ਸਪੋਰਟਸ ਡੈਸਕ- ਸ਼੍ਰੀਲੰਕਾ ਦੇ ਆਰ. ਪ੍ਰੇਮਦਾਸਾ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਭਾਰਤ ਤੇ ਸ਼੍ਰੀਲੰਕਾ ਵਨਡੇ ਲੜੀ ਦੇ ਪਹਿਲੇ ਮੁਕਾਬਲੇ 'ਚ ਆਖ਼ਰੀ ਪਲਾਂ 'ਚ ਭਾਰਤੀ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਮੁਕਾਬਲਾ ਟਾਈ ਹੋ ਗਿਆ ਤੇ ਦੋਵਾਂ ਟੀਮਾਂ 'ਚੋਂ ਕਿਸੇ ਵੀ ਟੀਮ ਨੂੰ ਜਿੱਤ ਹਾਸਲ ਨਹੀਂ ਹੋਈ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ ਪਥੁਮ ਨਿਸਾਂਕਾ (56) ਤੇ ਦੁਨਿਥ ਵੇਲਾਲਾਗੇ (67*) ਦੇ ਅਰਧ ਸੈਂਕੜਿਆਂ ਤੋਂ ਬਾਅਦ ਵਨਿੰਦੂ ਹਸਰੰਗਾ (24) ਤੇ ਜਨਿਥ ਲਿਆਨਾਗੇ (20) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 50 ਓਵਰਾਂ 'ਚ 8 ਵਿਕਟਾਂ ਗੁਆ ਕੇ 230 ਦੌੜਾਂ ਬਣਾਈਆਂ।
ਇਹ ਪਿੱਚ ਬੱਲੇਬਾਜ਼ੀ ਲਈ ਇੰਨੀ ਆਸਾਨ ਨਹੀਂ ਲੱਗ ਰਹੀ ਸੀ ਤੇ ਸਪਿਨਰਾਂ ਦੀ ਗੇਂਦ ਰੁਕ ਕੇ ਤੇ ਘੁੰਮ ਕੇ ਆ ਰਹੀ ਸੀ, ਜਿਸ ਕਾਰਨ ਦੌੜਾਂ ਬਣਾਉਣ 'ਚ ਬੱਲੇਬਾਜ਼ਾਂ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ। ਭਾਰਤ ਵੱਲੋਂ ਅਰਸ਼ਦੀਪ ਸਿੰਘ ਤੇ ਅਕਸ਼ਰ ਪਟੇਲ ਨੇ 2-2 ਬੱਲੇਬਾਜ਼ਾਂ ਨੂੰ ਆਊਟ ਕੀਤਾ, ਜਦਕਿ ਮੁਹੰਮਦ ਸਿਰਾਜ, ਸ਼ਿਵਮ ਦੁਬੇ, ਕੁਲਦੀਪ ਯਾਦਵ ਤੇ ਵਾਸ਼ਿੰਗਟਨ ਸੁੰਦਰ ਨੂੰ 1-1 ਵਿਕਟ ਮਿਲੀ।
231 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਉਸ ਨੇ ਸ਼ੁੱਭਮਨ ਗਿੱਲ ਨਾਲ ਮਿਲ ਕੇ ਪਹਿਲੀ ਵਿਕਟ ਲਈ 75 ਦੌੜਾਂ ਦੀ ਸਾਂਝੇਦਾਰੀ ਕੀਤੀ। ਗਿੱਲ (16) ਦੇ ਆਊਟ ਹੋਣ ਤੋਂ ਬਾਅਦ ਰੋਹਿਤ ਨੇ ਵਿਰਾਟ ਕੋਹਲੀ (24) ਨਾਲ ਮਿਲ ਕੇ ਸਕੋਰ ਨੂੰ ਅੱਗੇ ਵਧਾਇਆ।
