ਮਾਊਂਟ ਮਾਓਂਗਾਨੂਈ (ਨਿਊਜ਼ੀਲੈਂਡ)– ਤੇਜ਼ ਗੇਂਦਬਾਜ਼ ਡਫੀ ਨੇ 42 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਵਿਰੁੱਧ ਤੀਜੇ ਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ 5ਵੇਂ ਤੇ ਆਖਰੀ ਦਿਨ ਸੋਮਵਾਰ ਨੂੰ ਇੱਥੇ 323 ਦੌੜਾਂ ਨਾਲ ਵੱਡੀ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਲੜੀ 2-0 ਨਾਲ ਆਪਣੇ ਨਾਂ ਕਰ ਲਈ। ਵੈਸਟਇੰਡੀਜ਼ ਦੇ ਸਾਹਮਣੇ 462 ਦੌੜਾਂ ਦਾ ਮੁਸ਼ਕਿਲ ਟੀਚਾ ਸੀ। ਉਸ ਨੇ ਸਵੇਰੇ ਆਪਣੀ ਦੂਜੀ ਪਾਰੀ ਬਿਨਾਂ ਕਿਸੇ ਨੁਕਸਾਨ ਦੇ 43 ਦੌੜਾਂ ਤੋਂ ਅੱਗੇ ਵਧਾਈ ਪਰ ਉਸਦੀ ਪੂਰੀ ਟੀਮ 138 ਦੌੜਾਂ ਬਣਾ ਕੇ ਆਊਟ ਹੋ ਗਈ। ਉਸਦੇ ਸਿਰਫ 4 ਬੱਲੇਬਾਜ਼ ਹੀ ਦੋਹਰੇ ਅੰਕ ਵਿਚ ਪਹੁੰਚੇ, ਜਿਨ੍ਹਾਂ ਵਿਚ ਬ੍ਰੈਂਡਨ ਕਿੰਗ ਨੇ ਸਭ ਤੋਂ ਵੱਧ 67 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਵੱਲੋਂ ਡਫੀ ਤੋਂ ਇਲਾਵਾ ਏਜਾਜ ਪਟੇਲ ਨੇ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਗਲੇਨ ਫਿਲਿਪਸ ਤੇ ਰਚਿਨ ਰਵਿੰਦਰ ਨੇ 1-1 ਵਿਕਟ ਹਾਸਲ ਕੀਤੀ। ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ 8 ਵਿਕਟਾਂ ’ਤੇ 575 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ, ਜਿਸ ਦੇ ਜਵਾਬ ਵਿਚ ਵੈਸਟਇੰਡੀਜ਼ ਨੇ 420 ਦੌੜਾਂ ਬਣਾਈਆਂ ਸਨ।
ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ 2 ਵਿਕਟਾਂ ’ਤੇ 306 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ। ਉਸ ਵੱਲੋਂ ਕਪਤਾਨ ਟਾਮ ਲਾਥਮ ਤੇ ਡੇਵੋਨ ਕਾਨਵੇ ਨੇ ਦੋਵਾਂ ਪਾਰੀਆਂ ਵਿਚ ਸੈਂਕੜੇ ਲਾਉਣ ਦਾ ਕਾਰਨਾਮਾ ਕੀਤਾ। ਡਫੀ ਨੇ ਇਕ ਕੈਲੰਡਰ ਸਾਲ ਵਿਚ 80 ਵਿਕਟਾਂ ਲੈਣ ਦੇ ਰਿਚਰਡ ਹੈਡਲੀ ਦੇ ਨਿਊਜ਼ੀਲੈਂਡ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਉਸ ਨੇ ਇਸ ਲੜੀ ਵਿਚ 15.4 ਦੀ ਔਸਤ ਨਾਲ 23 ਵਿਕਟਾਂ ਲਈਆਂ। ਇਸ ਵਿਚਾਲੇ ਉਸ ਨੇ 3 ਵਾਰ ਪਾਰੀ ਵਿਚ 5 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਦਾ ਕਾਰਨਾਮਾ ਵੀ ਕੀਤਾ।
ਲਰਨਰ ਨੇ ਜਿੱਤਿਆ ਨੈਕਸਟ ਜੇਨ ਏ. ਟੀ. ਪੀ. ਫਾਈਨਲਸ ਦਾ ਖਿਤਾਬ
NEXT STORY