ਪੋਰਟ ਆਫ ਸਪੇਨ- ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ 3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਰੱਦ ਹੋਣ ਤੋਂ ਬਾਅਦ ਐਤਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਵਨ ਡੇ ਵਿਚ ਹਰ ਹਾਲ 'ਚ ਜਿੱਤ ਦੇ ਨਾਲ 1-0 ਦੀ ਬੜ੍ਹਤ ਲਈ ਉਤਰੇਗੀ। ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਪ੍ਰੋਵੀਡੈਂਸ ਵਿਚ ਖੇਡਿਆ ਗਿਆ ਪਹਿਲਾ ਵਨ ਡੇ 13 ਓਵਰਾਂ ਤੋਂ ਬਾਅਦ ਮੀਂਹ ਕਾਰਣ ਰੱਦ ਕਰਨਾ ਪਿਆ ਸੀ। ਕਪਤਾਨ ਵਿਰਾਟ ਕੋਹਲੀ ਨੇ ਮੈਚ ਦੇ ਇਸ ਤਰ੍ਹਾਂ ਰੱਦ ਹੋਣ 'ਤੇ ਕਾਫੀ ਨਿਰਾਸ਼ਾ ਜਤਾਈ ਸੀ ਪਰ ਹੁਣ ਪੋਰਟ ਆਫ ਸਪੇਨ ਵਿਚ ਖੇਡੇ ਜਾਣ ਵਾਲੇ ਦੂਜੇ ਵਨ ਡੇ 'ਤੇ ਵੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਨਾਲ ਮੈਚ ਨੂੰ ਲੈ ਕੇ ਸਥਿਤੀ ਸ਼ੱਕੀ ਬਣ ਗਈ ਹੈ। ਹਾਲਾਂਕਿ ਦੋਵਾਂ ਟੀਮਾਂ ਲਈ ਹੁਣ ਸੀਰੀਜ਼ ਜਿੱਤਣ ਲਈ ਬਾਕੀ ਬਚੇ ਦੋਵਾਂ ਮੈਚਾਂ ਨੂੰ ਜਿੱਤਣਾ ਜ਼ਰੂਰੀ ਹੋ ਗਿਆ ਹੈ, ਅਜਿਹੀ ਹਾਲਤ ਵਿਚ ਭਾਰਤ ਦੀ ਕੋਸ਼ਿਸ਼ ਰਹੇਗੀ ਕਿ ਉਹ ਜਿੱਤ ਤੈਅ ਕਰ ਲਵੇ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਆਈ. ਸੀ. ਸੀ. ਵਿਸ਼ਵ ਕੱਪ ਤੋਂ ਬਾਅਦ ਆਪਣੀ ਪਹਿਲੀ ਵਨ ਡੇ ਸੀਰੀਜ਼ ਖੇਡ ਰਹੀ ਹੈ। ਉਸ ਨੇ ਵਿੰਡੀਜ਼ ਤੋਂ 3 ਟੀ-20 ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤੀ ਹੈ ਤੇ ਹੁਣ ਇਸ ਸਫਲਤਾ ਨੂੰ ਉਹ ਵਨ ਡੇ ਵਿਚ ਦੁਹਰਾਉਣਾ ਚਾਹੁੰਦੀ ਹੈ।
ਵਿੰਡੀਜ਼ ਪਹਿਲੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ
ਵਿੰਡੀਜ਼ ਟੀਮ ਇਸ ਸੀਰੀਜ਼ ਵਿਚ ਆਪਣੀ ਪਹਿਲੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਕਵੀਂਸ ਪਾਰਕ ਓਵਲ ਵਿਚ ਮੇਜ਼ਬਾਨ ਟੀਮ ਨੂੰ ਪਿਛਲੇ 7 ਮੈਚਾਂ ਵਿਚੋਂ 6 ਵਿਚ ਹਾਰ ਝੱਲਣੀ ਪਈ ਹੈ, ਜਿਨ੍ਹਾਂ ਵਿਚੋਂ 4 ਤਾਂ ਇਕੱਲੇ ਭਾਰਤ ਵਿਰੁੱਧ ਹੀ ਸਨ। ਜੈਸਨ ਹੋਲਡਰ ਦੀ ਅਗਵਾਈ ਵਾਲੀ ਟੀਮ ਐਤਵਾਰ ਨੂੰ ਨਿਸ਼ਚਿਤ ਹੀ ਆਪਣੇ ਇਸ ਰਿਕਾਰਡ ਨੂੰ ਸੁਧਾਰਨਾ ਚਾਹੇਗੀ। ਵੈਸਟਇੰਡੀਜ਼ ਦੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਨੇ ਪਹਿਲੇ ਵਨ ਡੇ 'ਚ ਸੰਘਰਸ਼ ਕੀਤਾ ਸੀ ਤੇ ਓਪਨਰ 31 ਗੇਂਦਾਂ ਵਿਚ 4 ਦੌੜਾਂ ਹੀ ਬਣਾ ਸਕਿਆ ਸੀ। ਆਪਣੇ ਕਰੀਅਰ ਦੇ ਆਖਰੀ ਪੜਾਅ 'ਤੇ ਚੱਲ ਰਹੇ ਗੇਲ ਦੀ ਕੋਸ਼ਿਸ਼ ਰਹੇਗੀ ਕਿ ਉਹ ਟੀ-20 ਕ੍ਰਿਕਟ ਦੀ ਤਰ੍ਹਾਂ ਵਨ ਡੇ ਵਿਚ ਵੀ ਆਪਣੀ ਟੀਮ ਲਈ ਜ਼ੋਰਦਾਰ ਪ੍ਰਦਰਸ਼ਨ ਕਰੇ, ਗੇਲ ਵਨ ਡੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਧਾਕੜ ਖਿਡਾਰੀ ਬ੍ਰਾਇਨ ਲਾਰਾ ਦੇ ਸਕੋਰ ਤੋਂ ਸਿਰਫ 7 ਦੌੜਾਂ ਹੀ ਦੂਰ ਹੈ ਤੇ ਦੂਜੇ ਵਨ ਡੇ ਵਿਚ ਉਸ ਕੋਲ ਰਿਕਾਰਡ ਬੁੱਕ ਵਿਚ ਨਾਂ ਦਰਜ ਕਰਾਉਣ ਦਾ ਮੌਕਾ ਹੋਵੇਗਾ।
