ਸਪੋਰਟਸ ਡੈਸਕ : ਆਈ. ਪੀ. ਐੱਲ. 2021 ’ਚ ਪੰਜਾਬ ਕਿੰਗਜ਼ ਲਈ ਖੇਡਣ ਵਾਲੇ ਹਰਪ੍ਰੀਤ ਬਰਾੜ ਨੇ ਹਾਲ ਹੀ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਆਪਣੀ ਮੈਚ ਵਿਨਿੰਗ ਗੇਂਦਬਾਜ਼ੀ ਬਾਰੇ ਗੱਲ ਕੀਤੀ। ਟੂਰਨਾਮੈਂਟ ਮੁਲਤਵੀ ਹੋਣ ਤੋਂ ਪਹਿਲਾਂ ਆਰ. ਸੀ. ਬੀ. ਖਿਲਾਫ਼ ਇਕ ਮੈਚ ਦੌਰਾਨ ਬਰਾੜ ਨੇ ਤਿੰਨ ਵੱਡੀਆਂ ਵਿਕਟਾਂ ਲਈਆਂ ਸਨ, ਜਿਸ ’ਚ ਵਿਰਾਟ ਕੋਹਲੀ, ਗਲੇਨ ਮੈਕਸਵੈੱਲ ਤੇ ਏ. ਬੀ. ਡਿਵਲੀਅਰਸ ਸ਼ਾਮਲ ਸਨ।
ਬਰਾੜ ਜੋ ਆਈ. ਪੀ. ਐੱਲ. ਦੇ ਪਿਛਲੇ ਦੋ ਸੈਸ਼ਨਾਂ ’ਚ ਖੇਡੇ ਗਏ ਆਪਣੇ ਤਿੰਨੋਂ ਮੈਚਾਂ ’ਚ ਵਿਕਟ ਲਈ ਸੰਘਰਸ਼ ਕਰ ਰਹੇ ਸਨ, ਨੇ ਖੁਲਾਸਾ ਕੀਤਾ ਕਿ ਕਿਵੇਂ ਉਸ ਨੇ ਖੇਡ ਦੀ ਪੂਰਬਲੀ ਸ਼ਾਮ ’ਤੇ ਖੁਦ ਨੂੰ ਮਾਨਸਿਕ ਤੌਰ ’ਤੇ ਤਿਆਰ ਕੀਤਾ, ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਆਰ. ਸੀ. ਬੀ. ਖਿਲਾਫ ਖੇਡਣਗੇ। ਖੱਬੇ ਹੱਥ ਦੇ ਗੇਂਦਬਾਜ਼ ਨੇ ਖੁਲਾਸਾ ਕੀਤਾ ਕਿ ਉਹ ਬਹੁਤ ਜ਼ਿਆਦਾ ਦੌੜਾਂ ਨਹੀਂ ਦੇਣ ’ਤੇ ਧਿਆਨ ਕੇਂਦ੍ਰਿਤ ਕਰ ਰਿਹਾ ਸੀ ਤੇ ਬੱਲੇਬਾਜ਼ਾਂ ਨੂੰ ਗਲਤੀ ਕਰਨ ਲਈ ਪ੍ਰੇਰਿਤ ਕਰਦਾ ਸੀ। ਇਕ ਸਪੋਰਟਸ ਵੈੱਬਸਾਈਟ ਨੂੰ ਇੰਟਰਵਿਊ ਦੌਰਾਨ ਬਰਾੜ ਨੇ ਕਿਹਾ ਕਿ ਮੈਚ ਦੀ ਪੂਰਬਲੀ ਸ਼ਾਮ ’ਤੇ ਮੈਨੂੰ ਤਿਆਰ ਰਹਿਣ ਲਈ ਕਿਹਾ ਗਿਆ ਸੀ। ਉਸ ਰਾਤ ਮੈਂ ਇਹ ਸੋਚ ਕੇ ਖੁਦ ਨੂੰ ਮਾਨਸਿਕ ਤੌਰ ’ਤੇ ਤਿਆਰ ਕੀਤਾ ਕਿ ਮੈਂ ਹਰ ਬੱਲੇਬਾਜ਼ ਨੂੰ ਕਿਵੇਂ ਗੇਂਦਬਾਜ਼ੀ ਕਰਾਂਗਾ। ਮੈਂ ਬਹੁਤ ਦੌੜਾਂ ਨਹੀਂ ਦੇਣਾ ਚਾਹੁੰਦਾ ਸੀ ਕਿਉਂਕਿ ਮੇਰੇ ਪਹਿਲੇ ਮੈਚ ’ਚ (2020 ਆਈ. ਪੀ. ਐੱਲ.) ਮੈਂ 40 ਦੌੜਾਂ ਦਿੱਤੀਆਂ ਸਨ।
