ਸਪੋਰਟਸ ਡੈਸਕ- ਮੁੱਲਾਂਪੁਰ ਕ੍ਰਿਕਟ ਸਟੇਡੀਅਮ 'ਚ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਹੈਦਰਾਬਾਦ ਨੇ ਪੰਜਾਬ ਨੂੰ ਸਿਰਫ਼ 2 ਦੌੜਾਂ ਨਾਲ ਹਰਾ ਦਿੱਤਾ ਹੈ। ਆਖ਼ਰੀ ਓਵਰ 'ਚ ਤਾਬੜਤੋੜ ਹਿਟਿੰਗ ਦੇ ਬਾਵਜੂਦ ਪੰਜਾਬ ਦੀ ਟੀਮ ਜਿੱਤ ਦੇ ਨੇੜੇ ਪਹੁੰਚ ਕੇ ਵੀ ਜਿੱਤ ਹਾਸਲ ਨਾ ਕਰ ਸੀ।

ਪੰਜਾਬ ਦੇ ਕਪਤਾਨ ਸ਼ਿਖ਼ਰ ਧਵਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਨੇ ਨਿਤੀਸ਼ ਕੁਮਾਰ ਰੈੱਡੀ ਦੀ 37 ਗੇਂਦਾਂ 'ਚ 4 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 67 ਦੌੜਾਂ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਅਬਦੁਲ ਸਮਦ (25) ਅਤੇ ਟ੍ਰੈਵਿਸ ਹੈੱਡ (21) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 9 ਵਿਕਟਾਂ ਗੁਆ ਕੇ 182 ਦੌੜਾਂ ਬਣਾਈਆਂ।

183 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਟੀਮ ਨਿਯਮਿਤ ਅੰਤਰਾਲ 'ਤੇ ਵਿਕਟਾਂ ਗੁਆਉਂਦੀ ਰਹੀ। ਕਪਤਾਨ ਸ਼ਿਖ਼ਰ ਧਵਨ 14 ਦੌੜਾਂ ਬਣਾ ਕੇ ਆਊਟ ਹੋ ਗਿਆ। ਜਾਨੀ ਬੇਅਰਸਟਾ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਿਆ।

ਇੰਪੈਕਟ ਪਲੇਅਰ ਦੇ ਰੂਪ 'ਚ ਆਇਆ ਪ੍ਰਭਸਿਮਰਨ ਸਿੰਘ ਵੀ ਕੁਝ ਖ਼ਾਸ ਨਾ ਕਰ ਸਕਿਆ ਤੇ 4 ਦੌੜਾਂ ਬਣਾ ਕੇ ਆਊਟ ਹੋ ਗਿਆ। ਸੈਮ ਕਰਨ ਨੇ ਕੁਝ ਸਮਾਂ ਮੋਰਚਾ ਸੰਭਾਲਿਆ ਤੇ 22 ਗੇਂਦਾਂ 'ਚ 29 ਦੌੜਾਂ ਬਣਾਈਆਂ। ਸਿਕੰਦਰ ਰਜ਼ਾ ਨੇ ਵੀ 22 ਗੇਂਦਾਂ 'ਚ 28 ਦੌੜਾਂ ਦੀ ਪਾਰੀ ਖੇਡੀ। ਜਿਤੇਸ਼ ਸ਼ਰਮਾ ਨੇ 11 ਗੇਂਦਾਂ 'ਚ 19 ਦੌੜਾਂ ਬਣਾਈਆਂ ਤੇ ਉਹ ਨਿਤੀਸ਼ ਰੈੱਡੀ ਦੀ ਗੇਂਦ 'ਤੇ ਆਊਟ ਹੋ ਗਿਆ। ਟੀਮ ਨੂੰ ਆਖ਼ਰੀ ਓਵਰ 'ਚ 29 ਦੌੜਾਂ ਦੀ ਲੋੜ ਸੀ।

