ਸਪੋਰਟਸ ਡੈਸਕ— ਰਣਜੀ ਟਰਾਫੀ 2020 ਦੇ ਪਹਿਲੇ ਸੈਮੀਫਾਈਨਲ ’ਚ ਸੌਰਾਸ਼ਟਰ ਨੇ ਗੁਜਰਾਤ ਨੂੰ 92 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ’ਚ ਸੌਰਾਸ਼ਟਰ ਦੇ ਕਪਤਾਨ ਜੈਦੇਵ ਉਨਾਦਕਟ ਨੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਪਹਿਲੀ ਪਾਰੀ ’ਚ 86 ਦੌੜਾਂ ਦੇ ਕੇ 3 ਅਤੇ ਦੂਜੀ ਪਾਰੀ ’ਚ 56 ਦੌੜਾਂ ਦੇ ਕੇ 7 ਵਿਕਟਾਂ ਲਈਆਂ ਹਨ। ਉਨ੍ਹਾਂ ਦੇ ਇਸ ਰਣਜੀ ਟਰਾਫੀ ਟੂਰਨਾਮੈਂਟ ’ਚ ਅਜੇ ਤਕ 65 ਵਿਕਟ ਹੋ ਗਏ ਹਨ ਅਤੇ ਉਹ ਇਸ ਪ੍ਰਤੀਯੋਗਿਤਾ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਤੇਜ਼ ਗੇਂਦਬਾਜ਼ ਬਣ ਗਏ। ਉਨ੍ਹਾਂ ਨੇ ਕਰਨਾਟਕ ਦੇ ਡੋਡਾ ਗਣੇਸ਼ ਦਾ ਰਿਕਾਰਡ ਤੋੜਿਆ। ਡੋਡਾ ਗਣੇਸ਼ ਨੇ ਰਣਜੀ ਟਰਾਫੀ ਦੇ 1998-99 ਸੀਜ਼ਨ ’ਚ 62 ਵਿਕਟਾਂ ਲਈਆਂ ਸਨ।
ਜੈਦੇਵ ਉਨਾਦਕਟ ਨੇ ਬਿਸ਼ਨ ਸਿੰਘ ਬੇਦੀ ਦਾ ਵੀ ਰਿਕਾਰਡ ਤੋੜ ਦਿੱਤਾ ਹੈ। 67 ਟੈਸਟ ਮੈਚਾਂ ’ਚ 266 ਵਿਕਟਾਂ ਲੈਣ ਵਾਲੇ ਬਿਸ਼ਨ ਸਿੰਘ ਬੇਦੀ ਨੇ ਰਣਜੀ ਟਰਾਫੀ ਦੇ 1974-75 ਸੀਜ਼ਨ ’ਚ 64 ਵਿਕਟ ਹਾਸਲ ਕੀਤੇ ਸਨ। ਹਾਲਾਂਕਿ ਰਣਜੀ ਦੇ ਇਤਿਹਾਸ ’ਚ ਕਿਸੇ ਇਕ ਸੀਜ਼ਨ ’ਚ ਸਭ ਤੋਂ ਜ਼ਿਆਦਾ ਵਿਕਟ ਲੈਣ ਦਾ ਰਿਕਾਰਡ ਬਿਹਾਰ ਦੇ ਆਸ਼ੁਤੋਸ਼ ਅਮਨ ਦੇ ਨਾਂ ਹੈ। ਆਸ਼ੁਤੋਸ਼ ਅਮਨ ਨੇ 2018-19 ਦੇ ਸੀਜ਼ਨ ’ਚ 68 ਵਿਕਟਾਂ ਲਈਆਂ ਸਨ। ਜੈਦੇਵ ਉਨਾਦਕਟ ਦਾ ਅਜੇ ਤਕ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਹੈ ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਇਹ ਰਿਕਾਰਡ ਵੀ ਤੋੜ ਸਕਦੇ ਹਨ। ਅਜੇ ਉਨ੍ਹਾਂ ਨੇ ਫਾਈਨਲ ਖੇਡਣਾ ਹੈ ਅਤੇ ਖ਼ਿਤਾਬੀ ਮੁਕਾਬਲੇ ’ਚ ਜੇਕਰ ਉਹ 4 ਵਿਕਟਾਂ ਵੀ ਲੈ ਲੈਂਦੇ ਹਨ ਤਾਂ ਰਣਜੀ ਟਰਾਫੀ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਜਾਣਗੇ। ਰਣਜੀ ਟਰਾਫੀ 2020 ਦਾ ਫਾਈਨਲ 9 ਅਤੇ 13 ਮਾਰਚ ਵਿਚਾਲੇ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ’ਤੇ ਸੌਰਾਸ਼ਟਰ ਅਤੇ ਬੰਗਾਲ ਵਿਚਾਲੇ ਖੇਡਿਆ ਜਾਵੇਗਾ।
ਕੋਹਲੀ ਦੀ ਖਰਾਬ ਲੈਅ ’ਤੇ ਸਹਿਵਾਗ ਨੇ ਦਿੱਤਾ ਇਹ ਵੱਡਾ ਬਿਆਨ
NEXT STORY