ਅਹਿਮਦਾਬਾਦ : ਟੀ-20 ਵਿਸ਼ਵ ਕੱਪ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਭੁਲਾ ਕੇ ਭਾਰਤੀ ਮਹਿਲਾ ਟੀਮ ਵੀਰਵਾਰ ਤੋਂ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਸ਼ੁਰੂ ਹੋਣ ਵਾਲੀ ਤਿੰਨ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚਾਂ ਦੀ ਲੜੀ ਨਾਲ ਅਗਲੇ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ ਦੀਆਂ ਤਿਆਰੀਆਂ ਸ਼ੁਰੂ ਕਰੇਗੀ, ਜਿਸ ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵੀ ਦਾਅ 'ਤੇ ਲੱਗੀ ਹੋਈ ਹੈ।
ਹਰਮਨਪ੍ਰੀਤ ਲਈ ਇਹ ਸੀਰੀਜ਼ ਬਹੁਤ ਮਹੱਤਵਪੂਰਨ ਹੈ ਕਿਉਂਕਿ ਹਾਲ ਹੀ 'ਚ ਯੂਏਈ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 'ਚ ਉਸ ਦੀ ਕਪਤਾਨੀ ਦੀ ਕਾਫੀ ਆਲੋਚਨਾ ਹੋਈ ਸੀ, ਹਾਲਾਂਕਿ ਉਸ ਨੇ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਭਾਰਤ ਇਸ ਟੂਰਨਾਮੈਂਟ 'ਚ ਗਰੁੱਪ ਗੇੜ ਤੋਂ ਬਾਹਰ ਹੋ ਗਿਆ ਸੀ। ਜਿੱਥੇ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੀ ਨਿਰਾਸ਼ਾ ਨੂੰ ਭੁਲਾ ਕੇ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੇਗੀ, ਉੱਥੇ ਹੀ ਨਿਊਜ਼ੀਲੈਂਡ ਦੀ ਟੀਮ ਇਸ ਤੋਂ ਪ੍ਰੇਰਿਤ ਹੋ ਕੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਣਾ ਚਾਹੇਗੀ।
ਕੀਵੀ ਟੀਮ ਨੇ ਪੂਰੇ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਖ਼ਿਤਾਬ ਜਿੱਤਿਆ। 35 ਸਾਲਾ ਹਰਮਨਪ੍ਰੀਤ ਦੀ ਕਪਤਾਨੀ ਦੀ ਹਾਲ ਹੀ 'ਚ ਕਾਫੀ ਆਲੋਚਨਾ ਹੋਈ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਇਸ ਅਹੁਦੇ 'ਤੇ ਬਰਕਰਾਰ ਰੱਖਿਆ ਗਿਆ ਹੈ। ਹੁਣ ਉਨ੍ਹਾਂ ਨੂੰ ਨਿਊਜ਼ੀਲੈਂਡ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਜਿਸ 'ਚ ਉਨ੍ਹਾਂ ਨੂੰ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ ਜੋ 12ਵੀਂ ਦੀ ਪ੍ਰੀਖਿਆ 'ਚ ਬੈਠਣ ਕਾਰਨ ਇਸ ਸੀਰੀਜ਼ 'ਚ ਨਹੀਂ ਖੇਡ ਸਕੇਗੀ। ਤਜਰਬੇਕਾਰ ਆਲਰਾਊਂਡਰ ਆਸ਼ਾ ਸੋਬਨਾ ਵੀ ਸੱਟ ਕਾਰਨ ਚੋਣ ਲਈ ਉਪਲਬਧ ਨਹੀਂ ਹੋਵੇਗੀ ਜਦਕਿ ਤੇਜ਼ ਗੇਂਦਬਾਜ਼ ਪੂਜਾ ਵਸਤਰਕਰ ਟੀ-20 ਵਿਸ਼ਵ ਕੱਪ ਦੌਰਾਨ ਜ਼ਖਮੀ ਹੋ ਗਈ ਸੀ ਅਤੇ ਇਸ ਲਈ ਇਸ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ।