ਜੈਦੇਵ ਉਨਾਦਕਟ ਵੱਲੋਂ ਕਰਵਾਏ ਗਏ ਆਖ਼ਰੀ ਓਵਰ ਦੀ ਪਹਿਲੀ ਗੇਂਦ 'ਤੇ ਆਸ਼ੁਤੋਸ਼ ਸ਼ਰਮਾ ਨੇ ਛੱਕਾ ਲਗਾ ਦਿੱਤਾ। ਇਸ ਤੋਂ ਬਾਅਦ ਅਗਲੀਆਂ 2 ਗੇਂਦਾਂ ਜੈਦੇਵ ਨੇ ਵਾਈਡ ਮਾਰ ਦਿੱਤੀਆਂ। ਉਸ ਤੋਂ ਬਾਅਦ ਇਕ ਹੋਰ ਛੱਕਾ ਲਗਾ ਦਿੱਤਾ ਤੇ ਮੈਚ ਨੂੰ ਰੋਮਾਂਚਕ ਸਥਿਤੀ 'ਚ ਲਿਆ ਕੇ ਖੜ੍ਹਾ ਕਰ ਦਿੱਤਾ। ਆਖ਼ਰੀ ਗੇਂਦ 'ਤੇ ਵੀ ਆਸ਼ੁਤੋਸ਼ ਨੇ ਛੱਕਾ ਮਾਰਿਆ, ਪਰ ਇਹ ਕਾਫ਼ੀ ਨਹੀਂ ਸੀ। ਅੰਤ 'ਚ ਇਹ ਰੋਮਾਂਚਕ ਮੁਕਾਬਲਾ ਹੈਦਰਾਬਾਦ ਨੇ ਸਿਰਫ਼ 2 ਦੌੜਾਂ ਦੇ ਫ਼ਰਕ ਨਾਲ ਆਪਣੇ ਨਾਂ ਕਰ ਲਿਆ।

ਪੰਜਾਬ ਲਈ ਅਖ਼ੀਰ 'ਚ ਪਿਛਲੇ ਮੈਚ ਦੇ ਸਟਾਰ ਸ਼ਸ਼ਾਂਕ ਸਿੰਘ ਤੇ ਆਸ਼ੁਤੋਸ਼ ਸ਼ਰਮਾ ਨੇ ਆਖ਼ਰੀ ਓਵਰਾਂ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਟੀਮ ਨੂੰ ਜਿਤਾਉਣ ਲਈ ਜੀਅ-ਜਾਨ ਲਗਾ ਦਿੱਤੀ, ਪਰ ਉਹ ਟੀਚਾ ਹਾਸਲ ਕਰਨ 'ਚ ਸਫ਼ਲ ਨਾ ਹੋ ਸਕੇ। ਸ਼ਸ਼ਾਂਕ ਨੇ 25 ਗੇਂਦਾਂ 'ਚ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਨਾਬਾਦ 46, ਜਦਕਿ ਆਸ਼ੁਤੋਸ਼ ਸ਼ਰਮਾ ਨੇ 15 ਗੇਂਦਾਂ 'ਚ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਨਾਬਾਦ 33 ਦੌੜਾਂ ਬਣਾਈਆਂ। ਇਹ ਦੋਵੇਂ ਪੰਜਾਬ ਲਈ ਟਾਪ ਸਕੋਰਰ ਰਹੇ।

ਇਸ ਜਿੱਤ ਦੇ ਨਾਲ ਹੈਦਰਾਬਾਦ ਦੇ 5 ਮੈਚਾਂ 'ਚ 3 ਜਿੱਤਾਂ ਨਾਲ 6 ਅੰਕ ਹੋ ਗਏ ਹਨ, ਜਿਸ ਨਾਲ ਉਹ ਪੁਆਇੰਟ ਟੇਬਲ 'ਚ 5ਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਪੰਜਾਬ 5 ਮੈਚਾਂ 'ਚੋਂ 2 ਜਿੱਤਾਂ ਤੇ 3 ਹਾਰਾਂ ਨਾਲ 4 ਅੰਕ ਲੈ ਕੇ 6ਵੇਂ ਸਥਾਨ 'ਤੇ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
FC ਗੋਆ ਨੇ ਜਮਸ਼ੇਦਪੁਰ FC ਨੂੰ ਹਰਾਇਆ, ਅੰਕ ਸੂਚੀ 'ਚ ਤੀਜੇ ਸਥਾਨ 'ਤੇ ਪਹੁੰਚੀ
NEXT STORY