ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਕਰਨਾਟਕ ਦੇ ਸਾਬਕਾ ਤੇਜ਼ ਗੇਂਦਬਾਜ਼ ਐਸ.ਐਲ. ਅਕਸ਼ੈ (SL Akshay) ਦਾ ਐਤਵਾਰ ਨੂੰ ਇੱਕ ਲਾਈਵ ਮੈਚ ਦੌਰਾਨ ਦਿਲ ਦਾ ਦੌੜਾ ਪੈਣ ਕਾਰਨ ਦਿਹਾਂਤ ਹੋ ਗਿਆ। ਮਹਿਜ਼ 39 ਸਾਲ ਦੀ ਉਮਰ ਵਿੱਚ ਅਕਸ਼ੈ ਦੇ ਅਚਾਨਕ ਚਲੇ ਜਾਣ ਨਾਲ ਖੇਡ ਪ੍ਰੇਮੀਆਂ ਅਤੇ ਕ੍ਰਿਕਟ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਅਨੁਸਾਰ ਇਹ ਮੰਦਭਾਗੀ ਘਟਨਾ ਬੈਂਗਲੁਰੂ ਵਿੱਚ ਕਰਨਾਟਕ ਰਾਜ ਕ੍ਰਿਕਟ ਸੰਘ (KSCA) ਦੇ ਤੀਜੇ ਡਿਵੀਜ਼ਨ ਮੈਚ ਦੌਰਾਨ ਵਾਪਰੀ। ਅਕਸ਼ੈ 'ਸੈਫਾਇਰ ਕ੍ਰਿਕਟ ਕਲੱਬ' ਵੱਲੋਂ ਖੇਡ ਰਹੇ ਸਨ। ਮੈਚ ਵਿੱਚ ਚਾਰ ਓਵਰ ਗੇਂਦਬਾਜ਼ੀ ਕਰਨ ਤੋਂ ਬਾਅਦ ਉਨ੍ਹਾਂ ਨੇ ਅਚਾਨਕ ਬੇਚੈਨੀ ਮਹਿਸੂਸ ਹੋਣ ਦੀ ਸ਼ਿਕਾਇਤ ਕੀਤੀ ਅਤੇ ਮੈਦਾਨ ਤੋਂ ਬਾਹਰ ਚਲੇ ਗਏ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਐਸ.ਐਲ. ਅਕਸ਼ੈ ਕਰਨਾਟਕ ਦੀ ਉਸ ਮਜ਼ਬੂਤ ਟੀਮ ਦਾ ਹਿੱਸਾ ਰਹੇ ਸਨ, ਜਿਸ ਨੇ ਸਾਲ 2014-15 ਵਿੱਚ ਰਣਜੀ ਟਰਾਫੀ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਰਨਾਟਕ ਲਈ 6 ਫਰਸਟ ਕਲਾਸ, 3 ਲਿਸਟ-ਏ ਅਤੇ 9 ਟੀ-20 ਮੈਚ ਖੇਡੇ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣਾ ਆਖਰੀ ਫਰਸਟ ਕਲਾਸ ਮੈਚ ਭਾਰਤੀ ਸਟਾਰ ਖਿਡਾਰੀਆਂ ਕੇ.ਐੱਲ. ਰਾਹੁਲ ਅਤੇ ਮਨੀਸ਼ ਪਾਂਡੇ ਵਰਗੇ ਦਿੱਗਜਾਂ ਦੇ ਨਾਲ ਖੇਡਿਆ ਸੀ।
ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਉਹ ਖੇਡ ਨਾਲ ਜੁੜੇ ਰਹੇ। ਉਹ ਜੂਨੀਅਰ ਪੱਧਰ 'ਤੇ ਕੋਚਿੰਗ ਦੇ ਰਹੇ ਸਨ ਅਤੇ ਕਰਨਾਟਕ ਦੀ ਅੰਡਰ-19 ਟੀਮ ਦੇ ਨਾਲ ਵੀ ਕੰਮ ਕਰ ਰਹੇ ਸਨ। ਸਾਬਕਾ ਕ੍ਰਿਕਟਰ ਡੋਡਾ ਗਣੇਸ਼ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਇੱਕ ਨਰਮ ਸੁਭਾਅ ਵਾਲਾ ਇਨਸਾਨ ਦੱਸਿਆ ਹੈ। ਕਰਨਾਟਕ ਰਾਜ ਕ੍ਰਿਕਟ ਸੰਘ ਨੇ ਵੀ ਉਨ੍ਹਾਂ ਦੀ ਮੌਤ ਨੂੰ ਪੂਰੇ ਕ੍ਰਿਕਟ ਪਰਿਵਾਰ ਲਈ ਇੱਕ ਵੱਡਾ ਸਦਮਾ ਦੱਸਿਆ ਹੈ।
KKR vs DC: ਦਿੱਲੀ ਕੈਪੀਟਲਜ਼ ਨੇ ਕੋਲਕਾਤਾ ਨੂੰ ਦਿੱਤਾ 204 ਦੌੜਾਂ ਦਾ ਟੀਚਾ, KL ਰਾਹੁਲ ਨੇ ਖੇਡੀ ਤੂਫਾਨੀ ਪਾਰੀ
NEXT STORY