ਵੇਲਿੰਗਟਨ- ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲੇ ਟੈਸਟ ਮੈਚ 'ਚ ਸੋਮਵਾਰ ਨੂੰ ਇੱਥੇ ਚੌਥੇ ਦਿਨ ਹੀ ਦਸ ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਦੋ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾਈ। ਨਿਊਜ਼ੀਲੈਂਡ ਦੇ ਸਾਹਮਣੇ ਜਿੱਤ ਲਈ 9 ਦੌੜਾਂ ਦਾ ਟੀਚਾ ਸੀ ਜੋ ਉਸ ਨੇ 1.4 ਓਵਰਾਂ 'ਚ ਬਿਨਾਂ ਕਿਸੇ ਨੁਕਸਾਨ ਦੇ ਹਾਸਲ ਕਰ ਲਿਆ। ਭਾਰਤ ਨੇ ਮੈਚ ਦੇ ਚੌਥੇ ਸੋਮਵਾਰ ਸਵੇਰੇ ਆਪਣੀ ਦੂਜੀ ਪਾਰੀ ਚਾਰ ਵਿਕਟਾਂ 'ਤੇ 144 ਦੌੜਾਂ ਤੋਂ ਅੱਗੇ ਵਧਾਈ ਪਰ ਉਸਦੀ ਪੂਰੀ ਟੀਮ 191 ਦੌੜਾਂ 'ਤੇ ਆਊਟ ਹੋ ਗਈ। ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 165 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ 'ਚ ਨਿਊਜ਼ੀਲੈਂਡ ਨੇ 348 ਦੌੜਾਂ ਬਣਾ ਕੇ 183 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ।
ਨਿਊਜ਼ੀਲੈਂਡ ਕੋਲੋਂ ਮਿਲੀ 183 ਦੌੜਾਂ ਬੜ੍ਹਤ ਤੋਂ ਬਾਅਦ ਟੀਮ ਇੰਡੀਆ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਦੂਜੀ ਪਾਰੀ 'ਚ ਵੀ ਟੀਮ ਇੰਡੀਆ ਦੀ ਖਰਾਬ ਸ਼ੁਰੂਆਤ ਰਹੀ ਅਤੇ ਇਕ ਵਾਰ ਫਿਰ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਸਸਤੇ 'ਚ ਹੀ ਪਵੇਲੀਅਨ ਪਰਤ ਗਿਆ। ਦੂਜੀ ਪਾਰੀ 'ਚ ਸ਼ਾਹ ਨੇ 30 ਗੇਂਦਾਂ 'ਚ ਸਿਰਫ 14 ਦੌੜਾਂ ਬਣਾਇਆ ਅਤੇ ਬੋਲਟ ਦਾ ਸ਼ਿਕਾਰ ਬਣ ਗਿਆ। ਪ੍ਰਿਥਵੀ ਦੇ ਆਊਟ ਹੋਣ ਮਗਰੋਂ ਸਲਾਮੀ ਬੱਲੇਬਾਜ਼ ਮਯੰਕ ਅਤੇ ਪੁਜਾਰਾ ਨੇ ਸੰਭਲ ਕੇ ਖੇਡਦੇ ਹੋਏ ਪਾਰੀ ਨੂੰ ਅੱਗੇ ਵਧਾਇਆ। ਦੂਜੀ ਵਿਕਟ ਲਈ ਇਕ ਚੰਗੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਤੋਂ ਬਾਅਦ ਪੁਜਾਰਾ ਬੋਲਟ ਦੀ ਗੇਂਦ 'ਤੇ ਆਊਟ ਹੋ ਗਿਆ। ਪੁਜਾਰਾ ਨੇ ਦੂਜੀ ਪਾਰੀ 'ਚ 81 ਗੇਂਦਾਂ ਖੇਡੀਆਂ ਅਤੇ ਸਿਰਫ 11 ਦੌੜਾਂ ਹੀ ਬਣਾ ਸਕਿਆ। ਦੂਜੇ ਪਾਸੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਲਾਮੀ ਬੱਲੇਬਾਜ਼ ਮਯੰਕ ਨੂੰ ਸਾਊਥੀ ਨੇ ਆਊਟ ਕਰ ਭਾਰਤ ਨੂੰ ਵੱਡਾ ਝਟਕਾ ਦਿੱਤਾ। ਮਯੰਕ ਨੇ ਦੂਜੀ ਭਾਰਤੀ ਦੀ ਦੂਜੀ ਪਾਰੀ 'ਚ 99 