ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਵਿਚਾਲੇ 29-30 ਨਵੰਬਰ ਨੂੰ ਹੋਣ ਵਾਲਾ ਡੇਵਿਸ ਕੱਪ ਮੁਕਾਬਲਾ ਕਜ਼ਾਕਿਸਤਾਨ ਦੀ ਰਾਜਧਾਨੀ ਨੂਰ ਸੁਲਤਾਨ ਵਿਚ ਆਯੋਜਿਤ ਕੀਤਾ ਜਾਵੇਗਾ। ਪਾਕਿਸਤਾਨ ਦੀ ਮੇਜ਼ਬਾਨੀ ਵਿਚ ਹੋਣ ਵਾਲਾ ਡੇਵਿਸ ਕੱਪ ਮੁਕਾਬਲਾ ਸੁਰੱਖਿਆ ਚਿੰਤਾਵਾਂ ਤੋਂ ਬਾਅਦ ਕਿਸੇ ਬਦਲਵੇਂ ਸਥਾਨ 'ਤੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਨੂੰ ਚੁਣਨ ਦਾ ਅਧਿਕਾਰ ਨਿਯਮਾਂ ਅਨੁਸਾਰ ਪਾਕਿਸਤਾਨ ਟੈਨਿਸ ਸੰਘ (ਪੀ. ਟੀ. ਐੱਫ.) ਨੂੰ ਦਿੱਤਾ ਗਿਆ ਸੀ ਪਰ ਪੀ. ਟੀ. ਐੱਫ. ਦੇ ਇਸ ਫੈਸਲੇ ਦੇ ਵਿਰੋਧ ਤੋਂ ਬਾਅਦ ਕੌਮਾਂਤਰੀ ਟੈਨਿਸ ਮਹਾਸੰਘ (ਆਈ. ਟੀ. ਐੱਫ.) ਨੇ ਨੂਰ ਸੁਲਤਾਨ ਵਿਚ ਇਸ ਮੁਕਾਬਲੇ ਨੂੰ ਕਰਵਾਉਣ ਦਾ ਅਧਿਕਾਰਤ ਐਲਾਨ ਕੀਤਾ ਹੈ।
ਭਾਰਤੀ ਟੈਨਿਸ ਖਿਡਾਰੀਆਂ ਨੇ ਪਾਕਿਸਤਾਨ ਦੀ ਮੇਜ਼ਬਾਨੀ ਵਿਚ ਹੋਣ ਵਾਲੇ ਮੁਕਾਬਲੇ ਨੂੰ ਲੈ ਕੇ ਸੁਰੱਖਿਆ ਪੱਖੋਂ ਚਿੰਤਾ ਜਤਾਈ ਸੀ, ਜਿਸ ਤੋਂ ਬਾਅਦ ਆਈ. ਟੀ. ਐੱਫ. ਦੇ ਆਜ਼ਾਦ ਪੈਨਲ ਨੇ ਡੇਵਿਸ ਕੱਪ ਕਮੇਟੀ ਦੇ 4 ਨਵੰਬਰ ਨੂੰ ਲਏ ਫੈਸਲੇ ਦਾ ਸਮਰਥਨ ਕਰਦਿਆਂ ਇਸ ਮੁਕਾਬਲੇ ਨੂੰ ਕਿਸੇ ਬਦਲਵੇਂ ਸਥਾਨ 'ਤੇ ਕਰਵਾਉਣ ਦਾ ਫੈਸਲਾ ਕੀਤਾ ਸੀ। ਪਾਕਿਸਤਾਨ ਟੈਨਿਸ ਸੰਘ ਨੇ ਆਈ. ਟੀ. ਐੱਫ. ਦੇ ਇਸ ਫੈਸਲੇ ਦਾ ਵਿਰੋਧ ਜਤਾਉਂਦਿਆਂ ਇਸ ਦੇ ਵਿਰੁੱਧ ਅਪੀਲ ਕੀਤੀ ਸੀ। ਅਖਿਲ ਭਾਰਤੀ ਟੈਨਿਸ ਮਹਾਸੰਘ (ਆਈ. ਏ. ਟੀ.) ਨੇ ਪੁਸ਼ਟੀ ਕੀਤੀ ਹੈ ਕਿ ਆਈ. ਟੀ. ਐੱਫ. ਨੇ ਨੂਰ ਸੁਲਤਾਨ ਵਿਚ ਡੇਵਿਸ ਕੱਪ ਮੁਕਾਬਲਾ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਬਦਲਵਾਂ ਸਥਾਨ ਚੁਣਿਆ ਗਿਆ ਹੈ।
ਪਹਿਲਾਂ ਇਹ ਮੁਕਾਬਲਾ ਸਤੰਬਰ 'ਚ ਹੋਣਾ ਸੀ
ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾ ਡੇਵਿਸ ਕੱਪ ਮੁਕਾਬਲਾ ਸਤੰਬਰ ਵਿਚ ਹੋਣਾ ਸੀ ਪਰ ਇਸ ਨੂੰ ਭਾਰਤੀ ਸੰਘ ਦੀਆਂ ਚਿੰਤਾਵਾਂ ਤੋਂ ਬਾਅਦ 29-30 ਨਵੰਬਰ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ। ਦੋਵਾਂ ਦੇਸ਼ਾਂ ਵਿਚਾਲੇ ਹਾਲ ਹੀ ਦੇ ਘਟਨਾਕ੍ਰਮ ਤੋਂ ਬਾਅਦ ਤਣਾਅ ਹੋਰ ਵੀ ਵਧ ਗਿਆ ਹੈ।
ਕਬੱਡੀ ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਰੇਡਰ ਤੇ ਸਟਾਪਰਾਂ ਦੀ ਚੋਣ
NEXT STORY