ਹੈਮਿਲਟਨ— ਕਪਤਾਨ ਕੇਨ ਵਿਲੀਅਮਸਨ (ਅਜੇਤੂ 200) ਦੇ ਸ਼ਾਨਦਾਰ ਦੋਹਰੇ ਸੈਂਕੜੇ ਤੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੀਆਂ ਸਾਹਸੀ ਪਾਰੀਆਂ ਦੀ ਬਦੌਲਤ ਨਿਊਜ਼ੀਲੈਂਡ ਨੇ ਬੰਗਲਾਦੇਸ਼ ਵਿਰੁੱਧ ਸੀਰੀਜ਼ ਦੇ ਪਹਿਲੇ ਟੈਸਟ ਦੇ ਤੀਜੇ ਦਿਨ ਸ਼ਨੀਵਾਰ 6 ਵਿਕਟਾਂ 'ਤੇ 715 ਦੌੜਾਂ ਦਾ ਵੱਡਾ ਸਕੋਰ ਬਣਾਉਣ ਦੇ ਨਾਲ ਹੀ ਆਪਣੀ ਪਹਿਲੀ ਪਾਰੀ ਖਤਮ ਐਲਾਨ ਕਰ ਦਿੱਤੀ। ਟੈਸਟ ਕ੍ਰਿਕਟ ਦੀ ਇਕ ਪਾਰੀ ਵਿਚ ਨਿਊਜ਼ੀਲੈਂਡ ਦਾ ਇਹ ਸਰਵਸ੍ਰੇਸ਼ਠ ਸਕੋਰ ਹੈ। ਇਸ ਤੋਂ ਪਹਿਲਾਂ ਕੀਵੀ ਟੀਮ ਨੇ ਸਾਲ 2014 ਵਿਚ ਪਾਕਿਸਤਾਨ ਵਿਰੁੱਧ 690 ਦੌੜਾਂ ਬਣਾਈਆਂ ਸਨ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਅੱਜ ਤੀਜੇ ਦਿਨ ਪਹਿਲੀ ਪਾਰੀ ਦੀਆਂ 451 ਦੌੜਾਂ 'ਤੇ 4 ਵਿਕਟਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸਾਰੇ ਕੀਵੀ ਬੱਲੇਬਾਜ਼ਾਂ ਨੇ ਮਹਿਮਾਨ ਟੀਮ ਦੇ ਗੇਂਦਬਾਜ਼ਾਂ ਦੀ ਜਮ ਕੇ ਧੁਨਾਈ ਕੀਤੀ। ਤੀਜੇ ਦਿਨ ਦੀ ਖੇਡ ਸ਼ੁਰੂ ਹੋਣ 'ਤੇ ਵਿਲੀਅਮਸਨ ਤੇ ਨੀਲ ਵੈਗਨਰ (47) ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਟੀਮ ਦੇ ਸਕੋਰ ਨੂੰ 500 ਦੇ ਪਾਰ ਪਹੁੰਚਾਇਆ। ਦੋਵਾਂ ਵਿਚਾਲੇ ਪੰਜਵੀਂ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਦੌਰਾਨ ਵਿਲੀਅਮਸਨ ਨੇ ਆਪਣਾ ਸੈਂਕੜਾ ਵੀ ਪੂਰਾ ਕੀਤਾ। ਇਬਾਦਤ ਹੁਸੈਨ ਨੇ ਵੈਗਨਰ ਨੂੰ ਲਿਟਨ ਦਾਸ ਹੱਥੋਂ ਕੈਚ ਕਰਵਾ ਕੇ ਉਸ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਵੈਗਨਰ ਨੇ 35 ਗੇਂਦਾਂ 'ਤੇ 47 ਦੌੜਾਂ ਦੀ ਆਪਣੀ ਤੂਫਾਨੀ ਪਾਰੀ ਵਿਚ 6 ਚੌਕੇ ਤੇ 3 ਛੱਕੇ ਲਾਏ।

