ਚੇਨਈ – ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੀ20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਚੇਨਈ ਦੇ ਐੱਮਏ ਚਿਦਾਂਬਰਮ ਸਟੇਡੀਅਮ 'ਚ ਖੇਡਿਆ ਜਾਵੇਗਾ। ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਫਿਟਨੈੱਸ ਨੂੰ ਲੈ ਕੇ ਚੱਲ ਰਹੀਆਂ ਚਿੰਤਾਵਾਂ ਵਿਚਾਲੇ ਭਾਰਤੀ ਟੀਮ ਇੰਗਲੈਂਡ ਖਿਲਾਫ ਪਹਿਲੇ ਮੈਚ ਦਾ ਪ੍ਰਦਰਸ਼ਨ ਦੋਹਰਾ ਕੇ ਜੇਤੂ ਮੁਹਿੰਮ ਜਾਰੀ ਰੱਖਣ ਦੇ ਟੀਚੇ ਨਾਲ ਮੈਦਾਨ ’ਤੇ ਉਤਰੇਗੀ।
ਭਾਰਤ ਨੇ ਬੁੱਧਵਾਰ ਨੂੰ ਕੋਲਕਾਤਾ ਵਿਚ ਪਹਿਲਾ ਮੈਚ 7 ਵਿਕਟਾਂ ਨਾਲ ਜਿੱਤ ਕੇ 5 ਮੈਚਾਂ ਦੀ ਸੀਰੀਜ਼ ਵਿਚ ਸ਼ੁਰੂਆਤੀ ਬੜ੍ਹਤ ਹਾਸਲ ਕੀਤੀ ਸੀ। ਭਾਰਤੀ ਟੀਮ ਨਿਸ਼ਚਿਤ ਤੌਰ ’ਤੇ ਸ਼ੰਮੀ ਨੂੰ ਮੈਦਾਨ ’ਤੇ ਉਤਾਰਨਾ ਚਾਹੇਗੀ ਪਰ ਇਹ ਸਭ ਕੁਝ ਉਸਦੀ ਫਿਟਨੈੱਸ ’ਤੇ ਨਿਰਭਰ ਕਰੇਗਾ। ਭਾਰਤ ਨੂੰ ਹਾਲਾਂਕਿ ਪਹਿਲੇ ਮੈਚ ਵਿਚ ਇਸ 34 ਸਾਲਾ ਤੇਜ਼ ਗੇਂਦਬਾਜ਼ ਦੀ ਕਮੀ ਮਹਿਸੂਸ ਨਹੀਂ ਹੋਈ। ਇਸ ਮੈਚ ਵਿਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੇ ਸਪਿੰਨਰ ਵਰੁਣ ਚੱਕਰਵਰਤੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ : ਵਾਹ ਜੀ ਵਾਹ! Team INDIA ਨੇ 2.5 ਓਵਰਾਂ 'ਚ ਹੀ ਜਿੱਤ ਲਿਆ ਮੈਚ
ਈਡਨ ਗਾਰਡਨ ਦੀ ਪਿੱਚ ਤੋਂ ਤੇਜ਼ ਤੇ ਸਪਿੰਨ ਗੇਂਦਬਾਜ਼ਾਂ ਨੂੰ ਲੋੜੀਂਦੀ ਮਦਦ ਮਿਲ ਰਹੀ ਸੀ ਪਰ ਇੱਥੇ ਚੇਪਕ ਸਟੇਡੀਅਮ ਦੀ ਪਿੱਚ ਤੋਂ ਸਪਿੰਨਰਾਂ ਨੂੰ ਹੋਰ ਵੱਧ ਮਦਦ ਮਿਲਣ ਦੀ ਸੰਭਾਵਨਾ ਹੈ। ਅਜਿਹੇ ਹਾਲਾਤ ਵਿਚ ਵਰੁਣ, ਉਪ ਕਪਤਾਨ ਅਕਸ਼ਰ ਪਟੇਲ ਤੇ ਰਵੀ ਬਿਸ਼ਨੋਈ ਦਾ ਆਖਰੀ-11 ਵਿਚ ਬਣੇ ਰਹਿਣਾ ਤੈਅ ਹੈ। ਇੰਗਲੈਂਡ ਵੱਲੋਂ ਤਜਰਬੇਕਾਰ ਸਪਿੰਨਰ ਆਦਿਲ ਰਾਸ਼ਿਦ ਤੇ ਲਿਆਮ ਲਿਵਿੰਗਸਟੋਨ ਭਾਰਤੀ ਬੱਲੇਬਾਜ਼ਾਂ ਦੇ ਸਾਹਮਣੇ ਚੁਣੌਤੀ ਪੇਸ਼ ਕਰਨਗੇ।
ਜਿੱਥੋਂ ਤੱਕ ਉਸਦੇ ਤੇਜ਼ ਗੇਂਦਬਾਜ਼ਾਂ ਦਾ ਸਵਾਲ ਹੈ ਤਾਂ ਪਹਿਲੇ ਮੈਚ ਵਿਚ ਅਭਿਸ਼ੇਕ ਸ਼ਰਮਾ ਤੇ ਸੰਜੂ ਸੈਮਸਨ ਦੇ ਸਾਹਮਣੇ ਜੋਫਰਾ ਆਰਚਰ ਨੂੰ ਛੱਡ ਕੇ ਉਸਦਾ ਕੋਈ ਵੀ ਗੇਂਦਬਾਜ਼ ਨਹੀਂ ਚੱਲ ਸਕਿਆ ਸੀ। ਅਭਿਸ਼ੇਕ ਤੇ ਸੈਮਸਨ ਨੇ ਪਹਿਲੇ ਮੈਚ ਵਿਚ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ ਸੀ ਤੇ ਇਹ ਦੋਵੇਂ ਇਕ ਵਾਰ ਫਿਰ ਤੋਂ ਉਸ ਨੂੰ ਦੁਹਰਾਉਣਾ ਚਾਹੁਣਗੇ।
ਪਿਛਲੇ 6 ਮੈਚਾਂ ਵਿਚ 3 ਸੈਂਕੜੇ ਬਣਾਉਣ ਵਾਲਾ ਸੈਮਸਨ ਲੰਬੀ ਪਾਰੀ ਨਹੀਂ ਖੇਡ ਸਕਿਆ ਸੀ ਪਰ ਅਭਿਸ਼ੇਕ ਨੇ 34 ਗੇਂਦਾਂ ’ਚ 79 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਸੈਮਸਨ ਇੱਥੇ ਪਹਿਲੇ ਮੈਚ ਦੀ ਭਰਪਾਈ ਕਰਨਾ ਚਾਹੇਗਾ। ਅਭਿਸ਼ੇਕ ਤੇ ਸੈਮਸਨ ਦੀ ਸਲਾਮੀ ਜੋੜੀ ਨੂੰ ਜੇਕਰ ਅਗਲੇ ਸਾਲ ਭਾਰਤ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣਾ ਦਾਅਵਾ ਮਜ਼ਬੂਤ ਰੱਖਣਾ ਹੈ ਤਾਂ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਲਿਆਉਣੀ ਪਵੇਗੀ।
ਇੰਗਲੈਂਡ ਵੀ ਆਪਣੇ ਸਲਾਮੀ ਬੱਲੇਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰੇਗਾ। ਪਹਿਲੇ ਮੈਚ ਵਿਚ ਫਿਲ ਸਾਲਟ ਤੇ ਬੇਨ ਡਕੇਟ ਦੋਵਾਂ ਨੇ ਮਿਲ ਕੇ ਕੁੱਲ 7 ਗੇਂਦਾਂ ਦਾ ਸਾਹਮਣਾ ਕਰਕੇ 4 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ
ਭਾਰਤ ਨੂੰ ਕਪਤਾਨ ਸੂਰਯਕੁਮਾਰ ਯਾਦਵ ਤੋਂ ਵੀ ਵੱਡੀ ਪਾਰੀ ਦੀ ਉਮੀਦ ਹੋਵੇਗੀ ਜਿਹੜਾ ਪਿਛਲੇ ਮੈਚ ਵਿਚ ਜਲਦੀ ਆਊਟ ਹੋ ਗਿਆ ਸੀ। ਅਸਲ ਵਿਚ ਸੂਰਯਕੁਮਾਰ ਪਿਛਲੇ ਸਾਲ ਟੀ-20 ਵਿਸ਼ਵ ਕੱਪ ਤੋਂ ਬਾਅਦ 11 ਪਾਰੀਆਂ ਵਿਚ ਸਿਰਫ 2 ਅਰਧ ਸੈਂਕੜੇ ਲਾ ਸਕਿਆ ਹੈ।
ਭਾਰਤ ਦੇ ਆਪਣੀ ਆਖਰੀ-11 ਵਿਚ ਖਾਸ ਬਦਲਾਅ ਕਰਨ ਦੀ ਸੰਭਾਵਨਾ ਨਹੀਂ ਹੈ। ਜੇਕਰ ਸ਼ੰਮੀ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਲਈ ਫਿੱਟ ਹੋ ਜਾਂਦਾ ਹੈ ਤਾਂ ਉਸ ਨੂੰ ਨਿਤਿਸ਼ ਕੁਮਾਰ ਰੈੱਡੀ ਦੀ ਜਗ੍ਹਾ ਟੀਮ ਵਿਚ ਲਿਆ ਜਾਵੇਗਾ। ਇੰਗਲੈਂਡ ਨੇ ਗਸ ਐਟਕਿੰਸਨ ਦੀ ਜਗ੍ਹਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬ੍ਰਾਇਡਨ ਕਾਰਸ ਨੂੰ ਸ਼ਾਮਲ ਕਰਕੇ ਟੀਮ ਵਿਚ ਇਕ ਵੱਡਾ ਬਦਲਾਅ ਕੀਤਾ ਹੈ। ਉਸ ਨੇ 12 ਖਿਡਾਰੀਆਂ ਦੀ ਟੀਮ ਵਿਚ ਇਕ ਹੋਰ ਵਿਕਟਕੀਪਰ ਜੇਮੀ ਸਮਿਥ ਨੂੰ ਵੀ ਸ਼ਾਮਲ ਕੀਤਾ ਹੈ।
ਟੀਮ ਇਸ ਤਰ੍ਹਾਂ ਹੈ-
ਭਾਰਤ : ਸੂਰਯਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਨਿਤਿਸ ਕੁਮਾਰ ਰੈੱਡੀ, ਅਕਸ਼ਰ ਪਟੇਲ (ਉਪ ਕਪਤਾਨ), ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਮੁਹੰਮਦ ਸ਼ੰਮੀ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਵਾਸ਼ਿੰਗਟਨ ਸੁੰਦਰ, ਧਰੁਵ ਜੁਰੇਲ (ਵਿਕਟਕੀਪਰ)।
ਇੰਗਲੈਂਡ : ਜੋਸ ਬਟਲਰ (ਕਪਤਾਨ), ਹੈਰੀ ਬਰੂਕ, ਬੇਨ ਡਕੇਟ, ਫਿਲ ਸਾਲਟ (ਵਿਕਟਕੀਪਰ), ਜੈਮੀ ਸਮਿਥ (ਵਿਕਟਕੀਪਰ), ਜੈਕਬ ਬੈਥੇਲ, ਬ੍ਰਾਇਡਨ ਕਾਰਸ, ਲਿਆਮ ਲਿਵਿੰਗਸਟੋਨ, ਜੇਮੀ ਓਵਰਟਨ, ਜੋਫ੍ਰਾ ਆਰਚਰ, ਆਦਿਲ ਰਾਸ਼ਿਦ, ਮਾਰਕ ਵੁਡ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs ENG: ਭਾਰਤੀ ਟੀਮ 'ਚ ਹੋ ਸਕਦੇ ਹਨ 2 ਬਦਲਾਅ, ਇਹ ਖਿਡਾਰੀ ਹੋਣਗੇ ਬਾਹਰ!
NEXT STORY