ਮੋਹਾਲੀ, (ਲਲਨ)- ਏਸ਼ੀਆ ਕੱਪ 2022 'ਚ ਪਾਕਿਸਤਾਨ ਦੇ ਖ਼ਿਲਾਫ਼ ਮਹੱਤਵਪੂਰਨ ਮੈਚ 'ਚ ਸੁਰਖੀਆਂ 'ਚ ਆਏ ਅਰਸ਼ਦੀਪ ਸਿੰਘ ਤੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਬੇਹੱਦ ਪ੍ਰਭਾਵਿਤ ਹਨ। ਅਰਸ਼ਦੀਪ ਨੇ ਪਾਕਿਸਤਾਨ ਦੇ ਖ਼ਿਲਾਫ਼ ਕੈਚ ਛੱਡਣ ਦੇ ਬਾਅਦ ਆਖ਼ਰੀ ਓਵਰ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ ਹਾਲਾਂਕਿ ਉਕਤ ਏਸ਼ੀਆ ਕੱਪ ਸੁਪਰ-4 ਦਾ ਮੈਚ ਭਾਰਤ ਜਿੱਤ ਨਹੀਂ ਸਕਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਕ੍ਰਿਕਟ ਜਗਤ ਨੇ ਉਨ੍ਹਾਂ ਦਾ ਸਾਥ ਦਿੱਤਾ ਤੇ ਅਜਿਹੀਆਂ ਗ਼ਲਤੀਆਂ ਨੂੰ ਸੁਭਾਵਿਕ ਦੱਸਿਆ ਸੀ। ਭਾਰਤ ਤੇ ਆਸਟ੍ਰੇਲੀਆ ਦਰਮਿਆਨ ਮੰਗਲਵਾਰ ਨੂੰ 20 ਸਤੰਬਰ ਤੋਂ ਤਿੰਨ ਮੈਚਾਂ ਦੀ ਟੀ20 ਸੀਰੀਜ਼ ਖੇਡੀ ਜਾਵੇਗੀ।
ਇੰਡੀਆ-ਆਸਟ੍ਰੇਲੀਆ ਟੀ-20 ਕ੍ਰਿਕਟ ਮੈਚ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ 'ਚ ਮੀਡੀਆ ਨੂੰ ਕਿਹਾ ਕਿ ਮੈਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੋਂ ਬਹੁਤ ਪ੍ਰਭਾਵਿਤ ਹਾਂ। ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਡੈਬਿਊ ਕੀਤੇ ਹੋਏ ਸਿਰਫ਼ ਇੱਕ ਸਾਲ ਹੀ ਹੋਇਆ ਹੈ, ਪਰ ਇਸ ਦੇ ਬਾਵਜੂਦ ਉਸ ਨੇ ਆਪਣੀ ਖੇਡ ਨਾਲ ਟੀਮ ਵਿੱਚ ਇੱਕ ਖਾਸ ਥਾਂ ਬਣਾਈ ਹੈ। ਰੋਹਿਤ ਨੇ ਕਿਹਾ ਕਿ ਟੀਮ ਇੰਡੀਆ ਨੂੰ ਲੰਬੇ ਸਮੇਂ ਤੋਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦੀ ਭਾਲ ਸੀ, ਅਰਸ਼ਦੀਪ ਨੇ IPL 'ਚ ਖੁਦ ਨੂੰ ਸਾਬਤ ਕੀਤਾ ਅਤੇ ਇਸ ਘਾਟ ਨੂੰ ਪੂਰਾ ਕੀਤਾ। ਅਸੀਂ ਏਸ਼ੀਆ ਕੱਪ 'ਚ ਬਹੁਤ ਵਧੀਆ ਖੇਡਿਆ, ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਖਿਲਾਫ ਦੋਵੇਂ ਮੈਚ ਬਹੁਤ ਨਜ਼ਦੀਕੀ ਸਨ। ਕਈ ਵਾਰ ਚੰਗੀ ਖੇਡ ਦੇ ਨਾਲ ਕਿਸਮਤ ਦਾ ਸਾਥ ਹੋਣਾ ਵੀ ਜ਼ਰੂਰੀ ਹੁੰਦਾ ਹੈ। ਚੰਗੀ ਕਿਸਮਤ ਵਿੱਚ ਤੁਹਾਡਾ ਟਾਸ ਜਿੱਤਣਾ, ਮੈਚ ਦੌਰਾਨ ਰਨ ਆਊਟ ਕਰਨਾ, ਕੁਝ ਸ਼ਾਨਦਾਰ ਕੈਚ ਲੈਣਾ ਸ਼ਾਮਲ ਹੈ। ਟੀਮ ਹਰ ਟੂਰਨਾਮੈਂਟ ਜਿੱਤੇ ਅਜਿਹਾ ਨਹੀਂ ਹੁੰਦਾ। ਕਈ ਵਾਰ ਤੁਸੀਂ ਚੰਗੀ ਖੇਡ ਦਾ ਸਿਹਰਾ ਵਿਰੋਧੀ ਟੀਮ ਨੂੰ ਵੀ ਦੇ ਸਕਦੇ ਹੋ।
ਇਹ ਵੀ ਪੜ੍ਹੋ : IND vs AUS: ਸਾਢੇ ਤਿੰਨ ਸਾਲ ਬਾਅਦ ਉਮੇਸ਼ ਯਾਦਵ ਦੀ ਵਾਪਸੀ, ਸ਼ੰਮੀ ਦੀ ਜਗ੍ਹਾ ਮਿਲਿਆ ਮੌਕਾ
ਰੋਹਿਤ ਸ਼ਰਮਾ ਨੇ ਕਿਹਾ ਕਿ ਵਿਰਾਟ ਬਹੁਤ ਵੱਡਾ ਖਿਡਾਰੀ ਹੈ, ਮੈਨੂੰ ਉਸ ਦੀ ਖੇਡ 'ਤੇ ਕਦੇ ਸ਼ੱਕ ਨਹੀਂ ਹੋਇਆ। ਭਾਵੇਂ ਉਹ ਪਿਛਲੇ ਤਿੰਨ ਸਾਲਾਂ ਤੋਂ ਸੈਂਕੜਾ ਨਹੀਂ ਲਗਾ ਸਕਿਆ ਸੀ ਪਰ ਇਸ ਦੌਰਾਨ ਉਸ ਨੇ ਟੀਮ ਲਈ ਕਈ ਉਪਯੋਗੀ ਪਾਰੀਆਂ ਖੇਡੀਆਂ ਹਨ। ਇਸ ਦੇ ਨਾਲ ਹੀ ਰੋਹਿਤ ਨੇ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਵਿਰਾਟ ਟੀਮ 'ਚ ਤੀਜੇ ਓਪਨਰ ਦੇ ਤੌਰ 'ਤੇ ਬਦਲ ਦੇ ਰੂਪ 'ਚ ਮੌਜੂਦ ਹਨ ਪਰ ਕੇ. ਐੱਲ. ਰਾਹੁਲ ਵਿਸ਼ਵ ਕੱਪ 'ਚ ਟੀਮ ਦੇ ਓਪਨਰ ਹੋਣਗੇ। ਕੇ. ਐੱਲ. ਰਾਹੁਲ ਦੇ ਤਿੰਨ ਸਾਲਾਂ ਦੇ ਰਿਕਾਰਡ ਨੂੰ ਦੇਖੀਏ ਤਾਂ ਉਹ ਕਾਫੀ ਬਿਹਤਰ ਹੈ। ਤੁਸੀਂ ਕੁਝ ਪਾਰੀਆਂ ਤੋਂ ਕਿਸੇ ਖਿਡਾਰੀ ਦੀ ਖੇਡ ਦਾ ਨਿਰਣਾ ਕਰ ਸਕਦੇ ।
ਰੋਹਿਤ ਸ਼ਰਮਾ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਦੁਨੀਆ ਦੀਆਂ ਦੋ ਸਭ ਤੋਂ ਮਜ਼ਬੂਤ ਟੀਮਾਂ ਖਿਲਾਫ ਛੇ ਮੈਚ ਖੇਡੇਗੀ। ਇਸ ਨਾਲ ਸਾਨੂੰ ਖਿਡਾਰੀ ਦੇ ਪ੍ਰਦਰਸ਼ਨ ਬਾਰੇ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਟੀਮ ਇੰਡੀਆ ਕੋਲ ਬੁਮਰਾਹ, ਅਰਸ਼ਦੀਪ, ਹਾਰਦਿਕ, ਹਰਸ਼ਲ ਪਟੇਲ ਅਤੇ ਭੁਵਨੇਸ਼ਵਰ ਕੁਮਾਰ ਵਰਗੇ ਤੇਜ਼ ਗੇਂਦਬਾਜ਼ਾਂ ਦੇ ਨਾਲ ਬਿਹਤਰ ਗੇਂਦਬਾਜ਼ੀ ਵਿਕਲਪ ਹਨ। ਜਦਕਿ ਚਹਿਲ ਅਤੇ ਅਕਸ਼ਰ ਪਟੇਲ ਸਪਿਨਰਾਂ 'ਚ ਬਿਹਤਰੀਨ ਗੇਂਦਬਾਜ਼ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs AUS: ਸਾਢੇ ਤਿੰਨ ਸਾਲ ਬਾਅਦ ਉਮੇਸ਼ ਯਾਦਵ ਦੀ ਵਾਪਸੀ, ਸ਼ੰਮੀ ਦੀ ਜਗ੍ਹਾ ਮਿਲਿਆ ਮੌਕਾ
NEXT STORY