ਪੰਜਾਬ ਦੇ ਲਈ ਖੇਡਣ ਵਾਲੇ ਇਸ ਗੇਂਦਬਾਜ਼ ਨੇ ਕਿਹਾ, ਮੈਨੂੰ ਪਤਾ ਸੀ ਕਿ ਜੇ ਮੈਂ ਦੌੜਾਂ ਨੂੰ ਰੋਕ ਸਕਦਾ ਹਾਂ ਤਾਂ ਵਿਕਟ ਆਪਣੇ ਆਪ ਆ ਜਾਣਗੇ। ਮੈਂ ਖੁਦ ਨੂੰ ਕਿਹਾ ਕਿ ਜੇ ਵਿਰਾਟ ਕੋਹਲੀ ਅਗਲੇ ਓਵਰ ਲਈ ਸਟ੍ਰਾਈਕ ’ਤੇ ਹਨ, ਤਾਂ ਮੈਨੂੰ ਜ਼ਿਆਦਾ ਸਾਵਧਾਨੀ ਵਰਤਣੀ ਹੋਵੇਗੀ। ਮੈਂ ਪਹਿਲੀ ਗੇਂਦ ’ਤੇ ਇਕ ਹੋਰ ਚੌਕਾ ਨਹੀਂ ਦੇਣਾ ਚਾਹੁੰਦਾ ਸੀ। ਹਰਪ੍ਰੀਤ ਬਰਾੜ ਨੇ ਆਖਿਰ 4 ਓਵਰਾਂ ’ਚ 3/19 ਦੇ ਅੰਕੜੇ ਨਾਲ ਮੈਚ ਸਮਾਪਤ ਕੀਤਾ ਤੇ ਉਨ੍ਹਾਂ ਨੇ ਮੈਚ ਜਿਤਾਉਣ ’ਚ ਅਹਿਮ ਭੁਮਿਕਾ ਲਈ ‘ਪਲੇਅਰ ਆਫ ਦਿ ਮੈਚ’ ਵੀ ਚੁਣਿਆ ਗਿਆ। ਉਨ੍ਹਾਂ ਨੇ ਕਿਹਾ, ਜ਼ਿੰਦਗੀ ਨੇ ਮੈਨੂੰ ਮੌਕੇ ਦਾ ਇੰਤਜਾ਼ਰ ਕਰਨਾ ਸਿਖਾਇਆ। ਮੈਂ ਸਿਰਫ ਇਕ ਵਿਕਟ ਲੈਣ ਬਾਰੇ ਸੋਚਿਆ ਸੀ। ਮੈਂ ਕਦੀ ਵਿਰਾਟ ਕੋਹਲੀ ਦਾ ਵਿਕਟ ਲੈਣ ਬਾਰੇ ਨਹੀਂ ਸੋਚਿਆ ਸੀ।
ਬਰਾੜ ਨੇ ਅੱਗੇ ਕਿਹਾ ਕਿ ਮੈਚ ਤੋਂ ਬਾਅਦ ਜਦੋਂ ਮੈਂ ਆਪਣੇ ਕਮਰੇ ’ਚ ਇਕੱਠਾ ਬੈਠਾ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਤਿੰਨ ਮੁੱਖ ਵਿਕਟਾਂ ਸਨ ਤੇ ਮੈਨੂੰ ਤਿੰਨੋਂ ਮਿਲੀਆਂ। ਜਿਵੇਂ ਕਹਿੰਦੇ ਹਨ ਕਿ ਜਦੋਂ ਭਗਵਾਨ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਤੁਹਾਨੂੰ ਸਖਤ ਮਿਹਨਤ ਕਰਦੇ ਰਹਿਣ ਤੇ ਧੀਰਜ ਅਪਣਾਉਣ ਦੀ ਜ਼ਰੂਰਤ ਹੈ।
ਗ਼ਰੀਬੀ ਨੂੰ ਮਾਤ ਦੇ ਕੇ ਕਰੋੜਾਂ ਦੇ ਮਾਲਕ ਬਣੇ ਟੀਮ ਇੰਡੀਆ ਦੇ ਇਹ ਕ੍ਰਿਕਟਰ, ਇੰਝ ਰਿਹਾ ਫ਼ਰਸ਼ ਤੋਂ ਅਰਸ਼ ਤਕ ਦਾ ਸਫ਼ਰ
NEXT STORY