ਗੇਂਦਾਂ 'ਚ 58 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕਪਤਾਨ ਕੋਹਲੀ ਵੀ ਇਕ ਵਾਰ ਫਿਰ ਆਪਣੇ ਖਰਾਬ ਪ੍ਰਦਰਸ਼ਨ ਕਾਰਨ ਸਭ ਨੂੰ ਨਰਾਜ਼ ਕੀਤਾ। ਕੋਹਲੀ ਦੂਜੀ ਪਾਰੀ 'ਚ ਵੀ ਕੁਝ ਖਾਸ ਕਮਾਲ ਨਾ ਦਿੱਖਾ ਸਕਿਆ ਅਤੇ 43 ਗੇਂਦਾਂ 'ਤੇ 19 ਦੌੜਾਂ ਬਣਾ ਕੇ ਬੋਲਟ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਨਿਊਜ਼ੀਲੈਂਡ ਦੀ ਟੀਮ ਨੇ 5 ਵਿਕਟਾਂ 'ਤੇ 216 ਦੌੜਾਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਪਹਿਲੀ ਹੀ ਗੇਂਦ 'ਤੇ ਜਸਪ੍ਰੀਤ ਬੁਮਰਾਹ ਨੇ ਵਾਟਲਿੰਗ ਨੂੰ ਆਊਟ ਕਰ ਭਾਰਤ ਨੂੰ ਸਫਲਤਾ ਦਿਵਾਈ। ਇਸ ਤੋਂ ਬਾਅਦ ਈਸ਼ਾਂਤ ਸ਼ਰਮਾ ਨੇ ਟਿਮ ਸਾਊਥੀ ਨੂੰ 6 ਦੌੜਾਂ 'ਤੇ ਹੀ ਆਊਟ ਕਰ ਪਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਕੀਵੀ ਟੀਮ ਦੇ ਗ੍ਰੈਂਡਹੋਮ ਅਤੇ ਜੈਮਿਸਨ ਨੇ ਆਪਣੀ ਸ਼ਾਨਦਾਰ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਦੋਵਾਂ ਬੱਲੇਬਾਜ਼ਾਂ ਨੇ 8ਵੀਂ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਇਸ ਦੌਰਾਨ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਜੈਮਿਸਨ 44 ਦੌੜਾਂ ਬਣਾ ਕੇ ਅਸ਼ਵਿਨ ਦੀ ਗੇਂਦ 'ਤੇ ਆਊਟ ਹੋ ਗਿਆ। ਦੂਜੇ ਪਾਸੇ ਗੈਂਡਹੋਮ ਵੀ ਆਪਣੇ ਅਰਧ ਸੈਂਕੜੇ ਤੋਂ ਪਹਿਲਾਂ ਅਸ਼ਵਿਨ ਦਾ ਸ਼ਿਕਾਰ ਬਣ ਅਤੇ 74 ਗੇਂਦਾਂ 'ਚ ਪੰਜ ਚੌਕਿਆ ਦੀ ਮਦਦ ਨਾਲ 43 ਦੌੜਾਂ ਬਣਾ ਆਊਟ ਹੋ ਗਿਆ। ਇਸ ਤੋਂ ਬਾਅਦ ਬੋਲਟ ਨੇ ਵੀ ਆਪਣੇ ਬੱਲੇ ਦਾ ਕਮਾਲ ਦਿਖਾਇਆ। ਬੋਲਟ ਨੇ 24 ਗੇਂਦਾਂ 'ਚ ਪੰਜ ਚੌਕੇ ਅਤੇ ਇਕ ਛੱਕਾ ਲਾ ਕੇ 34 ਦੌੜਾਂ ਦੀ ਅਹਿਮ ਪਾਰੀ ਖੇਡ ਈਸ਼ਾਂਤ ਦੀ ਗੇਂਦ 'ਤੇ ਆਊਟ ਹੋ ਗਿਆ। ਬੋਲਟ ਦੇ ਆਊਟ ਹੁੰਦੇ ਹੀ ਕੀਵੀ ਪਾਰੀ ਦਾ ਅੰਤ ਹੋ ਗਿਆ ਅਤੇ ਇਸ ਅਹਿਮ ਪਾਰੀ ਦੇ ਨਾਲ ਹੀ ਨਿਊਜ਼ੀਲੈਂਡ ਦੀ ਟੀਮ ਪਹਿਲੇ ਟੈਸਟ ਦੇ ਤੀਜੇ ਦਿਨ 348 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਦੀ ਪਹਿਲੀ ਪਾਰੀ ਦੇ ਆਧਾਰ 'ਤੇ ਕੀਵੀ ਟੀਮ ਨੇ 183 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਹੈ।
