ਸਪੋਰਟਸ ਡੈਸਕ– ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਦੌਰੇ ਦੇ ਪੰਜਵੇਂ ਤੇ ਆਖਰੀ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਨੀਵਾਰ ਨੂੰ ਆਸਟਰੇਲੀਆ-ਏ ’ਤੇ 2-1 ਦੀ ਰੋਮਾਂਚਕ ਜਿੱਤ ਦਰਜ ਕੀਤੀ। ਭਾਰਤ ਲਈ ਨਵਨੀਤ ਕੌਰ (10ਵਾਂ) ਤੇ ਦੀਪ ਗ੍ਰੇਸ ਏਕਾ (25ਵਾਂ ਮਿੰਟ) ਨੇ ਗੋਲ ਕੀਤੇ । ਆਸਟਰੇਲੀਆ-ਏ ਲਈ ਇਕਲੌਤਾ ਗੋਲ ਐਬਿਗੇਲ ਵਿਲਸਨ (22ਵਾਂ ਮਿੰਟ) ਨੇ ਕੀਤਾ।
ਭਾਰਤ ਨੇ ਇਸਦੇ ਨਾਲ ਹੀ ਆਸਟਰੇਲੀਆ-ਏ ਵਿਰੁੱਧ ਸੀਰੀਜ਼ 1-1 ਨਾਲ ਬਰਾਬਰੀ ’ਤੇ ਖਤਮ ਕੀਤੀ। ਇਸ ਤੋਂ ਪਹਿਲਾਂ ਭਾਰਤ ਨੂੰ ਆਸਟਰੇਲੀਆ ਦੀ ਰਾਸ਼ਟਰੀ ਟੀਮ ਵਿਰੁੱਧ 3 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਹਾਰ ਮਿਲੀ ਸੀ। ਭਾਰਤ ਦਾ ਇਹ ਦੌਰਾ ਚੀਨ ਦੇ ਹਾਂਗਝਓ ਵਿਚ ਸਤੰਬਰ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਦੇ ਲਿਹਾਜ ਨਾਲ ਮਹੱਤਵਪੂਰਨ ਹੈ।
ਪਿਛਲਾ ਮੁਕਾਬਲਾ 3-2 ਨਾਲ ਜਿੱਤਣ ਤੋਂ ਬਾਅਦ ਆਸਟਰੇਲੀਆ-ਏ ਨੇ ਆਤਮਵਿਸ਼ਵਾਸ ਦੇ ਨਾਲ ਸ਼ੁਰੂਆਤ ਕੀਤੀ ਤੇ ਗੇਂਦ ਨੂੰ ਆਪਣੇ ਕਬਜ਼ੇ ਵਿਚ ਰੱਖਿਆ ਪਰ ਨਵਨੀਤ ਕੌਰ ਨੇ ਰਿਵਰਸ ਹਿੱਟ ਨਾਲ ਭਾਰਤ ਲਈ ਪਹਿਲਾ ਗੋਲ ਕੀਤਾ। ਭਾਰਤ ਨੇ ਦੂਜੇ ਕੁਆਰਟਰ ਵਿਚ ਵੀ ਆਪਣੀ ਲੈਅ ਬਰਕਰਾਰ ਰੱਖੀ ਪਰ ਆਸਟਰੇਲੀਆਈ ਟੀਮ ਨੇ ਜਵਾਬੀ ਹਮਲਾ ਕੀਤਾ। ਭਾਰਤੀ ਗੋਲਕੀਪਰ ਸਵਿਤਾ ਨੇ ਹਾਲਾਂਕਿ ਉਸਦੀਆਂ ਕੋਸ਼ਿਸ਼ਾਂ ’ਤੇ ਪਾਣੀ ਫੇਰ ਦਿੱਤਾ। ਆਸਟਰੇਲੀਆ ਏ ਨੇ ਇਸ ਤੋਂ ਬਾਅਦ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ਨੂੰ ਅਬੀਗੈਲ ਨੇ ਗੋਲ ਵਿਚ ਬਦਲਣ ਵਿਚ ਕੋਈ ਗਲਤੀ ਨਹੀਂ ਕੀਤੀ। ਇਸ ਤੋਂ ਤੁਰੰਤ ਬਾਅਦ ਹੀ ਹਾਲਾਂਕਿ ਭਾਰਤ ਨੇ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ’ਤੇ ਏਕਾ ਨੇ ਗੋਲ ਕਰਕੇ ਟੀਮ ਨੂੰ ਫਿਰ ਬੜ੍ਹਤ ਦਿਵਾ ਦਿੱਤੀ।
ਦੂਜੇ ਹਾਫ ਦੇ ਸ਼ੁਰੂ ਵਿਚ ਵੰਦਨਾ ਕਟਾਰੀਆ ਦੀਆਂ ਕੋਸ਼ਿਸ਼ਾਂ ਨਾਲ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਆਸਟਰੇਲੀਆ ਦੀ ਟੀਮ ਉਸਦਾ ਬਚਾਅ ਕਰਨ ਵਿਚ ਸਫਲ ਰਹੀ। ਇਸ ਤੋਂ ਬਾਅਦ ਵੀ ਭਾਰਤੀ ਟੀਮ ਲਈ ਨੇਹਾ ਗੋਇਲ ਦੇ ਰਾਹੀਂ ਮਿਡਫੀਲਡ ਵਿਚ ਚੰਗੇ ਪ੍ਰਦਰਸ਼ਨ ਨਾਲ ਆਸਟਰੇਲੀਆਈ ਟੀਮ ’ਤੇ ਦਬਾਅ ਬਰਕਰਾਰ ਰੱਖਿਆ। ਵੰਦਨਾ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਤੇ ਚੌਥੇ ਕੁਆਰਟਰ ਦੇ ਸ਼ੁਰੂ ਵਿਚ ਭਾਰਤੀ ਟੀਮ ਪੂਰੀ ਤਰ੍ਹਾਂ ਨਾਲ ਹਾਵੀ ਰਹੀ। ਭਾਰਤ ਨੂੰ ਇਸ ਤੋਂ ਬਾਅਦ ਪੈਨਲਟੀ ਕਾਰਨਰ ਮਿਲਿਆ ਪਰ ਆਸਟਰੇਲੀਆ ਦੇ ਡਿਫੈਂਸ ਨੇ ਉਸਦਾ ਚੰਗੀ ਤਰ੍ਹਾਂ ਨਾਲ ਬਚਾਅ ਕੀਤਾ।
IPL 2023 : ਕੀ ਫਾਈਨਲ ਮੈਚ ਦੇ ਰੋਮਾਂਚ 'ਚ ਅੜਿੱਕਾ ਬਣ ਸਕਦੈ ਮੀਂਹ, ਜਾਣੋ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ
NEXT STORY