ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ 9 ਦਸੰਬਰ ਤੋਂ ਸ਼ੁਰੂ ਹੋਣ ਵਾਲੀ 5 ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਵਿੱਚ ਆਹਮੋ-ਸਾਹਮਣੇ ਹੋਣ ਲਈ ਤਿਆਰ ਹਨ। ਹਾਲਾਂਕਿ, ਇਸ ਸੀਰੀਜ਼ ਤੋਂ ਪਹਿਲਾਂ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਪਤਾ ਲੱਗਿਆ ਹੈ ਕਿ ਜਿਸ ਖਿਡਾਰੀ ਨੇ ਹਾਲ ਹੀ ਵਿੱਚ ਵਨਡੇ ਸੀਰੀਜ਼ ਦੇ ਆਖ਼ਰੀ ਮੈਚ ਵਿੱਚ ਧਮਾਕੇਦਾਰ ਸੈਂਕੜਾ ਲਗਾਇਆ ਸੀ, ਉਸ ਨੂੰ ਟੀ-20 ਸੀਰੀਜ਼ ਵਿੱਚ ਮੌਕਾ ਨਹੀਂ ਮਿਲੇਗਾ। ਇਹ ਖਿਡਾਰੀ ਕੋਈ ਹੋਰ ਨਹੀਂ, ਸਗੋਂ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਹਨ। ਸੂਰਯਕੁਮਾਰ ਯਾਦਵ ਦੀ ਕਪਤਾਨੀ ਵਾਲੀ ਇਸ ਟੀਮ ਵਿੱਚ ਯਸ਼ਸਵੀ ਜਾਇਸਵਾਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਆਖਰੀ ਵਨਡੇ ਵਿੱਚ ਜਾਇਸਵਾਲ ਦਾ ਸ਼ਾਨਦਾਰ ਪ੍ਰਦਰਸ਼ਨ
ਯਸ਼ਸਵੀ ਜਾਇਸਵਾਲ ਨੇ ਦੱਖਣੀ ਅਫਰੀਕਾ ਦੇ ਖ਼ਿਲਾਫ਼ ਵਨਡੇ ਸੀਰੀਜ਼ ਦੇ ਆਖਰੀ ਅਤੇ ਫੈਸਲਾਕੁਨ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿੱਥੇ ਉਨ੍ਹਾਂ ਨੇ ਸੈਂਕੜਾ ਜੜਿਆ ਸੀ। ਭਾਵੇਂ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ 2-1 ਨਾਲ ਜਿੱਤੀ ਸੀ, ਪਰ ਜਾਇਸਵਾਲ ਨੂੰ ਅਗਲੀ ਟੀ-20 ਸੀਰੀਜ਼ ਲਈ ਟੀਮ ਵਿੱਚ ਜਗ੍ਹਾ ਨਹੀਂ ਮਿਲ ਸਕੀ ਹੈ।
ਸ਼ੁਭਮਨ ਗਿੱਲ ਤੋਂ ਬਿਹਤਰ ਹਨ ਅੰਕੜੇ
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਜੇਕਰ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਯਸ਼ਸਵੀ ਜਾਇਸਵਾਲ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ, ਤਾਂ ਉਨ੍ਹਾਂ ਦੇ ਅੰਕੜੇ ਟੀਮ ਵਿੱਚ ਸ਼ਾਮਲ ਕੀਤੇ ਗਏ ਓਪਨਰ ਸ਼ੁਭਮਨ ਗਿੱਲ ਤੋਂ ਕਾਫੀ ਬਿਹਤਰ ਹਨ, ਪਰ ਇਸ ਦੇ ਬਾਵਜੂਦ ਗਿੱਲ ਖੇਡਣਗੇ ਅਤੇ ਜੈਸਵਾਲ ਨੂੰ ਬਾਹਰ ਬੈਠਣਾ ਪਵੇਗਾ।
ਗਿੱਲ ਅਤੇ ਜਾਇਸਵਾਲ ਦੇ T20I ਅੰਕੜਿਆਂ ਦੀ ਤੁਲਨਾ:
• ਸ਼ੁਭਮਨ ਗਿੱਲ: ਉਨ੍ਹਾਂ ਨੇ ਹੁਣ ਤੱਕ 33 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 837 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਮ ਇੱਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਹਨ। ਗਿੱਲ ਦਾ ਔਸਤ 29.89 ਹੈ ਅਤੇ ਸਟ੍ਰਾਈਕ ਰੇਟ 140.43 ਹੈ।
• ਯਸ਼ਸਵੀ ਜਾਇਸਵਾਲ: ਉਨ੍ਹਾਂ ਨੇ 23 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ 723 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇੱਕ ਸੈਂਕੜਾ ਅਤੇ ਪੰਜ ਅਰਧ ਸੈਂਕੜੇ ਲਗਾਏ ਹਨ। ਜਾਇਸਵਾਲ ਦਾ ਔਸਤ 36.15 ਹੈ ਅਤੇ ਸਟ੍ਰਾਈਕ ਰੇਟ 164.31 ਦਾ ਹੈ।
ਅੰਕੜੇ ਸਾਫ਼ ਦੱਸਦੇ ਹਨ ਕਿ ਜਾਇਸਵਾਲ ਦਾ ਔਸਤ ਅਤੇ ਸਟ੍ਰਾਈਕ ਰੇਟ ਦੋਵੇਂ ਸ਼ੁਭਮਨ ਗਿੱਲ ਨਾਲੋਂ ਬਿਹਤਰ ਹਨ।
ਓਪਨਿੰਗ ਦੀ ਜ਼ਿੰਮੇਵਾਰੀ
ਇਸ ਟੀ-20 ਸੀਰੀਜ਼ ਵਿੱਚ ਓਪਨਰ ਦੇ ਤੌਰ 'ਤੇ ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ ਨਜ਼ਰ ਆਉਣਗੇ। ਜੇਕਰ ਗਿੱਲ ਕਿਸੇ ਕਾਰਨ ਨਹੀਂ ਖੇਡ ਪਾਉਂਦੇ ਹਨ, ਤਾਂ ਅਭਿਸ਼ੇਕ ਦੇ ਨਾਲ ਸੰਜੂ ਸੈਮਸਨ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ, ਪਰ ਜਾਇਸਵਾਲ ਲਈ ਕੋਈ ਮੌਕਾ ਨਹੀਂ ਹੈ।
ਦੱਖਣੀ ਅਫਰੀਕਾ ਖਿਲਾਫ ਦੂਜੇ ਵਨਡੇ ਮੈਚ ਵਿੱਚ ਹੌਲੀ ਓਵਰ ਰੇਟ ਲਈ ਭਾਰਤ ਨੂੰ ਜੁਰਮਾਨਾ
NEXT STORY