ਸਪੋਰਟਸ ਡੈਸਕ : ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਪੰਜ ਮੈਚਾਂ ਦੀ ਟੀ-20 ਲੜੀ ਦਾ ਪੰਜਵਾਂ ਮੈਚ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੀਂਹ ਰੁਕਣ ਤੋਂ ਬਾਅਦ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚਾਰ ਮੈਚਾਂ ਤੋਂ ਬਾਅਦ ਲੜੀ ਇਸ ਸਮੇਂ 2-2 ਨਾਲ ਬਰਾਬਰ ਹੈ, ਜਿਸ ਕਾਰਨ ਪੰਜਵਾਂ ਮੈਚ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੈ। ਮੀਂਹ ਕਾਰਨ, ਮੈਚ ਦੇਰ ਨਾਲ ਸ਼ੁਰੂ ਹੋ ਰਿਹਾ ਹੈ। ਮੈਚ ਨੌਂ ਓਵਰਾਂ ਵਿੱਚ ਖੇਡਿਆ ਜਾਵੇਗਾ, ਜਿਸ ਦਾ ਪਾਵਰਪਲੇ 2-4 ਹੈ। ਵੈਸਟਇੰਡੀਜ਼ ਦੀ ਟੀਮ ਨੇ ਇਸ ਮੈਚ ਲਈ ਆਪਣੇ ਪਲੇਇੰਗ ਇਲੈਵਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਜਦੋਂ ਕਿ ਭਾਰਤੀ ਟੀਮ ਨੇ ਆਪਣੇ ਪਲੇਇੰਗ ਇਲੈਵਨ ਵਿੱਚ ਦੋ ਬਦਲਾਅ ਕੀਤੇ ਹਨ, ਜਿਸ ਵਿੱਚ ਸ਼ਿਵਮ ਦੂਬੇ ਅਤੇ ਭੁਵਨੇਸ਼ਵਰ ਕੁਮਾਰ ਦੀ ਵਾਪਸੀ ਹੈ।
ਭਾਰਤ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੂਬੇ, ਨਮਨ ਧੀਰ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਪ੍ਰਿੰਸ ਯਾਦਵ, ਅਰਸ਼ਦੀਪ ਸਿੰਘ।
ਵੈਸਟ ਇੰਡੀਜ਼ (ਪਲੇਇੰਗ ਇਲੈਵਨ): ਸ਼ਾਈ ਹੋਪ (ਵਿਕਟਕੀਪਰ/ਕਪਤਾਨ), ਜਵੇਲ ਐਂਡਰਿਊ, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਸ਼ੇਰਫੇਨ ਰਦਰਫੋਰਡ, ਰੋਮਾਰੀਓ ਸ਼ੈਫਰਡ, ਰੋਸਟਨ ਚੇਜ਼, ਕੀਮੋ ਪਾਲ, ਸ਼ਮਾਰ ਸਪ੍ਰਿੰਗਰ, ਗੁਡਾਕੇਸ਼ ਮੋਟੀ, ਸ਼ਮਰ ਜੋਸੇਫ।
ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਵਿਰੁੱਧ ਫੈਸਲਾਕੁੰਨ 5ਵੇਂ ਤੇ ਆਖਰੀ ਟੀ-20 ਮੈਚ ਦੇ ਨਾਲ ਲੜੀ ਜਿੱਤਣ ਲਈ ਭਾਰਤ ਨੂੰ ਆਪਣੀ ਬੱਲੇਬਾਜ਼ੀ ਦੀਆਂ ਕਮੀਆਂ ਤੋਂ ਪਾਰ ਪਾਉਂਦੇ ਹੋਏ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ ਕਿਉਂਕਿ ਕੈਰੇਬੀਆਈ ਟੀਮ ਨੇ ਅਜੇ ਤੱਕ ਮੇਜ਼ਬਾਨ ਨੂੰ ਕਾਂਟੇ ਦੀ ਟੱਕਰ ਦਿੱਤੀ ਹੈ। ਲੜੀ ਅਜੇ 2-2 ਨਾਲ ਬਰਾਬਰੀ ’ਤੇ ਹੈ।
