ਮਾਊਂਟ ਮੋਨਗਾਨੁਈ, (ਭਾਸ਼ਾ)– ਨਿਊਜ਼ੀਲੈਂਡ ਨੇ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਨਵੇਂ ਖਿਡਾਰੀਆਂ ਨਾਲ ਇੱਥੇ ਪਹੁੰਚੀ ਦੱਖਣੀ ਅਫਰੀਕਾ ਨੂੰ 281 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿਚ ਸ਼ੁਰੂਆਤੀ ਬੜ੍ਹਤ ਹਾਸਲ ਕੀਤੀ। ਕਪਤਾਨ ਟਿਮ ਸਾਊਥੀ ਨੇ ਬੀਤੇ ਦਿਨ ਦੇ ਸਕੋਰ 4 ਵਿਕਟਾਂ ’ਤੇ 179 ਦੌੜਾਂ ’ਤੇ ਨਿਊਜ਼ੀਲੈਂਡ ਦੀ ਦੂਜੀ ਪਾਰੀ ਖਤਮ ਐਲਾਨ ਕਰ ਦਿੱਤੀ, ਜਿਸ ਨਾਲ ਦੱਖਣੀ ਅਫਰੀਕਾ ਨੂੰ ਜਿੱਤ ਲਈ 529 ਦੌੜਾਂ ਦਾ ਟੀਚਾ ਮਿਲਿਆ। ਕਾਇਲ ਜੈਮੀਸਨ ਦੀਆਂ 4 ਤੇ ਮਿਸ਼ੇਲ ਸੈਂਟਨਰ ਦੀਆਂ 3 ਵਿਕਟਾਂ ਨਾਲ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਦੀ ਦੂਜੀ ਪਾਰੀ ਨੂੰ 247 ਦੌੜਾਂ ’ਤੇ ਸਮੇਟ ਦਿੱਤਾ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 511 ਦੌੜਾਂ ਬਣਾਉਣ ਤੋਂ ਬਾਅਦ ਦੱਖਣੀ ਅਫਰੀਕਾ ਨੂੰ 162 ਦੌੜਾਂ ’ਤੇ ਆਊਟ ਕਰ ਕੇ 349 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕੀਤੀ ਸੀ। ਸਾਊਥੀ ਨੇ ਤਦ ਫਾਲੋਆਨ ਨਾ ਕਰਨ ਦਾ ਫੈਸਲਾ ਕੀਤਾ ਤੇ ਪਹਿਲੀ ਪਾਰੀ ਵਿਚ ਸੈਂਕੜਾ ਲਾਉਣ ਵਾਲੇ ਤਜਰਬੇਕਾਰ ਕੇਨ ਵਿਲੀਅਮਸਨ ਨੇ ਦੂਜੀ ਪਾਰੀ ਵਿਚ ਵੀ ਸੈਂਕੜਾ ਲਾਇਆ। ਟੈਸਟ ਵਿਚ ਇਹ ਉਸਦਾ 31ਵਾਂ ਸੈਂਕੜਾ ਸੀ।
ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ ਸ਼ੁਰੂਆਤੀ 4 ਓਵਰਾਂ ਵਿਚ ਸਲਾਮੀ ਬੱਲੇਬਾਜ਼ ਨੀਲ ਬ੍ਰਾਂਡ (03) ਤੇ ਐਡਵਰਡ ਮੋਰੇ (00) ਦੀਆਂ ਵਿਕਟਾਂ ਗੁਆ ਦਿੱਤੀਆਂ। ਜੁਬੈਰ ਹਮਜਾ (36) ਤੇ ਰੇਨਾਰਡ ਵਾਨ ਟੋਂਡਰ (31) ਨੇ 100 ਮਿੰਟ ਤੋਂ ਵੱਧ ਸਮੇਂ ਤਕ ਬੱਲੇਬਾਜ਼ੀ ਕਰਕੇ ਦੱਖਣੀ ਅਫਰੀਕਾ ਨੂੰ ਹੋਰ ਕਿਸੇ ਨੁਕਸਾਨ ਦੇ ਬਿਨਾਂ ਲੰਚ ਤਕ ਪਹੁੰਚਾਇਆ। ਲੰਚ ਦੇ ਤੁਰੰਤ ਬਾਅਦ ਦੋਵੇਂ ਗੈਰ-ਜ਼ਿੰਮੇਵਾਰਾਨਾ ਸ਼ਾਟਾਂ ਖੇਡ ਕੇ ਕਾਇਲ ਜੈਮੀਸਨ ਦੀਆਂ ਗੇਂਦਾਂ ’ਤੇ ਆਊਟ ਹੋ ਗਏ। ਡੇਵਿਡ ਬੇਡਿੰਘਮ ਨੇ 96 ਗੇਂਦਾਂ ਵਿਚ ਕਰੀਅਰ ਦੀ ਸਰਵਸ੍ਰੇਸ਼ਠ 87 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੇ ਸੰਘਰਸ਼ ਨੂੰ ਅੱਗੇ ਵਧਾਇਆ। ਉਸ ਨੇ ਕੀਗਨ ਪੀਟਰਸਨ (16) ਨਾਲ 5ਵੀਂ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।
ਬੇਡਿੰਘਮ ਨੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਦੀਆਂ ਸ਼ਾਟ ਗੇਂਦਾਂ ਦਾ ਹਮਲਾਵਰਤਾ ਨਾਲ ਸਾਹਮਣਾ ਕਰਦੇ ਹੋਏ ਆਪਣੀ ਪਾਰੀ ਵਿਚ 13 ਚੌਕੇ ਤੇ 1 ਛੱਕਾ ਲਾਇਆ। ਕ੍ਰੀਜ਼ ’ਤੇ ਦੋਵਾਂ ਦੀ ਮੌਜੂਦਗੀ ਦੇ ਸਮੇਂ ਲੱਗਾ ਕਿ ਮੈਚ 5ਵੇਂ ਦਿਨ ਤਕ ਖਿੱਚਿਆ ਜਾਵੇਗਾ ਪਰ ਦਿਨ ਦੇ ਆਖਰੀ ਸੈਸ਼ਨ ਵਿਚ ਬੇਡਿੰਘਮ ਜੈਮੀਸਨ ਦਾ ਤੀਜਾ ਸ਼ਿਕਾਰ ਬਣਿਆ। ਜੈਮੀਸਨ ਨੇ ਇਸ ਤੋਂ ਬਾਅਦ ਪੀਟਰਸਨ ਨੂੰ ਵੀ ਪੈਵੇਲੀਅਨ ਦਾ ਰਸਤਾ ਦਿਖਾਇਆ। ਵਿਕਟਕੀਪਰ ਕਲਾਈਡ ਫੋਰਟੂਈਨ ਨੂੰ ਕਿਸਮਤ ਦਾ ਸਾਥ ਨਹੀਂ ਮਿਲਿਆ। ਗਲੇਨ ਫਿਲਿਪਸ ਦੀ ਗੇਂਦ ਉਸਦੇ ਬੱਲੇ ਨਾਲ ਲੱਗਣ ਤੋਂ ਬਾਅਦ ਸ਼ਾਟ ਲੈੱਗ ’ਤੇ ਖੜ੍ਹੇ ਟਾਮ ਲਾਥਮ ਦੇ ਗੋਡੇ ਨਾਲ ਟਕਰਾ ਕੇ ਵਿਕਟਕੀਪਰ ਟਾਮ ਬਲੰਡੇਲ ਦੇ ਦਸਤਾਨਿਆਂ ਵਿਚ ਚਲੀ ਗਈ। ਮਿਸ਼ੇਲ ਸੈਂਟਨਰ ਨੇ ਇਸ ਵਾਰ ਪੁਛੱਲੇ ਬੱਲੇਬਾਜ਼ਾਂ ਨੂੰ ਚਲਦਾ ਕੀਤਾ।
ਦੱਖਣੀ ਅਫਰੀਕਾ ਦੇ ਨਿਯਮਤ ਟੀਮ ਦੇ ਜ਼ਿਆਦਾਤਰ ਖਿਡਾਰੀ ‘ਐੱਸ. ਏ. 20’ ਲੀਗ ਵਿਚ ਖੇਡ ਰਹੇ ਹਨ, ਜਿਸ ਨਾਲ ਇਸ ਮੈਚ ਵਿਚ ਉਸਦੇ 6 ਖਿਡਾਰੀਆਂ ਨੂੰ ਡੈਬਿਊ ਦਾ ਮੌਕਾ ਮਿਲਿਆ। ਮੈਚ ਦੀ ਪਹਿਲੀ ਪਾਰੀ ਵਿਚ ਦੋਹਰਾ ਸੈਂਕੜਾ ਲਾਉਣ ਵਾਲਾ ਰਚਿਨ ਰਵਿੰਦਰ ‘ਮੈਨ ਆਫ ਦਿ ਮੈਚ’ ਰਿਹਾ। ਲੜੀ ਦਾ ਦੂਜਾ ਟੈਸਟ ਮੈਚ 13 ਫਰਵਰੀ ਤੋਂ ਖੇਡਿਆ ਜਾਵੇਗਾ।
ਲੌਰੀਅਸ ਵਿਸ਼ਵ ਖੇਡ ਐਵਾਰਡ ਦਾ ਆਯੋਜਨ 22 ਅਪ੍ਰੈਲ ਨੂੰ ਮੈਡ੍ਰਿਡ ’ਚ
NEXT STORY