ਮੈਚ ਦੇ ਦੂਜੇ ਦਿਨ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਦਾ ਆਗਾਜ਼ ਕੀਤਾ। ਨਿਊਜ਼ੀਲੈਂਡ ਦਾ ਪਹਿਲਾ ਵਿਕਟ ਟਾਮ ਲਾਥਮ ਦਾ ਡਿੱਗਾ। ਟਾਮ ਲਾਥਮ ਇਸ਼ਾਂਤ ਦੀ ਗੇਂਦ 'ਤੇ ਪੰਤ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਟਾਮ ਬਲੰਡਲ 30 ਦੌੜਾਂ ਦੇ ਨਿੱਜੀ ਸਕੋਰ 'ਤੇ ਇਸ਼ਾਂਤ ਵੱਲੋਂ ਬੋਲਡ ਹੋ ਗਏ। ਇਸ ਤੋਂ ਬਾਅਦ ਰਾਸ ਟੇਲਰ 44 ਦੌੜਾਂ ਦੇ ਨਿੱਜੀ ਸਕੋਰ 'ਤੇ ਇਸ਼ਾਂਤ ਦੀ ਗੇਂਦ 'ਤੇ ਪੁਜਾਰਾ ਨੂੰ ਕੈਚ ਦੇ ਕੇ ਆਊਟ ਹੋ ਗਿਆ। ਰਾਸ ਟੇਲਰ ਨੇ ਆਪਣੀ ਪਾਰੀ ਦੇ ਦੌਰਾਨ 6 ਚੌਕੇ ਲਾਏ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਸ਼ਾਨਦਾਰ 89 ਦੌੜਾਂ ਬਣਾ ਕੇ ਆਊਟ ਹੋਏ। ਵਿਲੀਅਮਸਨ ਨੇ ਆਪਣੀ ਪਾਰੀ ਦੇ ਦੌਰਾਨ 11 ਚੌਕੇ ਲਾਏ। ਨਿਊਜ਼ੀਲੈਂਡ ਨੂੰ 5ਵਾਂ ਝਟਕਾ ਉਦੋਂ ਲੱਗਾ ਜਦੋਂ ਹੈਨਰੀ ਨਿਕੋਲਸ 17 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਦੀ ਗੇਂਦ 'ਤੇ ਕੋਹਲੀ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਦਿਨ ਦੀ ਖੇਡ ਖਤਮ ਹੋਣ ਤਕ ਕ੍ਰੀਜ਼ 'ਤੇ ਬੀ. ਜੇ. ਵਾਟਲਿੰਗ ਅਤੇ ਕੋਲਿਨ ਡੀ ਗ੍ਰੈਂਡਹੋਮ ਮੌਜੂਦ ਸਨ।
ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ 122 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਖੇਡ ਦੇ ਸ਼ੁਰੂ ਹੋਣ ਤੋਂ ਬਾਅਦ ਰਿਸ਼ਭ ਪੰਤ 19 ਦੌੜਾਂ ਦੇ ਨਿੱਜੀ ਸਕੋਰ 'ਤੇ ਏਜਾਜ਼ ਪਟੇਲ ਵੱਲੋਂ ਰਨ ਆਊਟ ਹੋਏ। ਇਸ ਤੋਂ ਬਾਅਦ ਕ੍ਰੀਜ 'ਤੇ ਰਵੀਚੰਦਰ ਅਸ਼ਵਿਨ ਆਏ ਪਰ ਉਹ ਆਪਣਾ ਖਾਤਾ ਖੋਲ੍ਹੇ ਬਿਨਾ ਹੀ ਸਾਊਥੀ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਅਜਿੰਕਯ ਰਹਾਨੇ 46 ਦੌੜਾਂ ਦੇ ਨਿੱਜੀ ਸਕੋਰ 'ਤੇ ਸਾਊਦੀ ਦੀ ਗੇਂਦ 'ਤੇ ਵਾਟਲਿੰਗ ਨੂੰ ਕੈਚ ਦੇ ਕੇ ਆਊਟ ਹੋ ਗਏ। ਇਸ ਤੋਂ ਬਾਅਦ ਇਸ਼ਾਂਤ ਸ਼ਰਮਾ ਵੀ ਸਸਤੇ 'ਚ ਆਊਟ ਹੋਏ। ਉਹ 5 ਦੌੜਾਂ ਦੇ ਨਿੱਜੀ ਸਕੋਰ 'ਤੇ ਜੈਮੀਸਨ ਦੀ ਗੇਂਦ 'ਤੇ ਵਾਟਲਿੰਗ ਨੂੰ ਕੈਚ ਫੜਾ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਮੁਹੰਮਦ ਸ਼ੰਮੀ 21 ਦੌੜਾਂ ਬਣਾ ਆਊਟ ਹੋਏ। ਇਸ ਤਰ੍ਹਾਂ ਭਾਰਤੀ ਟੀਮ 165 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ।
