ਸਪੋਰਟਸ ਡੈਸਕ- ਨਿਊਜ਼ੀਲੈਂਡ ਦੇ ਦਿੱਗਜ ਬੱਲੇਬਾਜ਼ ਅਤੇ ਸਾਬਕਾ ਕਪਤਾਨ ਕੇਨ ਵਿਲੀਅਮਸਨ ਨੇ ਆਪਣੇ 14 ਸਾਲ ਦੇ ਲੰਬੇ ਕਰੀਅਰ ਤੋਂ ਬਾਅਦ T20I ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੇਨ ਵਿਲੀਅਮਸਨ ਨੇ ਅਜਿਹੇ ਸਮੇਂ ਟੀ20 ਤੋਂ ਸੰਨਿਆਸ ਲਿਆ ਹੈ ਜਦੋਂ ਟੀ20 ਵਰਲਡ ਕੱਪ ਨੂੰ ਕੁਝ ਮਹੀਨੇ ਹੀ ਬਚੇ ਹਨ। ਵਿਲੀਅਮਸਨ ਦੇ ਫੈਸਲੇ ਦੀ ਜਾਣਕਾਰੀ ਨਿਊਜ਼ੀਲੈਂਡ ਕ੍ਰਿਕਟ ਬੋਰਡ (NZC) ਨੇ ਸੋਸ਼ਲ ਮੀਡੀਆ 'ਤੇ ਦਿੱਤੀ।
ਬੱਲੇਬਾਜ਼ ਨੇ ਸਪੱਸ਼ਟ ਕੀਤਾ ਹੈ ਕਿ ਉਹ ਨਿਊਜ਼ੀਲੈਂਡ ਲਈ ਵਨਡੇ (ODI) ਅਤੇ ਟੈਸਟ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਵਿਲੀਅਮਸਨ ਨੇ ਸਾਲ 2011 ਵਿੱਚ ਇਸ ਛੋਟੇ ਫਾਰਮੈਟ ਵਿੱਚ ਡੈਬਿਊ ਕੀਤਾ ਸੀ। ਲੰਬੇ ਸਮੇਂ ਤੋਂ ਉਨ੍ਹਾਂ ਦੇ ਭਵਿੱਖ ਬਾਰੇ ਚੱਲ ਰਹੀਆਂ ਅਟਕਲਾਂ 'ਤੇ ਹੁਣ ਵਿਰਾਮ ਲੱਗ ਗਿਆ ਹੈ। ਉਹ ਦੁਨੀਆ ਭਰ ਦੀਆਂ T20 ਲੀਗਾਂ ਵਿੱਚ ਖੇਡਦੇ ਰਹਿਣਗੇ।

ਕੇਨ ਵਿਲੀਅਮਸਨ ਨੇ ਕੀ ਕਿਹਾ?
T20I ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਹੋਏ ਕੇਨ ਵਿਲੀਅਮਸਨ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਇਸ ਦਾ ਹਿੱਸਾ ਬਣਨਾ ਪਸੰਦ ਸੀ, ਅਤੇ ਉਹ ਇਨ੍ਹਾਂ ਯਾਦਾਂ ਅਤੇ ਤਜ਼ਰਬਿਆਂ ਲਈ ਬਹੁਤ ਸ਼ੁਕਰਗੁਜ਼ਾਰ ਹਨ। ਉਨ੍ਹਾਂ ਕਿਹਾ, "ਇਹ ਮੇਰੇ ਅਤੇ ਟੀਮ ਲਈ ਸਹੀ ਸਮਾਂ ਹੈ। ਇਸ ਨਾਲ ਟੀਮ ਨੂੰ ਅੱਗੇ ਦੀ ਸੀਰੀਜ਼ ਅਤੇ ਆਪਣੇ ਅਗਲੇ ਮੁੱਖ ਟੀਚੇ, T20I ਵਰਲਡ ਕੱਪ ਲਈ ਸਪੱਸ਼ਟਤਾ ਮਿਲਦੀ ਹੈ"।
T20I ਵਿੱਚ ਕੇਨ ਦਾ ਪ੍ਰਦਰਸ਼ਨ:
ਵਿਲੀਅਮਸਨ T20I ਵਿੱਚ ਨਿਊਜ਼ੀਲੈਂਡ ਲਈ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।
• ਉਨ੍ਹਾਂ ਨੇ 93 T20I ਮੈਚਾਂ ਵਿੱਚ 33.44 ਦੀ ਔਸਤ ਨਾਲ 2,575 ਦੌੜਾਂ ਬਣਾਈਆਂ।
• ਇਸ ਵਿੱਚ 18 ਅਰਧ ਸੈਂਕੜੇ ਸ਼ਾਮਲ ਹਨ।
• ਉਨ੍ਹਾਂ ਨੇ 75 ਮੈਚਾਂ ਵਿੱਚ ਨਿਊਜ਼ੀਲੈਂਡ ਟੀਮ ਦੀ ਕਪਤਾਨੀ ਕੀਤੀ, ਜਿਸ ਵਿੱਚੋਂ 'ਬਲੈਕ ਕੈਪਸ' ਨੇ 39 ਮੈਚ ਜਿੱਤੇ।
ਉਨ੍ਹਾਂ ਦੀ ਕਪਤਾਨੀ ਵਿੱਚ, ਨਿਊਜ਼ੀਲੈਂਡ 2016 ਅਤੇ 2022 ਵਿੱਚ T20I ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਸੀ, ਜਦੋਂ ਕਿ 2021 T20I ਵਰਲਡ ਕੱਪ ਦੇ ਫਾਈਨਲ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦੀ ਸਰਵੋਤਮ ਪਾਰੀ 2021 T20I ਵਰਲਡ ਕੱਪ ਫਾਈਨਲ ਵਿੱਚ ਆਸਟ੍ਰੇਲੀਆ ਦੇ ਖਿਲਾਫ 48 ਗੇਂਦਾਂ ਵਿੱਚ 85 ਦੌੜਾਂ ਦੀ ਸੀ।
ਸੁਰਜੀਤ ਹਾਕੀ: ਇੰਡੀਅਨ ਆਇਲ ਮੁੰਬਈ ਨੇ ਇੰਡੀਅਨ ਰੇਲਵੇ ਨੂੰ ਹਰਾ ਕੇ ਜਿੱਤਿਆ ਖਿਤਾਬ
NEXT STORY