ਸਪੋਰਟਸ ਡੈਸਕ– ਸਟ੍ਰਾਈਕਰ ਵੰਦਨਾ ਕਟਾਰੀਆ ਦੀ ਇਤਿਹਾਸਕ ਹੈਟ੍ਰਿਕ ਦੇ ਦਮ ’ਤੇ ਭਾਰਤ ਨੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਹੇਠਲੀ ਰੈਂਕਿੰਗ ਵਾਲੀ ਦੱਖਣੀ ਅਫ਼ਰੀਕਾ ਟੀਮ ਨੂੰ 4-3 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਦੀ ਉਮੀਦਾਂ ਬਰਕਰਾਰ ਰੱਖੀਆਂ ਹਨ। ਵੰਦਨਾ ਨੇ ਚੌਥੇ, 17ਵੇਂ ਤੇ 49ਵੇਂ ਮਿੰਟ ’ਤੇ ਗੋਲ ਕੀਤੇ। ਉਹ ਓਲੰਪਿਕ ਦੇ ਇਤਿਹਾਸ ’ਚ ਹੈਟ੍ਰਿਕ ਲਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ। ਨੇਹਾ ਗੋਇਲ ਨੇ 32 ਮਿੰਟ ’ਚ ਇਕ ਗੋਲ ਦਾਗ਼ਿਆ। ਦੱਖਣੀ ਅਫ਼ਰੀਕਾ ਲਈ ਟੇਰਿਨ ਗਲਸਬੀ (15ਵੇਂ), ਕਪਤਾਨ ਐਰਿਨ ਹੰਟਰ (30ਵੇਂ) ਤੇ ਮੇਰੀਜੇਨ ਮਰਾਈਸ (39ਵੇਂ ਮਿੰਟ) ’ਚ ਗੋਲ ਦਾਗ਼ੇ।
ਇਹ ਵੀ ਪੜ੍ਹੋ : Tokyo Olympics : ਕਮਲਪ੍ਰੀਤ ਕੌਰ ਤੋਂ ਤਮਗ਼ੇ ਦੀਆਂ ਉਮੀਦਾਂ, ਡਿਸਕਸ ਥ੍ਰੋਅ ਦੇ ਫ਼ਾਈਨਲ ’ਚ ਪੁੱਜੀ
ਭਾਰਤ ਨੇ ਗਰੁੱਪ ਪੜਾਅ ’ਚ ਪਹਿਲੇ ਤਿੰਨ ਮੈਚ ਹਾਰਨ ਦੇ ਬਾਅਦ ਆਖ਼ਰੀ ਦੋ ਮੈਚਾਂ ’ਚ ਜਿੱਤ ਦਰਜ ਕੀਤੀ ਹੈ। ਭਾਰਤੀ ਖ਼ੇਮੇ ਨੂੰ ਹੁਣ ਦੁਆ ਕਰਨੀ ਹੋਵੇਗੀ ਕਿ ਬ੍ਰਿਟੇਨ ਗਰੁੱਪ ਏ ਦੇ ਆਖ਼ਰੀ ਪੂਲ ਮੈਚ ’ਚ ਆਇਰਲੈਂਡ ਨੂੰ ਹਰਾ ਦੇਵੇ ਜਂ ਡਰਾਅ ਖੇਡੇ। ਹਰ ਪੂਲ ’ਚੋਂ ਚੋਟੀ ਦੀਆਂ ਚਾਰ ਟੀਮਾਂ ਨਾਕਆਊਟ ਪੜਾਅ ਖੇਡਣਗੀਆਂ। ਭਾਰਤ ਨੂੰ ਪ੍ਰਤੀਯੋਗਿਤਾ ’ਚ ਬਣੇ ਰਹਿਣ ਲਈ ਹਰ ਹਾਲਤ ’ਚ ਇਹ ਮੈਚ ਜਿੱਤਣਾ ਸੀ। ਭਾਰਤੀ ਟੀਮ ਨੇ ਪਹਿਲੇ ਮਿੰਟ ਤੋਂ ਹੀ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਮੈਚ ਦੇ ਪਹਿਲੇ ਦੋ ਮਿੰਟ ’ਚ ਭਾਰਤ ਨੂੰ ਦੋ ਪੈਨਲਟੀ ਕਾਰਨਰ ਮਿਲੇ ਪਰ ਡ੍ਰੈਗ ਫਲਿਕਰ ਗੁਰਜੀਤ ਕੌਰ ਦੀ ਖ਼ਰਾਬ ਫ਼ਾਰਮ ਜਾਰੀ ਰਹੀ। ਭਾਰਤ ਦਾ ਖ਼ਾਤਾ ਚੌਥੇ ਮਿੰਟ ’ਚ ਵੰਦਨਾ ਨੇ ਖੋਲਿਆ । ਸੱਜੇ ਫਲੈਂਕ ਨਾਲ ਨਵਨੀਤ ਕੌਰ ਦੇ ਬਣਾਏ ਮੂਵ ’ਤੇ ਕਰੀਬ ਨਾਲ ਗੇਂਦ ਲੈ ਕੇ ਵੰਦਨਾ ਨੇ ਇਹ ਗੋਲ ਕੀਤਾ। ਇਸ ਤੋਂ ਬਾਅਦ ਵੀ ਭਾਰਤੀਆਂ ਨੇ ਆਪਣਾ ਦਬਦਬਾ ਬਣਾਏ ਰਖਿਆ ਤੇ ਦੱਖਣੀ ਅਫਰੀਕਾ ਦੇ ਗੋਲ ’ਤੇ ਕਈ ਹਮਲੇ ਬੋਲੇ। ਪਹਿਲੇ ਕੁਆਰਟਰ ਦੇ ਆਖ਼ਰੀ ਪਲਾਂ ’ਚ ਹਾਲਾਂਕਿ ਗਲਾਸਬੀ ਦੇ ਗੋਲ ’ਤੇ ਦੱਖਣੀ ਅਫਰੀਕਾ ਨੇ ਬਰਾਬਰੀ ਕੀਤੀ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕਸ : ਅਮਿਤ ਪੰਘਾਲ ਹਾਰੇ, ਕੋਲੰਬੀਆਈ ਮੁੱਕੇਬਾਜ਼ ਨੇ ਦਿੱਤੀ ਮਾਤ
ਦੂਜੇ ਕੁਆਰਟਰ ਦੇ ਦੂਜੇ ਮਿੰਟ ’ਚ ਵੰਦਨਾ ਨੇ ਫਿਰ ਭਾਰਤ ਨੂੰ ਬੜ੍ਹਤ ਦਿਵਾਈ ਤੇ ਪੈਨਲਟੀ ਕਾਰਨਰ ’ਤੇ ਗੋਲ ਕੀਤਾ। ਭਾਰਤ ਨੂੰ ਇਸੇ ਕੁਆਰਟਰ ’ਚ ਤਿੰਨ ਮੌਕੇ ਮਿਲੇ ਪਰ ਗੋਲ ਨਾ ਹੋ ਸਕਿਆ। ਪਹਿਲੇ ਕੁਆਰਟਰ ਦੀ ਤਰ੍ਹਾਂ ਭਾਰਤ ਨੇ ਹਾਫ ਟਾਈਮ ਤੋਂ ਠੀਕ ਪਹਿਲਾਂ ਬੜ੍ਹਤ ਗੁਆ ਦਿੱਤੀ। ਹੰਟਰ ਨੇ ਆਪਣੀ ਟੀਮ ਨੂੰ ਮਿਲੇ ਪਹਿਲੇ ਪੈਨਲਟੀ ਕਾਰਨਰ ’ਤੇ ਬਰਾਬਰੀ ਦਾ ਗੋਲ ਕੀਤਾ। ਦੂਜੇ ਹਾਫ ’ਚ ਨੇਹਾ ਨੇ ਦੂਜੇ ਹੀ ਮਿੰਟ ’ਤੇ ਪੈਨਲਟੀ ਕਾਰਨਰ ’ਤੇ ਲਏ ਗਏ ਵੈਰੀਏਸ਼ਨ ’ਤੇ ਗੋਲ ਕੀਤਾ। ਇਕ ਵਾਰ ਫਿਰ ਮਰਾਈਸ ਦੇ ਗੋਲ ਨਾਲ ਦੱਖਣੀ ਅਫ਼ਰੀਕਾ ਨੇ ਬਰਾਬਰੀ ਕੀਤੀ।ਭਾਰਤ ਲਈ ਚੌਥਾ ਗੋਲ 49ਵੇਂ ਮਿੰਟ ’ਚ ਵੰਦਨਾ ਨੇ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਵੀਂ ਲੁੱਕ ’ਚ ਨਜ਼ਰ ਆਏ ‘ਕੈਪਟਨ ਕੂਲ’ ਧੋਨੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ
NEXT STORY