ਪਹਿਲੇ ਦਿਨ ਦੀ ਖੇਡ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਖਤਮ ਐਲਾਨੀ ਗਈ। ਇਸ ਦੌਰਾਨ ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ 122 ਦੌੜ ਬਣਾ ਲਈਆਂ ਸਨ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਇੰਡੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਪ੍ਰਿਥਵੀ ਸ਼ਾਅ 16 ਦੌੜਾਂ ਦੇ ਨਿੱਜੀ ਸਕੋਰ ਤੇ ਸਾਊਥੀ ਵੱਲੋਂ ਬੋਲਡ ਹੋ ਗਏ। ਇਸ ਤੋਂ ਭਾਰਤ ਦਾ ਦੂਜਾ ਵਿਕਟ ਚੇਤੇਸ਼ਵਰ ਪੁਜਾਰਾ ਦੇ ਤੌਰ 'ਤੇ ਡਿੱਗਾ। ਚੇਤੇਸ਼ਵਰ ਪੁਜਾਰਾ 11 ਦੌੜਾਂ ਦੇ ਨਿੱਜੀ ਸਕੋਰ 'ਤੇ ਜੇਮੀਸਨ ਦੀ ਗੇਂਦ 'ਤੇ ਵਾਟਲਿੰਗ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਵਿਰਾਟ ਕੋਹਲੀ ਨੂੰ ਸਸਤੇ 'ਚ ਆਊਟ ਹੋ ਗਏ। ਵਿਰਾਟ ਸਿਰਫ 2 ਦੌੜਾਂ ਦੇ ਨਿੱਜੀ ਸਕੋਰ ਜੇਮਿਸਨ ਦੀ ਗੇਂਦ 'ਤੇ ਰਾਸ ਟੇਲਰ ਨੂੰ ਕੈਚ ਦੇ ਬੈਠੇ ਤੇ ਆਊਟ ਹੋ ਗਏ। ਮਯੰਕ ਅਗਰਵਾਲ ਵੀ ਕੁਝ ਖਾਸ ਨਾ ਕਰ ਸਕੇ ਅਤੇ 34 ਦੌੜਾਂ ਦੇ ਨਿੱਜੀ ਸਕੋਰ 'ਤੇ ਬੋਲਟ ਦੀ ਗੇਂਦ 'ਤੇ ਵਾਟਲਿੰਗ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਹਨੁਮਾ ਵਿਹਾਰੀ 7 ਦੌੜਾਂ ਦੇ ਨਿੱਜੀ ਸਕੋਰ 'ਤੇ ਜੇਮੀਸਨ ਦੀ ਗੇਂਦ 'ਤੇ ਵਾਟਲਿੰਗ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਪਹਿਲੇ ਦਿਨ ਦੀ ਖੇਡ ਖਤਮ ਹੋਣ ਵੇਲੇ ਕ੍ਰੀਜ਼ 'ਤੇ ਅਜਿੰਕਯ ਰਹਾਨੇ ਅਤੇ ਰਿਸ਼ਭ ਪੰਤ ਮੌਜੂਦ ਸਨ।
ਪਲੇਇੰਗ ਇਲੈਵਨ :-
ਭਾਰਤ : ਪ੍ਰਿਥਵੀ ਸ਼ਾਅ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਹਨੂਮਾ ਵਿਹਾਰੀ, ਰਿਸ਼ਭ ਪੰਤ, ਆਰ ਅਸ਼ਵਿਨ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ।
ਨਿਊਜ਼ੀਲੈਂਡ : ਟਾਮ ਲਾਥਮ, ਟਾਮ ਬਲੰਡਲ, ਕੇਨ ਵਿਲੀਅਮਸਨ (ਕਪਤਾਨ), ਰਾਸ ਟੇਲਰ, ਹੈਨਰੀ ਨਿਕੋਲਸ, ਬੀ. ਜੇ. ਵਟਲਿੰਗ, ਕੋਲਿਨ ਡੀ ਗ੍ਰੈਂਡਹੋਮ, ਟਿਮ ਸਾਊਥੀ, ਏਜਾਜ਼ ਪਟੇਲ, ਕੈਲ ਜੈਮਸਨ, ਟ੍ਰੇਂਟ ਬੋਲਟ।
ਰਾਜਾ ਦੀ ਇਮਰਾਨ ਨੂੰ ਅਪੀਲ-ਦੋਸ਼ੀ ਖਿਡਾਰੀਆਂ 'ਤੇ ਲਾਈਫ ਟਾਈਮ ਪਾਬੰਦੀ ਦਾ ਕਾਨੂੰਨ ਕਰੋ ਪਾਸ
NEXT STORY