ਭਾਰਤ ਲਈ ਸਮੱਸਿਆ ਚੋਟੀਕ੍ਰਮ ਤੋਂ ਸ਼ੁਰੂ ਹੁੰਦੀ ਹੈ। ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਨੇ ਅਜੇ ਤੱਕ 3 ਅਰਧ ਸੈਂਕੜੇ ਲਾਏ ਹਨ ਪਰ ਸਲਾਮੀ ਜੋੜੀ ਦੇ ਰੂਪ ’ਚ ਉਨ੍ਹਾਂ ਦਾ ਯੋਗਦਾਨ 29, 42, 7 ਅਤੇ 60 ਰਿਹਾ ਹੈ। ਹੈਦਰਾਬਾਦ ’ਚ 60 ਦੌੜਾਂ ਦੀ ਸਾਂਝੇਦਾਰੀ ’ਚ ਸੈਮਸਨ ਨੇ 56 ਦੌੜਾਂ ਬਣਾਈਆਂ ਜਦਕਿ ਅਭਿਸ਼ੇਕ ਦਾ ਯੋਗਦਾਨ 2 ਦੌੜਾਂ ਦਾ ਰਿਹਾ। ਇਕ ਵਾਰ ਸਾਂਝੇਦਾਰੀ ਟੁੱਟਣ ਤੋਂ ਬਾਅਦ ਮੱਧਕ੍ਰਮ ਇਸ ਵਾਰ ਪਾਰੀ ਨੂੰ ਸੰਭਾਲ ਨਹੀਂ ਸਕਿਆ। ਈਸ਼ਾਨ ਕਿਸ਼ਨ, ਕਪਤਾਨ ਸ਼੍ਰੇਅਸ ਅਈਅਰ ਅਤੇ ਨਮਨ ਧੀਰ ਵੱਡੀਆਂ ਪਾਰੀਆਂ ਖੇਡਣ ’ਚ ਅਸਫਲ ਰਹੇ। ਲਖਨਊ ’ਚ ਪਹਿਲੇ ਟੀ-20 ’ਚ 102 ਦੌੜਾਂ ਬਣਾਉਣ ਤੋਂ ਬਾਅਦ ਸ਼੍ਰੇਅਸ ਨੇ ਅਗਲੇ 3 ਮੈਚਾਂ ’ਚ 40, 1 ਅਤੇ 16 ਦੌੜਾਂ ਬਣਾਈਆਂ। ਇੱਥੇ ਹਾਰਨ ਨਾਲ ਕਪਤਾਨ ਦੇ ਤੌਰ ’ਤੇ ਸ਼੍ਰੇਅਸ ਦੇ ਅਕਸ ਨੂੰ ਠੇਸ ਪਹੁੰਚੇਗੀ। ਆਇਰਲੈਂਡ ਅਤੇ ਇੰਗਲੈਂਡ ਹੱਥੋਂ ਹਾਰਨ ਤੋਂ ਬਾਅਦ ਜ਼ਿੰਬਾਬਵੇ ਤੇ ਅਫਗਾਨਿਸਤਾਨ ਨੂੰ ਹਰਾ ਕੇ ਉਸ ਨੇ ਆਤਮ-ਵਿਸ਼ਵਾਸ ਹਾਸਲ ਕੀਤਾ। ਸ਼੍ਰੇਅਸ ਦੀ ਕਪਤਾਨੀ ਨੂੰ ਖਤਰਾ ਨਹੀਂ ਹੈ ਪਰ ਤਜ਼ਰੇਬਕਾਰ ਤੇ ਹਮਲਾਵਰ ਵਿਰੋਧੀ ਟੀਮ ਸਾਹਮਣੇ ਉਸ ਦੀ ਅਗਵਾਈ ਸਮਰੱਥਾ ’ਤੇ ਸਵਾਲ ਜ਼ਰੂਰ ਚੁੱਕੇ ਜਾ ਸਕਦੇ ਹਨ।
ਤੀਜੇ ਨੰਬਰ ’ਤੇ ਈਸ਼ਾਨ ਨੇ 43, 37 ਅਤੇ 6 ਦੌੜਾਂ ਬਣਾਈਆਂ ਹਨ। ਉੱਥੇ ਹੀ ਧੀਰ ਦੀਆਂ ਪਾਰੀਆਂ 4, 10 ਅਤੇ 0 ਦੀਆਂ ਰਹੀਆਂ ਹਨ। ਤਿਲਕ ਵਰਮਾ ਅਤੇ ਨਿਤੀਸ਼ ਕੁਮਾਰ ਰੈੱਡੀ ਵੀ ਹੈਦਰਾਬਾਦ ’ਚ 12.1 ਤੋਂ 14.4 ਓਵਰਾਂ ਵਿਚਾਲੇ ਕੋਈ ਚੌਕਾ ਨਹੀਂ ਲਾ ਸਕੇ ਅਤੇ 248 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਟੀਮ ਅਸਫਲ ਰਹੀ। ਐੱਮ. ਚਿੰਨਾਸਵਾਮੀ ਸਟੇਡੀਅਮ ਦੀ ਸਪਾਟ ਪਿੱਚ ਬੱਲੇਬਾਜ਼ਾਂ ਲਈ ਸੌਖੀ ਮੰਨੀ ਜਾਂਦੀ ਹੈ। ਇਸ ਮੈਦਾਨ ’ਤੇ ਹਾਲਾਂਕਿ ਅਕਤੂਬਰ 2024 ’ਚ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨਹੀਂ ਖੇਡੀ ਗਈ ਹੈ। ਕੁਝ ਆਈ. ਪੀ. ਐੱਲ. ਮੈਚਾਂ ਤੋਂ ਇਲਾਵਾ ਇੱਥੇ ਵੱਡੇ ਮੈਚ ਵੀ ਨਹੀਂ ਖੇਡੇ ਗਏ। ਅਜਿਹੇ ’ਚ ਭਾਰਤ ਸਪਿੰਨਰ ਕੁਲਦੀਪ ਯਾਦਵ ਨੂੰ ਫਿਰ ਟੀਮ ’ਚ ਲਿਆ ਸਕਦਾ ਹੈ। ਤੀਜੇ ਅਤੇ ਚੌਥੇ ਮੈਚ ’ਚ ਬਾਹਰ ਰਹੇ ਕੁਲਦੀਪ ਦਾ ਤਜਰਬਾ ਟੀਮ ਲਈ ਕਾਰਗਰ ਸਾਬਤ ਹੋ ਸਕਦਾ ਹੈ।
ਉੱਥੇ ਹੀ, ਪਿਛਲੇ ਮੈਚ ’ਚ ਮੋਢੇ ਦੀ ਸੱਟ ਦਾ ਸ਼ਿਕਾਰ ਹੋਏ ਅਰਸ਼ਦੀਪ ਸਿੰਘ ਦੀ ਜਗ੍ਹਾ ਤਜ਼ਰੇਬਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਟੀਮ ’ਚ ਵਾਪਸੀ ਹੋਈ ਹੈ। 36 ਸਾਲਾ ਭੁਵਨੇਸ਼ਵਰ ਨੂੰ ਇਸ ਤੋਂ ਪਹਿਲਾਂ 22 ਅਕਤੂਬਰ ਤੋਂ ਕ੍ਰਾਈਸਟਚਰਚ ’ਚ ਨਿਊਜ਼ੀਲੈਂਡ ਦੇ ਵਿਰੁੱਧ ਸ਼ੁਰੂ ਹੋਣ ਵਾਲੀ ਟੀ-20 ਲੜੀ ਲਈ ਵੀ ਭਾਰਤੀ ਟੀਮ ’ਚ ਚੁਣਿਆ ਗਿਆ ਸੀ।
ਪ੍ਰਿੰਸ ਯਾਦਵ, ਮਯੰਕ ਯਾਦਵ, ਧੀਰ ਅਤੇ ਰੈੱਡੀ ਕੈਰੇਬੀਆਈ ਬੱਲੇਬਾਜ਼ਾਂ ’ਤੇ ਰੋਕ ਨਹੀਂ ਲਾ ਸਕੇ ਹਨ। ਇਸ ਲਈ ਅਜਿਹੇ ’ਚ ਭੁਵਨੇਸ਼ਵਰ ਦਾ ਤਜਰਬਾ ਕਾਫੀ ਕਾਰਗਰ ਸਾਬਤ ਹੋਵੇਗਾ। ਵੈਸਟਇੰਡੀਜ਼ ਲਈ ਕਪਤਾਨ ਸ਼ਾਈ ਹੋਪ ਅਤੇ ਸ਼ੇਰਫਾਨ ਰਦਰਫੋਰਡ 261 ਅਤੇ 221 ਦੌੜਾਂ ਬਣਾ ਚੁੱਕੇ ਹਨ ਅਤੇ ਲੜੀ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ’ਚ ਚੋਟੀ ਦੇ 2 ਸਥਾਨਾਂ ’ਤੇ ਹਨ। ਭਾਰਤ ਨੂੰ ਇਨ੍ਹਾਂ ਦੋਵਾਂ ਨੂੰ ਜਲਦੀ ਆਊਟ ਕਰਨਾ ਹੋਵੇਗਾ ਜਿਵੇਂ ਇੰਦੌਰ ’ਚ ਤੀਜੇ ਟੀ-20 ਦੌਰਾਨ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
IPL 2027 ਦੀ ਨਿਲਾਮੀ ਦੀ ਤਾਰੀਖ਼ ਦਾ ਹੋਇਆ ਐਲਾਨ! ਇਸ ਦਿਨ ਲੱਗੇਗੀ ਬੋਲੀ
NEXT STORY