ਭਾਰਤੀ ਟੀਮ 'ਚ ਤੇਜਲ ਹਸਬਨੀਸ, ਸਾਇਮਾ ਠਾਕੋਰ ਅਤੇ ਪ੍ਰਿਆ ਮਿਸ਼ਰਾ ਦੇ ਰੂਪ 'ਚ ਕੁਝ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ ਹਨ। ਭਾਰਤੀ ਟੀਮ ਦੀ ਸਫਲਤਾ ਕਾਫੀ ਹੱਦ ਤੱਕ ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਦੀ ਸਲਾਮੀ ਜੋੜੀ ਦੇ ਪ੍ਰਦਰਸ਼ਨ 'ਤੇ ਨਿਰਭਰ ਕਰੇਗੀ। ਇਸ ਜੋੜੀ ਨੇ ਟੀ-20 ਵਿਸ਼ਵ ਕੱਪ 'ਚ ਪੈਚਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਅਗਲੇ ਸਾਲ ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ 'ਚ ਨਿਰੰਤਰਤਾ ਰੱਖਣੀ ਹੋਵੇਗੀ।
ਹਰਮਨਪ੍ਰੀਤ ਅਤੇ ਜੇਮਿਮਾ ਰੌਡਰਿਗਜ਼ ਨੂੰ ਆਮ ਵਾਂਗ ਮੱਧਕ੍ਰਮ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਦੀ ਜ਼ਿੰਮੇਵਾਰੀ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਭਾਰਤ ਨੂੰ ਰਿਚਾ ਘੋਸ਼ ਦੀ ਕਮੀ ਮਹਿਸੂਸ ਹੋਵੇਗੀ ਜੋ ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਮੈਚ ਦਾ ਰੁਖ ਮੋੜਨ ਦੀ ਸਮਰੱਥਾ ਰੱਖਦੀ ਹੈ। ਸੀਰੀਜ਼ ਦੇ ਤਿੰਨੋਂ ਮੈਚ ਇੱਥੋਂ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਜਾਣਗੇ।
ਟੀਮਾਂ ਇਸ ਪ੍ਰਕਾਰ ਹਨ:
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੇਫਾਲੀ ਵਰਮਾ, ਡੀ ਹੇਮਲਥਾ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼, ਯਸਤਿਕਾ ਭਾਟੀਆ (ਵਿਕਟਕੀਪਰ), ਉਮਾ ਛੇਤਰੀ (ਵਿਕਟਕੀਪਰ), ਸਯਾਲੀ ਸਤਗਾਰੇ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਤੇਜਲ ਹਸਬਨੀਸ, ਸਾਇਮਾ ਠਾਕੋਰ, ਪ੍ਰਿਆ ਮਿਸ਼ਰਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ।
ਨਿਊਜ਼ੀਲੈਂਡ : ਸੋਫੀ ਡਿਵਾਈਨ (ਕਪਤਾਨ), ਸੂਜ਼ੀ ਬੇਟਸ, ਈਡਨ ਕਾਰਸਨ, ਲੌਰੇਨ ਡਾਊਨ, ਇਜ਼ੀ ਗੇਜ਼ (ਵਿਕਟਕੀਪਰ), ਮੈਡੀ ਗ੍ਰੀਨ, ਬਰੂਕ ਹਾਲੀਡੇ, ਪੋਲੀ ਇੰਗਲਿਸ (ਵਿਕਟਕੀਪਰ), ਫ੍ਰੈਨ ਜੋਨਸ, ਜੇਸ ਕੇਰ, ਮੇਲੀ ਕੇਰ, ਮੌਲੀ ਪੇਨਫੋਲਡ, ਜਾਰਜੀਆ ਪਲਿਮਰ , ਹੰਨਾਹ ਰੋਵੇ , ਲੀ ਤਾਹੂਹੂ ।
ਸਮਾਂ: ਦੁਪਹਿਰ 1.30 ਵਜੇ ਤੋਂ।
ਪੁਣੇ ਟੈਸਟ : ਵਿਰਾਟ ਕੋਹਲੀ ਦੀਆਂ ਨਜ਼ਰਾਂ 4 ਵੱਡੇ ਰਿਕਾਰਡ ਤੋੜਨ 'ਤੇ
NEXT STORY