ਰੋਹਿਤ ਨੇ ਇਕ ਵਾਰ ਫ਼ਿਰ ਤੋਂ ਕਪਤਾਨੀ ਪਾਰੀ ਖੇਡੀ ਤੇ 47 ਗੇਂਦਾਂ 'ਚ 7 ਚੌਕੇ ਤੇ 3 ਛੱਕਿਆਂ ਦੀ ਬਦੌਲਤ 58 ਦੌੜਾਂ ਦੀ ਤੂਫ਼ਾਨੀ ਪਾਰੀ ਖੇਡ ਕੇ ਦੁਨਿਥ ਵੇਲਾਲਾਗੇ ਦੀ ਗੇਂਦ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਸ਼੍ਰੇਅਸ ਅਈਅਰ (23), ਕੇ.ਐੱਲ.ਰਾਹੁਲ (31) ਤੇ ਅਕਸ਼ਰ ਪਟੇਲ (33) ਨੇ ਉਪਯੋਗੀ ਪਾਰੀਆਂ ਖੇਡ ਕੇ ਟੀਮ ਨੂੰ ਜਿੱਤ ਵੱਲ ਵਧਾਇਆ।
ਅੰਤ 'ਚ ਸ਼ਿਵਮ ਦੁਬੇ ਨੇ (25) ਕੁਝ ਜ਼ਬਰਦਸਤ ਸ਼ਾਟ ਖੇਡ ਕੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ, ਪਰ ਉਹ ਉਸ ਸਮੇਂ ਆਊਟ ਹੋ ਗਿਆ, ਜਦੋਂ ਟੀਮ ਨੂੰ ਸਿਰਫ਼ 1 ਦੌੜ ਦੀ ਲੋੜ ਸੀ। ਉਸ ਦੇ ਆਊਟ ਹੋਣ ਤੋਂ ਬਾਅਦ ਭਾਰਤ ਨੂੰ 14 ਗੇਂਦਾਂ 'ਚ 1 ਦੌੜ ਦੀ ਲੋੜ ਸੀ ਤੇ ਟੀਮ ਦੇ 9 ਬੱਲੇਬਾਜ਼ ਆਊਟ ਹੋ ਗਏ ਸਨ।
ਇਸ ਦੌਰਾਨ ਕ੍ਰੀਜ਼ 'ਤੇ ਆਏ ਅਰਸ਼ਦੀਪ ਸਿੰਘ ਨੇ ਪਹਿਲੀ ਹੀ ਗੇਂਦ 'ਤੇ ਵੱਡਾ ਸ਼ਾਟ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਹ ਨਾਕਾਮ ਰਿਹਾ ਤੇ ਐੱਲ.ਬੀ.ਡਬਲਯੂ. ਆਊਟ ਹੋ ਗਿਆ। ਇਸ ਤਰ੍ਹਾਂ ਭਾਰਤ ਇਹ ਮੁਕਾਬਲਾ ਜਿੱਤ ਦੀ ਦਹਿਲੀਜ਼ 'ਤੇ ਪਹੁੰਚਣ ਦੇ ਬਾਵਜੂਦ ਜਿੱਤ ਨਹੀਂ ਸਕਿਆ ਤੇ ਦੋਵਾਂ ਟੀਮਾਂ ਦਾ ਸਕੋਰ ਬਰਾਬਰ ਰਹਿ ਜਾਣ ਕਾਰਨ ਮੁਲਾਬਲਾ ਟਾਈ ਹੋ ਗਿਆ।
ਸ਼੍ਰੀਲੰਕਾ ਵੱਲੋਂ ਵਾਨਿੰਦੂ ਹਸਰੰਗਾ ਤੇ ਚਰਿਥ ਅਸਾਲੰਕਾ ਨੇ 3-3 ਵਿਕਟਾਂ ਲਈਆਂ, ਜਦਕਿ ਦੁਨਿਥ ਵੇਲਾਲਾਗੇ ਨੇ 2 ਬੱਲੇਬਾਜ਼ਾਂ ਨੂੰ ਆਊਟ ਕੀਤਾ। ਅਕਿਲਾ ਧਨੰਜੈ, ਤੇ ਅਸਿਥਾ ਫਰਨਾਂਡੋ ਨੂੰ 1-1 ਵਿਕਟ ਮਿਲੀ। ਵੇਲਾਲਾਗੇ ਨੂੰ ਉਸ ਦੇ ਆਲ ਰਾਊਂਡ ਪ੍ਰਦਰਸ਼ਨ ਲਈ ਪਲੇਅਰ ਆਫ਼ ਦਿ ਮੈਚ ਐਲਾਨਿਆ ਗਿਆ। ਲੜੀ ਦਾ ਅਗਲਾ ਮੁਕਾਬਲਾ 4 ਅਗਸਤ, ਐਤਵਾਰ ਦੁਪਹਿਰ 2.30 ਵਜੇ ਤੋਂ ਖੇਡਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਰਿਸ ਓਲੰਪਿਕ 2024 : ਹਾਕੀ 'ਚ ਭਾਰਤ ਨੇ ਰਚਿਆ ਇਤਿਹਾਸ, 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ
NEXT STORY