ਮੁੰਬਈ— ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਫ਼ੁੱਟਬਾਲ ਟੂਰਨਾਮੈਂਟ ਦੇ 2021-22 ਸੈਸ਼ਨ ’ਚ ਸਥਾਨਕ ਖਿਡਾਰੀਆਂ ਦੀ ਮੈਦਾਨ ’ਚ ਨੁਮਾਇੰਦਗੀ ’ਚ ਇਜ਼ਾਫ਼ਾ ਹੋਵੇਗਾ ਤੇ ਨਵੇਂ ਨਿਯਮਾਂ ਦੇ ਤਹਿਤ ਕਲੱਬਾਂ ਨੂੰ ਘੱਟੋ-ਘੱਟ 7 ਭਾਰਤੀ ਖਿਡਾਰੀਆਂ ਨੂੰ ਮੈਦਾਨ ’ਤੇ ਉਤਾਰਨਾ ਹੋਵੇਗਾ ਜੋ ਕਿ ਪਿਛਲੇ ਸੈਸ਼ਨ ਦੇ ਮੁਕਾਬਲੇ ਇਕ ਵੱਧ ਹੈ। ਭਾਰਤੀ ਖਿਡਾਰੀਆਂ ਦੇ ਸਥਾਨ ’ਚ ਵਾਧੇ ਦਾ ਮਤਲਬ ਹੈ ਕਿ ਵਿਦੇਸ਼ੀ ਖਿਡਾਰੀਆਂ ਲਈ ਟੀਮ ’ਚ ਹੁਣ ਇਕ ਸਥਾਨ ਘੱਟ ਹੋਵੇਗਾ ਤੇ ਇਕ ਸਮੇਂ ’ਚ ਵੱਧ ਤੋਂ ਵੱਧ ਚਾਰ ਵਿਦੇਸ਼ੀ ਖਿਡਾਰੀ ਹੀ ਮੈਦਾਨ ’ਤੇ ਉਤਰ ਸਕਦੇ ਹਨ।
ਆਈ. ਐੱਲ. ਐੱਲ. ਨੇ ਕਿਹਾ- ਇੰਡੀਅਨ ਸੁਪਰ ਲੀਗ 2021-22 ਸੈਸ਼ਨ ’ਚ ਮੈਦਾਨ ’ਤੇ ਖੇਡ ਰਹੀ ਇਲੈਵਨ ’ਚ ਭਾਰਤੀ ਖਿਡਾਰੀਆਂ ਦੀ ਗਿਣਤੀ ’ਚ ਵਾਧਾ ਹੋਵੇਗਾ ਕਿਉਂਕਿ ਫ਼ੁੱਟਬਾਲ ਸਪੋਰਟਸ ਡਿਵੈਲਪਮੈਂਟ ਲਿਮਟਿਡ (ਐੱਫ. ਐੱਸ. ਡੀ. ਐੱਲ.) ਨੇ ਨਵੇਂ ਕੋਚ ਤੇ ਖਿਡਾਰੀ ਦੇ ਚੋਣ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਕਲੱਬਾਂ ਨੂੰ ਹਰ ਸਮੇਂ ਘੱਟੋ-ਘੱਟ 7 ਭਾਰਤੀ ਖਿਡਾਰੀਆਂ ਨੂੰ ਮੈਦਾਨ ’ਤੇ ਉਤਾਰਨਾ ਹੋਵੇਗਾ। ਸਾਲ 2014 ’ਚ ਖੇਡੇ ਗਏ ਪਹਿਲੇ ਟੂਰਨਾਮੈਂਟ ’ਚ ਵੱਧ ਤੋਂ ਵੱਧ 6 ਵਿਦੇਸ਼ੀਆਂ ਨੂੰ ਮੈਦਾਨ ’ਤੇ ਉਤਾਰਨ ਦੀ ਇਜਾਜ਼ਤ ਸੀ।
ਹੁਣ ਕਲੱਬ ਵਧ ਤੋਂ ਵੱਧ 6 ਵਿਦੇਸ਼ੀ ਖਿਡਾਰੀਆਂ ਨਾਲ ਕਰਾਰ ਕਰ ਸਕਦੇ ਹਨ ਜਿਸ ’ਚ ਇਕ ਏ. ਐੱਫ. ਸੀ. ਮੈਂਬਰ ਦੇਸ਼ ਦਾ ਹੋਣਾ ਲਾਜ਼ਮੀ ਹੈ। ਕਲੱਬਾਂ ਕੋਲ ਲੀਗ ਤੋਂ ਮਨਜ਼ੂਰਸ਼ੁਦਾ ਖਿਡਾਰੀਆਂ ਵਿਚਾਲੇ ਵਿਦੇਸ਼ੀ ਮਾਰਕੀ ਖਿਡਾਰੀਆਂ ਨਾਲ ਕਰਾਰ ਦਾ ਵੀ ਬਦਲ ਹੋਵੇਗਾ। ਇਸ ਸੈਸ਼ਨ ਤੋਂ ਕਲੱਬ ਨੂੰ ਦੋ ਦੀ ਜਗ੍ਹਾ ਘੱਟੋ-ਘੱਟ ਚਾਰ ਡਿਵੈਲਪਮੈਂਟ (ਉੱਭਰਦੇ ਹੋਏ ਯੁਵਾ ਖਿਡਾਰੀ) ਖਿਡਾਰੀਆਂ ਨਾਲ ਕਰਾਰ ਕਰਨਾ ਹੋਵੇਗਾ ਤੇ ਇਸ ’ਚੋਂ ਘੱਟੋ-ਘੱਟ ਦੋ ਮੈਦਾਨ ’ਤੇ ਉਤਰਨਗੇ। ਆਗਾਮੀ ਸੈਸ਼ਨ ਲਈ ਟੀਮ ਦੀ ਤਨਖਾਹ ਦੀ ਹੱਦ ਨੂੰ 16 ਕਰੋੜ 50 ਲੱਖ ਰੁਪਏ ਬਰਕਰਾਰ ਰਖਿਆ ਗਿਆ ਹੈ। ਭਾਰਤੀ ਫ਼ੁੱਟਬਾਲ ਦੀ ਟਰਾਂਸਫ਼ਰ ਵਿੰਡੋ ਬੁੱਧਵਾਰ ਨੂੰ ਸ਼ੁਰੂ ਹੋਵੇਗੀ ਜਿਸ ’ਚ ਕਲੱਬਾਂ ਨੂੰ ਆਪਣੀ ਪਸੰਦ ਦੇ ਖਿਡਾਰੀਏਆਂ ਨਾਲ ਕਰਾਰ ਦਾ ਮੌਕਾ ਮਿਲੇਗਾ।
ਬੰਗਾਲ ਦੇ ਸਾਬਕਾ ਕ੍ਰਿਕਟਰ ਰਵੀ ਬੈਨਰਜੀ ਦਾ ਦਿਹਾਂਤ
NEXT STORY