ਟੋਕੀਓ ਪੈਰਾਲੰਪਿਕ ਵਿਚ ਐੱਸ. ਐੱਚ. 1 ਸ਼੍ਰੇਣੀ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਦੇਸ਼ ’ਚ ਸਭ ਤੋਂ ਵੱਧ ਸੁਰਖੀਆਂ ਬਟੋਰਨ ਵਾਲੀ ਪੈਰਾ ਖਿਡਾਰੀ ਬਣੀ ਸੀ।
ਉਸ ਨੇ ਟੋਕੀਓ ਪੈਰਾਲੰਪਿਕ ਵਿਚ 10 ਮੀਟਰ ਏਅਰ ਰਾਈਫਲ ਵਿਚ ਸੋਨ ਤੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿਚ ਕਾਂਸੀ ਤਮਗਾ ਜਿੱਤਿਆ ਸੀ। ਪੈਰਾਲੰਪਿਕ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਵਿਚ ਦੇਸ਼ ਦੀ ਪਹਿਲੀ ਸੋਨ ਤਮਗਾ ਜੇਤੂ 22 ਸਾਲਾ ਇਹ ਨਿਸ਼ਾਨੇਬਾਜ਼ ਹੁਣ ਪੈਰਿਸ ਖੇਡਾਂ ਵਿਚ ਆਪਣੇ ਕਾਰਨਾਮਿਆਂ ਨੂੰ ਦੁਹਰਾਉਣ ਲਈ ਤਿਆਰ ਹੈ। ਉਸ ਨੇ ਕਾਰ ਹਾਦਸੇ ਦੇ ਸਦਮੇ ਤੋਂ ਉੱਭਰਨ ਵਿਚ ਮਦਦ ਲਈ ਆਪਣੇ ਪਰਿਵਾਰ ਦਾ ਧੰਨਵਾਦ ਕੀਤਾ।
ਅਵਨੀ ਆਪਣੇ ਪਰਿਵਾਰ ਦੇ ਕਹਿਣ ’ਤੇ ਖੇਡਾਂ ਨਾਲ ਜੁੜੀ ਤੇ ਨਿਸ਼ਾਨੇਬਾਜ਼ੀ ਨੇ ਉਸ ਨੂੰ ਹਾਦਸੇ ਤੋਂ ਮਿਲੇ ਜ਼ਖ਼ਮਾਂ ਤੋਂ ਉੱਭਰਨ ਵਿਚ ਮਦਦ ਕੀਤੀ। ਅਵਨੀ ਨੇ ਤੀਰਅੰਦਾਜ਼ੀ ਵਿਚ ਆਪਣਾ ਹੱਥ ਅਜਮਾਉਣ ਤੋਂ ਬਾਅਦ 2015 ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜੈਪੁਰ ਦੇ ਕੇਂਦਰੀ ਵਿਦਿਆਲਿਆ ਨੰਬਰ-3 ਵਿਚ ਨਿਸ਼ਾਨੇਬਾਜ਼ੀ ਦਾ ਅਭਿਆਸ ਸ਼ੁਰੂ ਕੀਤਾ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਅਵਨੀ ਨੇ ਕਿਹਾ,‘‘ਹਾਦਸੇ ਤੋਂ ਪਹਿਲਾਂ ਮੈਂ ਕਿਸੇ ਵੀ ਖੇਡ ਵਿਚ ਨਹੀਂ ਸੀ ਤੇ ਉਸ ਤੋਂ ਬਾਅਦ ਵੀ ਮੈਂ ਕਿਸੇ ਵੀ ਖੇਡ ਨਾਲ ਜੁੜਨ ਦੇ ਬਾਰੇ ਵਿਚ ਬਿਲਕੁਲ ਨਹੀਂ ਸੋਚਿਆ ਸੀ ਪਰ ਮੇਰੇ ਮਾਤਾ-ਪਿਤਾ ਹਮੇਸ਼ਾ ਸੋਚਦੇ ਸਨ ਕਿ ਮੈਨੂੰ ਪੜ੍ਹਾਈ ਤੋਂ ਇਲਾਵਾ ਕੁਝ ਹੋਰ ਵੀ ਕਰਨਾ ਚਾਹੀਦਾ ਹੈ। ਹਾਦਸੇ ਦੇ ਦੋ ਸਾਲ ਬਾਅਦ ਮੈਂ ਆਪਣੇ ਸਕੂਲ ਕੇਂਦਰੀ ਵਿਦਿਆਲਿਆ ਨੰਬਰ-3 ਵਾਪਸ ਗਈ ਸੀ। ਉਸ ਨੇ ਕਿਹਾ,‘‘ਉਸਦੇ ਕੋਲ ਖੇਤਰੀ ਖੇਡ ਤੇ ਰਾਸ਼ਟਰੀ ਖੇਡ ਦਾ ਬਦਲ ਸੀ, ਇਸ ਲਈ ਮੇਰੇ ਮਾਤਾ-ਪਿਤਾ ਨੇ ਵੀ ਮੈਨੂੰ ਕਿਸੇ ਖੇਡ ਨਾਲ ਜੋੜਨ ਦੇ ਬਾਰੇ ਵਿਚ ਸੋਚਿਆ ਤੇ ਫਿਰ ਮੈਂ 2015 ਵਿਚ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉੱਥੇ ਤੀਰਅੰਦਾਜ਼ੀ ਤੇ ਨਿਸ਼ਾਨੇਬਾਜ਼ੀ ਵਿਚ ਹੱਥ ਅਜਮਾਇਆ।’’
ਉਸ ਨੇ ਕਿਹਾ,‘‘ਮੈਨੂੰ ਨਿਸ਼ਾਨੇਬਾਜ਼ੀ ਕਰਨਾ ਜ਼ਿਆਦਾ ਪਸੰਦ ਆਇਆ ਕਿਉਂਕਿ ਇਹ ਇਕ ਇਨਡੋਰ ਗੇਮ ਹੈ, ‘ਮੈਂ ਸੋਚਿਆ, ਠੀਕ ਹੈ, ਚਲੋ ਸ਼ੁਰੂ ਕਰੀਏ’। ਫਿਰ ਮੈਂ ਮੁਕਾਬਲੇਬਾਜ਼ੀ ਕਰਨੀ ਸ਼ੁਰੂ ਕੀਤੀ, ਇਸ ਨੂੰ ਹੋਰ ਵਧੇਰੇ ਪਸੰਦ ਕਰਨ ਲੱਗੀ। ਉਸ ਤੋਂ ਬਾਅਦ ਚੀਜ਼ਾਂ ਅੱਗੇ ਵਧਦੀਆਂ ਗਈਆਂ।’’
ਰਾਜਸਥਾਨ ਸਰਕਾਰ ਵਿਚ ਸਹਾਇਕ ਜੰਗਲਾਤ ਕੰਜ਼ਰਵੇਟਰ ਦੇ ਤੌਰ ’ਤੇ ਕੰਮ ਕਰਨ ਵਾਲੀ ਅਵਨੀ 10 ਮੀਟਰ ਏਅਰ ਰਾਈਫਲ ਦੇ ਐੱਸ. ਐੱਸ. 1 ਵਰਗ ਵਿਚ ਵਿਸ਼ਵ ਰੈਂਕਿੰਗ ਵਿਚ ਚੋਟੀ ’ਤੇ ਰਹਿ ਚੁੱਕੀ ਹੈ। ਅਵਨੀ ਨੂੰ ਟੋਕੀਓ ਦੀ ਸਫਲਤਾ ਤੋਂ ਕਾਫੀ ਉਮੀਦਾਂ ਮਿਲੀਆਂ ਤੇ ਹੁਣ ਉਸਦੇ ਕੋਲ ਰਾਈਫਲਾਂ ਦਾ ਇਕ ਨਵਾਂ ਸੈੱਟ ਹੈ। ਉਹ ਪੈਰਿਸ ਲਈ ਆਪਣੀ ਤਕਨੀਕ ਵਿਚ ਜ਼ਿਆਦਾ ‘ਪਰਿਪੱਕ’ ਮਹਿਸੂਸ ਕਰਦੀ ਹੈ। ਉਸ ਨੇ ਕਿਹਾ ਕਿ ਟੋਕੀਓ ਦੀ ਸਫਲਤਾ ਤੇ ਉਮੀਦਾਂ ਦੇ ਦਬਾਅ ਨੇ ਉਸ ਨੂੰ ਹੋਰ ਬਿਹਤਰ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਅਵਨੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੈਂ ਪੂਰੇ ਸਮੇਂ ਬਹੁਤ ਹਾਂ-ਪੱਖੀ ਮਾਹੌਲ ਵਿਚ ਰਹੀ ਹਾਂ। ਮੈਂ ਨਤੀਜੇ ਦੀ ਬਜਾਏ ਸਿਰਫ ਪ੍ਰਕਿਰਿਆ ’ਤੇ ਧਿਆਨ ਕੇਂਦ੍ਰਿਤ ਕਰਦੀ ਹੈ, ਮੈਂ ਆਪਣੀ ਤਕਨੀਕ ਵਿਚ ਵੀ ਜ਼ਿਆਦਾ ਪਰਿਪੱਕ ਹਾਂ।’’ ਉਸ ਨੇ ਕਿਹਾ,‘‘ਜਦੋਂ ਮੈਂ ਨਿਸ਼ਾਨੇਬਾਜ਼ੀ ਕੰਪਲੈਸਕ ਵਿਚ ਜਾਂਦੀ ਹਾਂ ਤਾਂ ਆਪਣੀਆਂ ਭਾਵਨਾਵਾਂ ਨੂੰ ਪਿੱਛੇ ਛੱਡ ਦਿੰਦੀ ਹਾਂ। ਮੈਂ ਉੱਥੇ ਕਿਸੇ ਹੋਰ ਚੀਜ਼ ਦੇ ਬਾਰੇ ਵਿਚ ਸੋਚਣ ਦੀ ਜਗ੍ਹਾ ਆਪਣੀ ਪ੍ਰਕਿਰਿਆ ’ਤੇ ਧਿਆਨ ਕੇਂਦ੍ਰਿਤ ਕਰਦੀ ਹਾਂ।’’
ਅਵਨੀ ਲਈ ਵਿਸ਼ਵ ਕੱਪ, ਪੈਰਾਲੰਪਿਕ ਜਾਂ ਕੋਈ ਹੋਰ ਪ੍ਰਤੀਯੋਗਿਤਾ ਉਸਦੀ ਟ੍ਰੇਨਿੰਗ ਤੇ ਤਿਆਰੀਆਂ ਦਾ ਵਿਸਥਾਰ ਹੈ। ਅਵਨੀ ਨੇ ਕਿਹਾ,‘‘ਮੈਂ ਪ੍ਰਤੀਯੋਗਿਤਾ ਦੌਰਾਨ ਚੀਜ਼ਾਂ ਨੂੰ ਅਭਿਆਸ ਦੀ ਤਰ੍ਹਾਂ ਹੀ ਰੱਖਣਾ ਪਸੰਦ ਕਰਦੀ ਹਾਂ। ਜੇਕਰ ਕਿਸੇ ਮੈਚ ਵਿਚ ਕੁਝ ਹੁੰਦਾ ਹੈ ਤਾਂ ਮੈਂ ਟ੍ਰੇਨਿੰਗ ਦੌਰਾਨ ਇਸ ਨੂੰ ਅਜਮਾਉਂਦੀ ਹਾਂ ਤਾਂ ਕਿ ਜਦੋਂ ਮੈਂ ਕਿਸੇ ਪ੍ਰਤੀਯੋਗਿਤਾ ਵਿਚ ਜਾਵਾਂ ਤਾਂ ਮੈਨੂੰ ਕੁਝ ਨਵਾਂ ਮਹਿਸੂਸ ਨਾ ਹੋਵੇ। ਮੈਂ ਉਨ੍ਹਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਜਿਹੜਾ ਮੈਂ ਕਰ ਸਕਦੀ ਹਾਂ।’’ ਅਵਨੀ ਨੇ ਆਪਣੀ ਸਫਲਤਾ ਦਾ ਸਿਹਰਾ ਕੋਚ ਚੰਦਰ ਸ਼ੇਖਰ ਨੂੰ ਵੀ ਦਿੱਤਾ। ਉਸ ਨੇ ਕਿਹਾ,‘‘ਉਹ ਅਸਲੀਅਤ ਵਿਚ ਮੇਰੀ ਯਾਤਰਾ ਦਾ ਇਕ ਪ੍ਰਮੁੱਖ ਹਿੱਸਾ ਰਿਹਾ ਹੈ, ਖਾਸ ਤੌਰ ’ਤੇ ਕੋਵਿਡ-19 ਮਹਾਮਾਰੀ ਦੇ ਦਿਨਾਂ ਵਿਚ ਵੀ ਉਹ ਮੈਨੂੰ ਟ੍ਰੇਂਡ ਕਰਦੇ ਸਨ। ਜਦੋਂ ਵੀ ਮੈਂ ਕੋਈ ਗਲਤੀ ਕਰਦੀ ਹਾਂ ਤਾਂ ਮੈਨੂੰ ਉਨ੍ਹਾਂ ’ਤੇ ਧਿਆਨ ਕੇਂਦ੍ਰਿਤ ਕਰਨ ਵਿਚ ਮਦਦ ਕਰਦੇ ਹਨ।’’
ਜੇਕਰ ਜੈ ਸ਼ਾਹ ICC ਚੇਅਰਮੈਨ ਬਣਿਆ ਤਾਂ BCCI ਸਕੱਤਰ ਅਹੁਦੇ ਲਈ ਕੋਈ ਸਪੱਸ਼ਟ ਦਾਅਵੇਦਾਰ ਨਹੀਂ
NEXT STORY