ਸਪੋਰਟਸ ਡੈਸਕ- ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2026 ਦੇ 68ਵੇਂ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਇਸ ਜਿੱਤ ਦੇ ਨਾਲ ਪੰਜਾਬ ਦੀ ਟੀਮ ਪਲੇਅ-ਆਫ ਦੀ ਦੌੜ ਵਿੱਚ ਬਰਕਰਾਰ ਹੈ, ਜਦਕਿ ਲਖਨਊ ਦੀ ਟੀਮ ਪਹਿਲਾਂ ਹੀ ਇਸ ਦੌੜ ਤੋਂ ਬਾਹਰ ਹੋ ਚੁੱਕੀ ਹੈ।
197 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਖਰਾਬ ਰਹੀ। ਮੁਹੰਮਦ ਸ਼ਮੀ ਨੇ ਪਹਿਲੀ ਹੀ ਗੇਂਦ 'ਤੇ ਪ੍ਰਿਯਾਂਸ਼ ਆਰਿਆ ਨੂੰ ਅਰਜੁਨ ਤੇਂਦੁਲਕਰ ਦੇ ਹੱਥੋਂ ਕੈਚ ਕਰਵਾ ਕੇ ਪਵੇਲੀਅਨ ਭੇਜ ਦਿੱਤਾ। ਹਾਲਾਂਕਿ, ਇਸ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ ਮੋਰਚਾ ਸੰਭਾਲਿਆ ਅਤੇ ਮਹਿਜ਼ 51 ਗੇਂਦਾਂ ਵਿੱਚ ਅਜੇਤੂ 100 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਨ੍ਹਾਂ ਨੇ ਪ੍ਰਭਸਿਮਰਨ ਸਿੰਘ (69 ਦੌੜਾਂ) ਨਾਲ ਮਿਲ ਕੇ ਤੀਜੇ ਵਿਕਟ ਲਈ 140 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਪੰਜਾਬ ਨੇ ਇਹ ਟੀਚਾ 18ਵੇਂ ਓਵਰ ਵਿੱਚ ਹੀ ਹਾਸਲ ਕਰ ਲਿਆ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਲਖਨਊ ਦੀ ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 196 ਦੌੜਾਂ ਬਣਾਈਆਂ। ਲਖਨਊ ਲਈ ਜੋਸ਼ ਇੰਗਲਿਸ ਨੇ 72 ਅਤੇ ਆਯੂਸ਼ ਬਦੋਨੀ ਨੇ 18 ਗੇਂਦਾਂ ਵਿੱਚ 43 ਦੌੜਾਂ ਦੀ ਤੇਜ਼ ਪਾਰੀ ਖੇਡੀ। ਅੰਤ ਵਿੱਚ ਅਬਦੁਲ ਸਮਦ ਨੇ ਅਜੇਤੂ 37 ਅਤੇ ਅਰਜੁਨ ਤੇਂਦੁਲਕਰ ਨੇ ਅਜੇਤੂ 5 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਲਈ ਯੁਜ਼ਵੇਂਦਰ ਚਾਹਲ ਅਤੇ ਮਾਰਕੋ ਯਾਨਸਨ ਨੇ 2-2 ਵਿਕਟਾਂ ਲਈਆਂ।
ਇਸ ਜਿੱਤ ਤੋਂ ਬਾਅਦ ਪੰਜਾਬ ਕਿੰਗਜ਼ ਦੇ 14 ਮੈਚਾਂ ਵਿੱਚ 15 ਅੰਕ ਹੋ ਗਏ ਹਨ ਅਤੇ ਉਹ ਪਲੇਅ-ਆਫ ਦੀ ਰੇਸ ਵਿੱਚ ਬਣੇ ਹੋਏ ਹਨ। ਦੂਜੇ ਪਾਸੇ, ਲਖਨਊ ਸੁਪਰ ਜਾਇੰਟਸ ਦੇ 14 ਮੈਚਾਂ ਵਿੱਚ ਸਿਰਫ਼ 8 ਅੰਕ ਹਨ ਅਤੇ ਉਨ੍ਹਾਂ ਦਾ ਸਫਰ ਖਤਮ ਹੋ ਗਿਆ ਹੈ।
ਪੰਜਾਬ ਦੇ ਗੱਭਰੂ ਨੇ ਗੱਡੇ ਝੰਡੇ! ਗੁਰਿੰਦਰਵੀਰ ਸਿੰਘ ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ
NEXT STORY