ਵਡੋਦਰਾ– ਸਮ੍ਰਿਤੀ ਮੰਧਾਨਾ ਦੀ 91 ਦੌੜਾਂ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਰੇਣੂਕਾ ਸਿੰਘ ਠਾਕੁਰ (5 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਕਮਾਲ ਦੇ ਪ੍ਰਦਰਸ਼ਨ ਨਾਲ ਭਾਰਤ ਨੇ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨ ਡੇ ਵਿਚ ਵੈਸਟਇੰਡੀਜ਼ ਨੂੰ ਰਿਕਾਰਡ 211 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਭਾਰਤ ਨੇ 9 ਵਿਕਟਾਂ ’ਤੇ 314 ਦੌੜਾਂ ਬਣਾਉਣ ਤੋਂ ਬਾਅਦ ਵੈਸਟਇੰਡੀਜ਼ ਦੀ ਪਾਰੀ ਨੂੰ ਸਿਰਫ 26.2 ਓਵਰਾਂ ਵਿਚ 103 ਦੌੜਾਂ ’ਤੇ ਸਮੇਟ ਦਿੱਤਾ।
ਭਾਰਤੀ ਟੀਮ ਦੀ ਇਹ ਦੌੜਾਂ ਦੇ ਲਿਹਾਜ਼ ਨਾਲ ਵੈਸਟਇੰਡੀਜ਼ ਵਿਰੁੱਧ ਸਭ ਤੋਂ ਵੱਡੀ ਜਿੱਤ ਹੈ। ਰੇਣੂਕਾ ਨੇ 10 ਓਵਰਾਂ ਵਿਚ 29 ਦੌੜਾਂ ਦੇ ਕੇ ਕਰੀਅਰ ਵਿਚ ਪਹਿਲੀ ਵਾਰ 5 ਵਿਕਟਾਂ ਲਈਆਂ ਜਦਕਿ ਪ੍ਰਿਯਾ ਮਿਸ਼ਰਾ ਨੂੰ 2 ਸਫਲਤਾਵਾਂ ਮਿਲੀਆਂ। ਟਿਟਾਸ ਸਾਧੂ ਤੇ ਦੀਪਤੀ ਸ਼ਰਮਾ ਨੇ ਇਕ-ਇਕ ਵਿਕਟ ਲਈ।
ਵੈਸਟਇੰਡੀਜ਼ ਨੇ ਨੌਵੇਂ ਕ੍ਰਮ ’ਤੇ ਬੱਲੇਬਾਜ਼ੀ ਕਰਨ ਆਈ ਐੱਫ. ਫਲੇਚਰ ਦੀਆਂ ਅਜੇਤੂ 24 ਦੌੜਾਂ ਦੇ ਯੋਗਦਾਨ ਨਾਲ ਦੌੜਾਂ ਦਾ ਸੈਂਕੜਾ ਪੂਰਾ ਕੀਤਾ। ਟੀਮ ਲਈ ਉਸ ਤੋਂ ਇਲਾਵਾ ਸਿਰਫ ਸ਼ੇਮੇਨ ਕੈਂਪਬੇਲ (21) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕੀ।
ਇਸ ਤੋਂ ਪਹਿਲਾਂ ਸ਼ਾਨਦਾਰ ਲੈਅ ਵਿਚ ਚੱਲ ਰਹੀ ਮੰਧਾਨਾ ਨੇ ਲਗਾਤਾਰ 5ਵੀਂ ਵਾਰ 50 ਦੌੜਾਂ (ਟੀ-20 ਤੇ ਵਨ ਡੇ) ਦੇ ਸਕੋਰ ਨੂੰ ਪਾਰ ਕੀਤਾ। ਉਸ ਨੇ 102 ਗੇਂਦਾਂ ਦੀ ਪਾਰੀ ਵਿਚ 13 ਚੌਕੇ ਲਾਉਣ ਦੇ ਨਾਲ ਆਪਣਾ ਡੈਬਿਊ ਵਨ ਡੇ ਖੇਡ ਰਹੀ ਪ੍ਰਤਿਕਾ ਰਾਵਲ (40) ਨਾਲ 110 