ਐਡੀਲੇਡ– ਗੁਲਾਬੀ ਗੇਂਦ ਦੇ ਡੇ-ਨਾਈਟ ਕ੍ਰਿਕਟ ਟੈਸਟ ਵਿਚ 10 ਵਿਕਟਾਂ ਦੀ ਕਰਾਰੀ ਹਾਰ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਬੱਲੇਬਾਜ਼ਾਂ ਨੇ ਬਾਰਡਰ-ਗਾਵਸਕਰ ਟਰਾਫੀ ਵਿਚ ਵਾਪਸੀ ਦੇ ਟੀਚੇ ਨਾਲ ਮੰਗਲਵਾਰ ਨੂੰ ਇੱਥੇ ਲਾਲ ਗੇਂਦ ਨਾਲ ਸਖਤ ਨੈੱਟ ਸੈਸ਼ਨ ਵਿਚ ਹਿੱਸਾ ਲਿਆ।
ਆਸਟ੍ਰੇਲੀਆ ਦੀ ਟੀਮ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਤੀਜੇ ਟੈਸਟ ਲਈ ਬ੍ਰਿਸਬੇਨ ਪਹੁੰਚ ਗਈ ਹੈ ਪਰ ਭਾਰਤੀ ਟੀਮ ਨੇ ਲਾਲ ਗੇਂਦ ਲਈ ਆਪਣੀ ਕਲਾ ਨੂੰ ਨਿਖਾਰਨ ’ਤੇ ਧਿਆਨ ਦੇਣ ਲਈ ਇੱਥੇ ਰੁਕਣ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ ਆਪਣੀ ਰੱਖਿਆਤਮਕ ਤਕਨੀਕ ਤੇ ਗੇਂਦਾਂ ਨੂੰ ਛੱਡਣ ’ਤੇ ਧਿਆਨ ਦਿੱਤਾ।
ਭਾਰਤੀ ਟੀਮ ਦੇ ਅਭਿਆਸ ਦੀ ਵੀਡੀਓ ਸਾਂਝੀ ਕਰਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਅਾਈ.) ਨੇ ‘ਐਕਸ’ ਉੱਪਰ ਲਿਖਿਆ, ‘‘ਹੁਣ ਅੱਗੇ ਦੇ ਬਾਰੇ ਵਿਚ ਸੋਚਣ ਦਾ ਸਮਾਂ ਹੈ। ਬ੍ਰਿਸਬੇਨ ਟੈਸਟ ਦੀ ਤਿਆਰੀ ਇੱਥੇ ਐਡੀਲੇਡ ਵਿਚ ਸ਼ੁਰੂ ਹੋ ਚੁੱਕੀ ਹੈ।’’
ਖਰਾਬ ਫਾਰਮ ਨਾਲ ਜੂਝ ਰਿਹਾ ਭਾਰਤੀ ਕਪਤਾਨ ਰੋਹਿਤ ਪਿਛਲੀਆਂ 12 ਪਾਰੀਆਂ ਵਿਚ ਇਕ ਅਰਧ ਸੈਂਕੜਾ (52) ਦੇ ਨਾਲ ਸਿਰਫ 142 ਦੌੜਾਂ ਹੀ ਬਣਾ ਸਕਿਆ ਹੈ। ਉਹ ਆਪਣੇ ਬੇਟੇ ਦੇ ਜਨਮ ਦੇ ਕਾਰਨ ਪਹਿਲੇ ਟੈਸਟ ਵਿਚ ਨਹੀਂ ਖੇਡ ਸਕਿਆ ਸੀ ਤੇ ਮੰਗਲਵਾਰ ਨੂੰ ਉਸ ਨੇ ਭਾਰਤੀ ਸਪਿਨਰਾਂ ਤੇ ਤੇਜ਼ ਗੇਂਦਬਾਜ਼ਾਂ ਦੋਵਾਂ ਦਾ ਸਾਹਮਣਾ ਕਰਦੇ ਹੋਏ ਜਲਦੀ ਤੋਂ ਜਲਦੀ ਲੈਅ ਹਾਸਲ ਕਰਨ ਦਾ ਟੀਚਾ ਰੱਖਿਆ।
ਦੂਜੇ ਟੈਸਟ ਵਿਚ 6ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੇ ਰੋਹਿਤ ਨੇ 2 ਪਾਰੀਆਂ ਵਿਚ 2 ਤੇ 6 ਦੌੜਾਂ ਬਣਾਈਆਂ। ਉਹ ਪਹਿਲੀ ਪਾਰੀ ਵਿਚ ਐੱਲ. ਬੀ. ਡਬਲਯੂ. ਹੋਇਆ ਜਦਕਿ ਦੂਜੀ ਪਾਰੀ ਵਿਚ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਉਸ ਨੂੰ ਬੋਲਡ ਕੀਤਾ।