ਇਸ ਤੋਂ ਬਾਅਦ ਆਪਣੇ ਕਪਤਾਨ ਦਾ ਸਾਥ ਦੇਣ ਆਏ ਵਿਕਟਕੀਪਰ ਬੀ. ਜੇ. ਵਾਟਲਿੰਗ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ 67 ਗੇਂਦਾਂ ਦਾ ਸਾਹਮਣਾ ਕਰਦੇ ਹੋਏ 31 ਦੌੜਾਂ ਬਣਾਈਆਂ। ਵਾਟਲਿੰਗ ਨੂੰ ਮੇਹਦੀ ਹਸਨ ਨੇ ਲਿਟਨ ਦਾਸ ਹੱਥੋਂ ਕੈਚ ਕਰਵਾ ਕੇ ਕੀਵੀ ਟੀਮ ਨੂੰ ਛੇਵਾਂ ਝਟਕਾ ਦਿੱਤਾ। ਇਸ ਤੋਂ ਬਾਅਦ 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਕੌਲਿਨ ਡੀ ਗ੍ਰੈਂਡਹੋਮ (ਅਜੇਤੂ 76) ਨੇ ਕਪਤਾਨ ਵਿਲੀਅਮਸਨ ਨਾਲ ਮਿਲ ਕੇ ਬਹੁਤ ਤੇਜ਼ੀ ਨਾਲ ਦੌੜਾਂ ਬਣਾਈਆਂ। ਗ੍ਰੈਂਡਹੋਮ ਨੇ 53 ਗੇਂਦਾਂ 'ਤੇ 76 ਦੌੜਾਂ ਦੀ ਆਪਣੀ ਤੂਫਾਨੀ ਪਾਰੀ ਵਿਚ 4 ਚੌਕੇ ਤੇ 5 ਛੱਕੇ ਲਾਏ ਤੇ ਉਹ ਅੰਤ ਤਕ ਅਜੇਤੂ ਰਿਹਾ। ਕੀਵੀ ਕਪਤਾਨ ਨੇ ਆਪਣਾ ਦੋਹਰਾ ਸੈਂਕੜਾ ਪੂਰਾ ਕਰਨ ਦੇ ਨਾਲ ਹੀ 715 ਦੌੜਾਂ 'ਤੇ 6 ਵਿਕਟਾਂ ਦੇ ਸਕੋਰ 'ਤੇ ਪਾਰੀ ਖਤਮ ਐਲਾਨ ਕਰ ਦਿੱਤੀ। ਵਿਲੀਅਮਸਨ ਨੇ 257 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਵਿਲੀਅਮਸਨ ਨੇ ਆਪਣੀ ਪਾਰੀ 'ਚ 19 ਬਿਹਤਰੀਨ ਚੌਕੇ ਵੀ ਲਾਏ।
ਇਸ ਤੋਂ ਇਲਾਵਾ ਕੀਵੀ ਟੀਮ ਦੇ ਸਲਾਮੀ ਬੱਲੇਬਾਜ਼ ਟਾਮ ਲਾਥਮ (161) ਤੇ ਜੀਤ ਰਾਵਲ (132) ਦੇ ਸੈਂਕੜਿਆਂ ਨੇ ਵੀ ਇਸ ਵੱਡੇ ਸਕੋਰ ਵਿਚ ਅਹਿਮ ਯੋਗਦਾਨ ਦਿੱਤਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਦੇ ਆਧਾਰ 'ਤੇ ਬੰਗਲਾਦੇਸ਼ ਵਿਰੁੱਧ 481 ਦੌੜਾਂ ਦੀ ਵੱਡੀ ਬੜ੍ਹਤ ਵੀ ਹਾਸਲ ਕਰ ਲਈ। ਮੇਹਦੀ ਹਸਨ ਕਾਫੀ ਮਹਿੰਗਾ ਸਾਬਤ ਹੋਇਆ ਤੇ ਉਸ ਨੇ ਪੰਜ ਦੀ ਔਸਤ ਨਾਲ 49 ਓਵਰਾਂ ਵਿਚ 246 ਦੌੜਾਂ ਦਿੱਤੀਆਂ। ਇਸ ਦੇ ਜਵਾਬ ਵਿਚ ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ ਵਿਚ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ 4 ਵਿਕਟਾਂ ਗੁਆ ਕੇ 174 ਦੌੜਾਂ ਬਣਾ ਲਈਆਂ ਹਨ ਤੇ ਉਹ ਅਜੇ ਵੀ ਮੇਜ਼ਬਾਨ ਟੀਮ ਤੋਂ 307 ਦੌੜਾਂ ਪਿੱਛੇ ਹੈ।
Sports Wrap up 2 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY