ਸਪੋਰਟਸ ਡੈਸਕ- ਬਾਰਬਾਡੋਸ ਦੇ ਕੈਨਿੰਗਸਟਨ ਓਵਲ ਸਟੇਡੀਅਮ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੁਕਾਬਲੇ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ। ਇਸ ਮੁਕਾਬਲੇ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਤੇ ਅਕਸ਼ਰ ਪਟੇਲ ਦੀਆਂ ਤਾਬੜਤੋੜ ਪਾਰੀਆਂ ਦੀ ਬਦੌਲਤ 176 ਦੌੜਾਂ ਬਣਾਈਆਂ ਸਨ।

ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਜਸਪ੍ਰੀਤ ਬੁਮਰਾਹ ਨੇ ਦਿੱਤਾ, ਜਿਸ ਨੇ ਰੀਜ਼ਾ ਹੈਂਡ੍ਰਿਕਸ ਨੂੰ 4 ਦੌੜਾ ਦੇ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ। ਉਸ ਤੋਂ ਬਾਅਦ ਕਪਤਾਨ ਐਡਨ ਮਾਰਕ੍ਰਮ ਵੀ 4 ਦੌੜਾਂ ਬਣਾ ਅਰਸ਼ਦੀਪ ਦਾ ਸ਼ਿਕਾਰ ਬਣੇ।

ਇਸ ਤੋਂ ਬਾਅਦ ਖ਼ਤਰਨਾਕ ਦਿਖ ਰਹੇ ਟ੍ਰਿਸਟਨ ਸਟੱਬਸ ਨੂੰ ਅਕਸ਼ਰ ਪਟੇਲ ਨੇ ਕਲੀਨ ਬੋਲਡ ਕਰ ਦਿੱਤਾ। ਉਸ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਦੱਖਣੀ ਅਫਰੀਕਾ ਨੂੰ ਸਭ ਤੋਂ ਵੱਡਾ ਝਟਕਾ ਅਰਸ਼ਦੀਪ ਨੇ ਦਿੱਤਾ, ਜਿਸ ਨੇ ਕੁਇੰਟਨ ਡੀ ਕੌਕ ਨੂੰ ਆਊਟ ਕਰ ਕੇ ਭਾਰਤ ਦੀ ਮੈਚ 'ਚ ਵਾਪਸੀ ਕਰਵਾਈ। ਉਸ ਨੇ 31 ਗੇਂਦਾਂ 'ਚ 4 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 39 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਆਏ ਹੈਨਰਿਕ ਕਲਾਸੇਨ ਨੇ ਤਾਬੜਤੋੜ ਪਾਰੀ ਖੇਡਣੀ ਸ਼ੁਰੂ ਕੀਤੀ ਤੇ ਮੈਦਾਨ ਦੇ ਚਾਰੇ ਪਾਸੇ ਚੌਕੇ ਛੱਕੇ ਲਗਾਏ। ਉਸ ਨੇ ਅਕਸ਼ਰ ਦੇ ਇਕ ਓਵਰ 'ਚ 23 ਦੌੜਾਂ ਜੋੜ ਕੇ ਮੈਚ ਦਾ ਪਾਸਾ ਪਲਟ ਦਿੱਤਾ। ਪਰ ਹਾਰਦਿਕ ਪੰਡਯਾ ਨੇ ਹੈਨਰਿਕ ਕਲਾਸੇਨ ਨੂੰ 52 ਦੌੜਾਂ ਦੇ ਸਕੋਰ 'ਤੇ ਆਊਟ ਕਰ ਕੇ ਭਾਰਤ ਦੀ ਮੈਚ 'ਚ ਵਾਪਸੀ ਕਰਵਾਈ।

ਇਸ ਤੋਂ ਬਾਅਦ ਮਿਲਰ ਨੂੰ ਆਖ਼ਰੀ ਓਵਰ 'ਚ ਹਾਰਦਿਕ ਪੰਡਯਾ ਨੇ ਸੂਰਿਆਕੁਮਾਰ ਹੱਥੋਂ ਬਾਊਂਡਰੀ 'ਤੇ ਕੈਚ ਆਊਟ ਕਰਵਾ ਦਿੱਤਾ। ਬਾਅਦ 'ਚ ਅਫਰੀਕੀ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕੇ ਤੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 169 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 7 ਦੌੜਾਂ ਨਾਲ ਜਿੱਤ ਕੇ ਟ੍ਰਾਫ਼ੀ 'ਤੇ ਕਬਜ਼ਾ ਕਰ ਲਿਆ ਹੈ।

ਇਸ ਮੁਕਾਬਲੇ 'ਚ ਵਿਰਾਟ ਕੋਹਲੀ ਨੇ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਤੇ 59 ਗੇਂਦਾਂ 'ਚ 76 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਇਸ ਪ੍ਰਦਰਸ਼ਨ ਕਾਰਨ ਉਸ ਨੂੰ ਫਾਈਨਲ ਮੁਕਾਬਲੇ 'ਚ 'ਪਲੇਅਰ ਆਫ਼ ਦਿ ਮੈਚ' ਚੁਣਿਆ ਗਿਆ।

ਇਸ ਤੋਂ ਬਾਅਦ ਇਸ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਟੀਮ ਇੰਡੀਆ ਨੂੰ ਫਾਈਨਲ 'ਚ ਪਹੁੰਚਾਉਣ ਅਤੇ ਵਿਸ਼ਵ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 'ਪਲੇਅਰ ਆਫ਼ ਦਿ ਟੂਰਨਾਮੈਂਟ' ਐਲਾਨਿਆ ਗਿਆ। ਬੁਮਰਾਹ ਨੇ ਇਸ ਵਿਸ਼ਵ ਕੱਪ ਦੌਰਾਨ 8 ਮੈਚਾਂ 'ਚ 4.17 ਦੀ ਇਕਾਨਮੀ ਰੇਟ ਨਾਲ 15 ਵਿਕਟਾਂ ਲਈਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਰਸਟੈਪੇਨ ਨੇ ਆਸਟ੍ਰੀਆ ਗ੍ਰਾਂ ਪ੍ਰੀ 'ਚ ਸੀਜ਼ਨ ਦੀ ਤੀਜੀ ਸਪ੍ਰਿੰਟ ਰੇਸ ਜਿੱਤੀ
NEXT STORY