ਦੁਬਈ (ਏਜੰਸੀ)- ਭਾਰਤ ਦੀ ਸਟਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਵੱਲੋਂ ਮੰਗਲਵਾਰ ਨੂੰ ਜਾਰੀ ਤਾਜ਼ਾ ਵਨਡੇ ਮਹਿਲਾ ਰੈਂਕਿੰਗ 'ਚ ਬੱਲੇਬਾਜ਼ਾਂ ਦੀ ਸੂਚੀ 'ਚ 8ਵਾਂ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਇਕ ਸਥਾਨ ਦਾ ਨੁਕਸਾਨ ਹੋ ਗਿਆ ਹੈ। ਇਸ ਸਾਲ 9 ਵਨਡੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ 411 ਦੌੜਾਂ ਬਣਾਉਣ ਵਾਲੀ 25 ਸਾਲਾ ਮੰਧਾਨਾ ਬੱਲੇਬਾਜ਼ੀ ਰੈਂਕਿੰਗ 'ਚ ਚੋਟੀ ਦੇ 10 'ਚ ਇਕਲੌਤੀ ਭਾਰਤੀ ਹੈ। ਮੰਧਾਨਾ ਨੇ ਵਿਸ਼ਵ ਕੱਪ 'ਚ ਵੈਸਟਇੰਡੀਜ਼ ਖਿਲਾਫ਼ ਸੈਂਕੜਾ ਵੀ ਲਗਾਇਆ ਸੀ। ਬੱਲੇਬਾਜ਼ੀ ਰੈਂਕਿੰਗ 'ਚ ਆਸਟ੍ਰੇਲੀਆ ਦੀ ਐਲੀਸਾ ਹੀਲੀ ਚੋਟੀ 'ਤੇ ਹੈ, ਜਿਸ ਤੋਂ ਬਾਅਦ ਇੰਗਲੈਂਡ ਦੀ ਨਟਾਲੀ ਸਕੀਵਰ ਹੈ।
ਝੂਲਨ ਇੱਕ ਸਥਾਨ ਦੇ ਨੁਕਸਾਨ ਨਾਲ ਗੇਂਦਬਾਜ਼ੀ ਰੈਂਕਿੰਗ ਵਿੱਚ ਛੇਵੇਂ ਸਥਾਨ 'ਤੇ ਹੈ। ਝੂਲਨ ਨੇ ਇਸ ਸਾਲ ਹੁਣ ਤੱਕ 9 ਵਨਡੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ 12 ਵਿਕਟਾਂ ਲਈਆਂ ਹਨ। ਝੂਲਨ ਨੂੰ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਅਯਾਬੋਂਗਾ ਖਾਕਾ ਨੇ ਪਛਾੜ ਦਿੱਤਾ, ਜਿਸ ਨੇ ਆਇਰਲੈਂਡ ਖ਼ਿਲਾਫ਼ ਆਪਣੀ ਟੀਮ ਦੇ ਕਲੀਨ ਸਵੀਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੇਂਦਬਾਜ਼ਾਂ ਦੀ ਸੂਚੀ 'ਚ ਇੰਗਲੈਂਡ ਦੀ ਸੋਫੀ ਏਕਲਸਟੋਨ ਅਤੇ ਦੱਖਣੀ ਅਫਰੀਕਾ ਦੀ ਜੇਨ ਜੋਨਾਸਨ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ 'ਤੇ ਬਰਕਰਾਰ ਹਨ। ਭਾਰਤ ਦੀ ਦੀਪਤੀ ਸ਼ਰਮਾ ਆਲਰਾਊਂਡਰਾਂ ਦੀ ਸੂਚੀ 'ਚ ਸੱਤਵੇਂ ਸਥਾਨ 'ਤੇ ਬਰਕਰਾਰ ਹੈ।
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਨੀਦਰਲੈਂਡ ਨਾਲ 2-2 ਨਾਲ ਡਰਾਅ 'ਤੇ ਰੋਕਿਆ
NEXT STORY