ਪਰਥ ਵਿਚ ਪਹਿਲੇ ਟੈਸਟ ਵਿਚ ਸੈਂਕੜੇ ਨਾਲ 16 ਮਹੀਨਿਆਂ ਦੇ ਸੈਂਕੜੇ ਦੇ ਸੋਕੇ ਨੂੰ ਖਤਮ ਕਰਨ ਵਾਲਾ ਕੋਹਲੀ ਗੁਲਾਬੀ ਗੇਂਦ ਦੇ ਟੈਸਟ ਵਿਚ ਦੋਵੇਂ ਪਾਰੀਆਂ ਵਿਚ ਵਿਕਟਾਂ ਦੇ ਪਿੱਛੇ ਆਊਟ ਹੋਇਆ। ਉਸ ਨੇ ਪਹਿਲੀ ਪਾਰੀ ਵਿਚ ਦੂਜੀ ਸਲਿੱਪ ਜਦਕਿ ਦੂਜੀ ਪਾਰੀ ਵਿਚ ਵਿਕਟਕੀਪਰ ਨੂੰ ਕੈਚ ਦਿੱਤਾ। ਸਟਾਰ ਭਾਰਤੀ ਬੱਲੇਬਾਜ਼ ਕੋਹਲੀ ਨੇ ਪੂਰੇ ਜਜ਼ਬੇ ਨਾਲ ਅਭਿਆਸ ਕੀਤਾ। ਉਸ ਨੇ ਨੈੱਟ ਸੈਸ਼ਨ ਦੀ ਸ਼ੁਰੂਆਤ ਵਿਚ ਸਾਵਧਾਨੀ ਵਰਤੀ ਪਰ ਫਿਰ ਹੌਲੀ-ਹੌਲੀ ਲੈਅ ਵਿਚ ਆ ਗਿਆ।
ਲੋਕੇਸ਼ ਰਾਹੁਲ ਜ਼ਿਆਦਾ ਸ਼ਾਂਤ ਦਿਸਿਆ। ਉਸ ਨੇ ਆਪਣੇ ਡਿਫੈਂਸ ’ਤੇ ਵੱਧ ਧਿਆਨ ਦਿੱਤਾ ਜਦਕਿ ਰਿਸ਼ਭ ਪੰਤ ਨੇ ਕੁਝ ਪਿੱਕ ਅਪ ਸ਼ਾਟਾਂ ਖੇਡੀਆਂ। ਸ਼ੁਰੂਆਤੀ ਟੈਸਟ ਵਿਚ ਭਾਰਤ ਦੀ 295 ਦੌੜਾਂ ਦੀ ਵੱਡੀ ਜਿੱਤ ਵਿਚ 161 ਦੌੜਾਂ ਦੀ ਪਾਰੀ ਖੇਡਣ ਵਾਲੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਕੁਝ ਚੰਗੀਆਂ ਸ਼ਾਟਾਂ ਖੇਡੀਆਂ ਤੇ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਵੀ ਹਮਲਾਵਰ ਰੁਖ਼ ਅਪਣਾਇਆ।
ਗੇਂਦਬਾਜ਼ੀ ਇਕਾਈ ਵਿਚ ਹਰਸ਼ਿਤ ਰਾਣਾ, ਆਕਾਸ਼ ਦੀਪ, ਯਸ਼ ਦਿਆਲ ਅਤੇ ਰਵਿੰਦਰ ਜਡੇਜਾ, ਆਰ. ਅਸ਼ਵਿਨ ਤੇ ਵਾਸ਼ਿੰਗਟਨ ਸੁੰਦਰ ਦੀ ਸਪਿੰਨ ਤਿੱਕੜੀ ਸ਼ਾਮਲ ਸੀ ਜਦਕਿ ਕੁਝ ਥ੍ਰੋਅਡਾਊਨ ਮਾਹਿਰ ਵੀ ਸਨ।
ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਦੀ ਪ੍ਰਮੁੱਖ ਭਾਰਤੀ ਤੇਜ਼ ਗੇਂਦਬਾਜ਼ ਜੋੜੀ ਦੇ ਨਾਲ-ਨਾਲ ਤੇਜ਼ ਗੇਂਦਬਾਜ਼ੀ ਆਲਰਾਊਂਡਰ ਨਿਤਿਸ਼ ਕੁਮਾਰ ਰੈੱਡੀ ਨੇ ਜ਼ਿਆਦਾ ਪਸੀਨਾ ਨਹੀਂ ਵਹਾਇਆ। ਭਾਰਤ ਨੂੰ ਬੁੱਧਵਾਰ ਨੂੰ ਬ੍ਰਿਸਬੇਨ ਪਹੁੰਚਣਾ ਹੈ।
ਕੋਹਲੀ-ਧੋਨੀ ਨੂੰ ਵੀ ਮਾਤ ਦੇ ਰਿਹਾ Transgender Boxer, ਪੜ੍ਹੋ ਪੂਰੀ ਖ਼ਬਰ
NEXT STORY