ਭਾਰਤੀ ਟੀਮ ਨੂੰ ਆਪਣੇ ਕਪਤਾਨ ਵਿਰਾਟ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ
ਭਾਰਤੀ ਟੀਮ ਵੀ ਆਪਣੇ ਕਪਤਾਨ ਵਿਰਾਟ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰੇਗੀ, ਜਿਸ ਨੇ ਜਨਵਰੀ 2012 ਤੋਂ ਵੈਸਟਇੰਡੀਜ਼ ਵਿਰੁੱਧ 78.35 ਦੀ ਔਸਤ ਨਾਲ 1332 ਦੌੜਾਂ ਬਣਾਈਆਂ ਹਨ। ਟੀਮ ਇੰਡੀਆ ਵਲੋਂ ਜਨਵਰੀ 2016 ਤੋਂ ਵਿਰਾਟ, ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਤਿਕੜੀ ਨੇ 79.63 ਦੀ ਔਸਤ ਨਾਲ 1449 ਵਨ ਡੇ ਦੌੜਾਂ ਬਣਾਈਆਂ ਹਨ ਤੇ ਇਹ ਟੀਮ ਦੇ ਟਾਪ ਸਕੋਰਰ ਰਹੇ ਹਨ। ਟੀਮ ਨੂੰ ਉਮੀਦ ਰਹੇਗੀ ਕਿ ਤ੍ਰਿਨੀਦਾਦ ਵਿਚ ਦੂਜੇ ਮੈਚ ਵਿਚ ਇਸੇ ਤਰ੍ਹਾਂ ਦੀ ਬੱਲੇਬਾਜ਼ੀ ਦੇਖਣ ਨੂੰ ਮਿਲੇ। ਗੇਂਦਬਾਜ਼ਾਂ ਵਿਚ ਟੀਮ ਨੂੰ ਆਪਣੇ ਸਪਿਨਰ ਕੁਲਦੀਪ ਯਾਦਵ ਤੋਂ ਇਲਾਵਾ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੋਂ ਕਾਫੀ ਉਮੀਦਾਂ ਰਹਿਣਗੀਆਂ। ਭੁਵਨੇਸ਼ਵਰ ਦਾ ਪੋਰਟ ਆਫ ਸਪੇਨ ਵਿਚ ਵਧੀਆ ਰਿਕਾਰਡ ਹੈ ਤੇ ਉਹ ਇਸ ਮੈਦਾਨ 'ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਵਿਦੇਸ਼ੀ ਗੇਂਦਬਾਜ਼ ਹੈ। ਭਾਰਤ ਤੇ ਵਿੰਡੀਜ਼ ਵਿਚਾਲੇ ਆਖਰੀ ਵਨ ਡੇ ਆਈ. ਸੀ. ਸੀ. ਵਿਸ਼ਵ ਕੱਪ ਦੇ ਰਾਊਂਡ ਰੌਬਿਨ ਵਿਚ ਹੋਇਆ ਸੀ, ਜਿਥੇ ਭਾਰਤ ਨੇ 125 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ ਸੀ। ਇਸ ਮੈਚ ਵਿਚ ਵਿਰਾਟ ਨੇ ਅਰਧ ਸੈਂਕੜਾ ਲਾਇਆ ਸੀ, ਜਦਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ ਸਨ। ਹਾਲਾਂਕਿ ਮੈਚ ਵਿਚ ਇਕ ਵਾਰ ਫਿਰ ਮੀਂਹ ਦੀ ਵੱਡੀ ਭੂਮਿਕਾ ਮੰਨੀ ਜਾ ਰਹੀ ਹੈ ਤੇ ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਵੀ ਇਥੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਅਜਿਹੀ ਹਾਲਤ ਵਿਚ ਟਾਸ ਦੀ ਵੀ ਅਹਿਮ ਭੂਮਿਕਾ ਰਹੇਗੀ। ਇਸ ਪਿੱਚ 'ਤੇ ਟੀਚੇ ਦਾ ਬਚਾਅ ਕਰਨ ਵਾਲੀ ਟੀਮ ਨੂੰ ਫਾਇਦਾ ਮਿਲਦਾ ਰਿਹਾ ਹੈ, ਅਜਿਹੀ ਹਾਲਤ ਵਿਚ ਦੋਵਾਂ ਕਪਤਾਨਾਂ ਲਈ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਅਹਿਮ ਹੋਵੇਗਾ।
ਪ੍ਰੋ ਕਬੱਡੀ ਲੀਗ : ਤਾਮਿਲ ਨੇ ਗੁਜਰਾਤ ਨੂੰ 34-28 ਨਾਲ ਹਰਾਇਆ
NEXT STORY