ਸਪੋਰਟਸ ਡੈਸਕ : ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਜਿਨ੍ਹਾਂ ਨੂੰ ਸਰਪੰਚ ਸਾਬ੍ਹ ਵੀ ਕਿਹਾ ਜਾਂਦਾ ਹੈ ਨੂੰ ਖੁਸ਼ਖਬਰੀ ਮਿਲੀ ਹੈ। 30 ਸਾਲਾ ਸਟਾਰ ਖਿਡਾਰੀ ਹਰਮਨਪ੍ਰੀਤ ਸਿੰਘ ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਅਮਨਦੀਪ ਕੌਰ ਨੇ ਇਸ ਹਫ਼ਤੇ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ ਹੈ। ਹਾਕੀ ਜਗਤ ਅਤੇ ਸਾਥੀ ਖਿਡਾਰੀਆਂ ਵੱਲੋਂ ਕਪਤਾਨ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖੁਸ਼ੀ
ਹਰਮਨਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਦਿਆਂ ਲਿਖਿਆ, "ਸਾਡੀ ਦੂਜੀ ਨਿੱਕੀ ਰਾਜਕੁਮਾਰੀ ਦਾ ਸੁਆਗਤ ਹੈ। ਦੁੱਗਣਾ ਪਿਆਰ, ਦੁੱਗਣੀ ਖੁਸ਼ੀ। ਇੱਕ ਹੋਰ ਅਸ਼ੀਰਵਾਦ, ਸਾਡੀ ਪਿਆਰੀ ਬੇਟੀ"। ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਅਤੇ ਅਮਨਦੀਪ ਦੀ ਪਹਿਲੀ ਧੀ ਰੁਹਾਨਤ ਕੌਰ ਦਾ ਜਨਮ ਸਾਲ 2023 ਦੇ ਅੱਧ ਵਿੱਚ ਹੋਇਆ ਸੀ।
ਪਰਿਵਾਰ ਲਈ ਛੱਡਿਆ ਸੀ ਆਸਟ੍ਰੇਲੀਆ ਦੌਰਾ
ਆਪਣੇ ਪਰਿਵਾਰ ਦੇ ਨਾਲ ਰਹਿਣ ਅਤੇ ਦੂਜੇ ਬੱਚੇ ਦੇ ਜਨਮ ਲਈ ਹਰਮਨਪ੍ਰੀਤ ਸਿੰਘ ਨੇ ਮੇਨਜ਼ FIH ਪ੍ਰੋ ਲੀਗ ਦੇ ਹੋਬਾਰਟ (ਆਸਟ੍ਰੇਲੀਆ) ਪੜਾਅ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ। ਉਨ੍ਹਾਂ ਨੇ ਇਸ ਬਾਰੇ ਟੀਮ ਪ੍ਰਬੰਧਨ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਅਤੇ ਉਹ ਚੋਣ ਲਈ ਉਪਲਬਧ ਨਹੀਂ ਸਨ। ਹਰਮਨਪ੍ਰੀਤ ਦੀ ਗੈਰ-ਮੌਜੂਦਗੀ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਹੋਬਾਰਟ ਵਿੱਚ ਨਿਰਾਸ਼ਾਜਨਕ ਰਿਹਾ ਅਤੇ ਟੀਮ ਬਿਨਾਂ ਕੋਈ ਮੈਚ ਜਿੱਤੇ ਵਾਪਸ ਪਰਤੀ। ਭਾਰਤ ਇਸ ਸਮੇਂ 8 ਮੈਚਾਂ ਵਿੱਚੋਂ ਸਿਰਫ਼ ਚਾਰ ਅੰਕਾਂ ਨਾਲ ਅੰਕ ਸੂਚੀ ਵਿੱਚ ਅੱਠਵੇਂ ਸਥਾਨ 'ਤੇ ਹੈ।
ਜਲਦ ਹੋਵੇਗੀ ਮੈਦਾਨ 'ਤੇ ਵਾਪਸੀ
ਹਰਮਨਪ੍ਰੀਤ ਸਿੰਘ ਦੇ ਹੋਬਾਰਟ ਪੜਾਅ ਤੋਂ ਬਾਅਦ ਮੁੜ ਟੀਮ ਨਾਲ ਜੁੜਨ ਦੀ ਉਮੀਦ ਹੈ। ਉਹ ਮਲੇਸ਼ੀਆ ਵਿੱਚ ਹੋਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਦੌਰਾਨ ਮੁੜ ਭਾਰਤੀ ਟੀਮ ਦੀ ਕਪਤਾਨੀ ਕਰਦੇ ਹੋਏ ਮੈਦਾਨ ਵਿੱਚ ਨਜ਼ਰ ਆ ਸਕਦੇ ਹਨ।
ਈਰਾਨ-ਇਜ਼ਰਾਈਲ ਜੰਗ ਦਾ T20 WC ਵੀ ਪਿਆ ਅਸਰ; ICC ਨੇ ਐਮਰਜੈਂਸੀ ਪਲਾਨ ਕੀਤਾ ਸਰਗਰਮ
NEXT STORY