ਦੌੜਾਂ ਦੀ ਸਾਂਝੇਦਾਰੀ ਵਿਚ ਜ਼ਿਆਦਾਤਰ ਦੌੜਾਂ ਬਣਾ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਮੰਧਾਨਾ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਹਰਲੀਨ ਦਿਓਲ (50 ਗੇਂਦਾਂ ’ਚ 44 ਦੌੜਾਂ), ਹਰਮਨਪ੍ਰੀਤ ਕੌਰ (23 ਗੇਂਦਾਂ ’ਚ 34 ਦੌੜਾਂ), ਰਿਚਾ ਘੋਸ਼ (12 ਗੇਂਦਾਂ ’ਚ 26 ਦੌੜਾਂ) ਤੇ ਜੇਮਿਮਾ ਰੋਡ੍ਰਿਗੇਜ਼ (19 ਗੇਂਦਾਂ ਵਿਚ 31 ਦੌੜਾਂ) ਨੇ ਤੇਜ਼ੀ ਨਾਲ ਦੌੜਾਂ ਬਣਾਈਆਂ, ਜਿਸ ਨਾਲ ਭਾਰਤੀ ਟੀਮ ਨੇ 300 ਦੌੜਾਂ ਦੇ ਅੰਕੜੇ ਨੂੰ ਪਾਰ ਕੀਤਾ। ਵੈਸਟਇੰਡੀਜ਼ ਲਈ ਜੇਮਸ ਸਰਵਸ੍ਰੇਸ਼ਠ ਗੇਂਦਬਾਜ਼ ਰਹੀ। ਖੱਬੇ ਹੱਥ ਦੀ ਇਸ ਸਪਿਨਰ ਨੇ 8 ਓਵਰਾਂ ਵਿਚ 45 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਲੜੀ ਦਾ ਦੂਜਾ ਵਨ ਡੇ ਇਸ ਸਥਾਨ ’ਤੇ ਮੰਗਲਵਾਰ ਨੂੰ ਖੇਡਿਆ ਜਾਵੇਗਾ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਮੰਧਾਨਾ ਨੇ ਡੈਬਿਊ ਮੈਚ ਖੇਡ ਰਹੀ ਪ੍ਰਤਿਕਾ ’ਤੇ ਦਬਾਅ ਹਾਵੀ ਨਹੀਂ ਹੋਣ ਦਿੱਤਾ। ਭਾਰਤੀ ਟੀਮ ਨੇ ਹਮਲਾਵਰ ਬੱਲੇਬਾਜ਼ੀ ਕਰਨ ਵਾਲੀ ਸ਼ੈਫਾਲੀ ਵਰਮਾ ਦੇ ਟੀਮ ਵਿਚੋਂ ਬਾਹਰ ਹੋਣ ਤੋਂ ਬਾਅਦ ਭਾਰਤ ਨੇ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਮੰਧਾਨਾ ਦਾ ਸਾਥ ਦੇਣ ਲਈ ਕਈ ਖਿਡਾਰੀਆਂ ਨੂੰ ਅਜਮਾਇਆ। ਇਸ ਕ੍ਰਮ ਵਿਚ ਐਤਵਾਰ ਨੂੰ ਦਿੱਲੀ ਦੀ ਖਿਡਾਰਨ ਪ੍ਰਤਿਕਾ ਨੂੰ ਮੌਕਾ ਮਿਲਿਆ। ਉਸ ਨੇ 57.97 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ। ਇਸ 24 ਸਾਲਾ ਖਿਡਾਰਨ ਨੂੰ 10ਵੇਂ ਓਵਰ ਵਿਚ ਜੀਵਨਦਾਨ ਵੀ ਮਿਲਿਆ। ਉਹ ਇਸ ਸਮੇਂ ਤਿੰਨ ਦੌੜਾਂ ’ਤੇ ਬੱਲੇਬਾਜ਼ੀ ਕਰ ਰਹੀ ਸੀ। ਉਸ ਨੇ ਆਪਣੀ ਪਾਰੀ ਦੇ ਚਾਰੇ ਚੌਕੇ ਲੈੱਗ ਸਾਈਡ ਵਿਚ ਲਾਏ। ਪ੍ਰਤਿਕਾ ਜਿੱਥੇ ਤੇਜ਼ੀ ਨਾਲ ਦੌੜਾਂ ਬਣਾਉਣ ਵਿਚ ਸੰਘਰਸ਼ ਕਰ ਰਹੀ ਸੀ, ਉੱਥੇ ਹੀ, ਦੂਜੇ ਪਾਸੇ ਤੋਂ ਮੰਧਾਨਾ ਨੇ ਆਪਣੇ ਸ਼ਾਨਦਾਰ ਕਵਰ ਡ੍ਰਾਈਵਰ ਤੇ ਪੁਲ ਸ਼ਾਟ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਮੰਧਾਨਾ ਨੇ ਇਸ ਤੋਂ ਬਾਅਦ ਹਰਲੀਨ ਦਿਓਲ ਦੇ ਨਾਲ 52 ਗੇਂਦਾਂ ਵਿਚ 50 ਦੌੜਾਂ ਦੀ ਸਾਂਝੇਦਾਰੀ ਦੇ ਨਾਲ ਰਨ ਰੇਟ ਨੂੰ ਤੇਜ਼ ਕੀਤਾ।
ਭਾਰਤੀ ਪਾਰੀ ਨੇ ਕਪਤਾਨ ਹਰਮਨਪ੍ਰੀਤ ਕੌਰ ਦੇ ਕ੍ਰੀਜ਼ ’ਤੇ ਆਉਣ ਤੋਂ ਬਾਅਦ ਰਫਤਾਰ ਫੜੀ। ਉਸ ਨੇ ਹਰਲੀਨ ਦੇ ਨਾਲ ਤੀਜੀ ਵਿਕਟ ਲਈ 52 ਗੇਂਦਾਂ ਵਿਚ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਉਹ 3 ਚੌਕੇ ਤੇ 1 ਛੱਕਾ ਲਾ ਕੇ ਤੇਜ਼ੀ ਨਾਲ ਦੌੜਾਂ ਜੋੜ ਰਹੀ ਸੀ ਪਰ ਰਨ ਆਊਟ ਹੋ ਗਈ। ਰਿਚਾ ਤੇ ਜੇਮਿਮਾ ਨੇ ਇਸ ਤੋਂ ਬਾਅਦ ਤੇਜ਼ੀ ਨਾਲ ਦੌੜਾਂ ਬਣਾਉਣਾ ਜਾਰੀ ਰੱਖਿਆ।
ਜੇਮਿਮਾ ਨੇ ਤਿੰਨ ਚੌਕੇ ਤੇ ਇਕ ਛੱਕਾ ਅਤੇ ਉੱਥੇ ਹੀ, ਰਿਚਾ ਨੇ ਚਾਰ ਚੌਕੇ ਤੇ ਇਕ ਛੱਕੇ ਦੇ ਨਾਲ ਆਪਣੇ ਹਮਲਾਵਰ ਤੇਵਰ ਦਿਖਾਏ। ਭਾਰਤੀ ਟੀਮ ਆਖਰੀ ਓਵਰਾਂ ਵਿਚ ਜਲਦੀ- ਜਲਦੀ ਨਾਲ ਵਿਕਟਾਂ ਗਵਾਉਣ ਦੇ ਕਾਰਨ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੀ। ਟੀਮ ਨੇ ਆਖਰੀ 3 ਓਵਰਾਂ ਵਿਚ ਸਿਰਫ 20 ਦੌੜਾਂ ਬਣਾਈਆਂ ਤੇ 4 ਵਿਕਟਾਂ ਗੁਆਈਆਂ, ਜਿਨ੍ਹਾਂ ਵਿਚੋਂ 3 ਵਿਕਟਾਂ ਜੇਮਸ ਦੇ ਨਾਂ ਰਹੀਆਂ।
ਕ੍ਰਿਕਟ ਦੇ ਮੈਦਾਨ 'ਚ ਗੂੰਜੀਆਂ ਕਿਲਕਾਰੀਆਂ, Live ਮੈਚ 'ਚ ਹਜ਼ਾਰਾਂ ਦਰਸ਼ਕਾਂ ਵਿਚਾਲੇ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ
NEXT STORY