ਦੁਬਈ— ਓਪਨਰ ਉਸਮਾਨ ਖਵਾਜਾ (141) ਦੇ ਸਾਹਸੀ ਸੈਂਕੜੇ ਤੇ ਟਿਮ ਪੇਨ ਦੀ ਅਜੇਤੂ 61 ਦੌੜਾਂ ਦੀ ਸਬਰ ਭਰੀ ਪਾਰੀ ਦੀ ਬਦੌਲਤ ਆਸਟਰੇਲੀਆ ਨੇ ਪਾਕਿਸਤਾਨ ਵਿਰੁੱਧ ਪਹਿਲਾ ਕ੍ਰਿਕਟ ਟੈਸਟ ਮੈਚ ਪੰਜਵੇਂ ਤੇ ਆਖਰੀ ਦਿਨ ਵੀਰਵਾਰ ਨੂੰ ਡਰਾਅ ਕਰਵਾ ਲਿਆ। ਆਸਟਰੇਲੀਆ ਨੇ 462 ਦੌੜਾਂ ਦੇ ਬੇਹੱਦ ਮੁਸ਼ਕਿਲ ਟੀਚੇ ਦਾ ਪਿੱਛਾ ਕਰਦਿਆਂ 3 ਵਿਕਟਾਂ 'ਤੇ 136 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ 8 ਵਿਕਟਾਂ 'ਤੇ 362 ਦੌੜਾਂ ਬਣਾ ਕੇ ਮੈਚ ਡਰਾਅ ਕਰਵਾ ਲਿਆ। ਖਵਾਜਾ ਨੇ 302 ਗੇਂਦਾਂ 'ਤੇ 11 ਚੌਕਿਆਂ ਦੀ ਮਦਦ ਨਾਲ 141 ਦੌੜਾਂ ਦੀ ਮੈਚ ਬਚਾਉਣ ਵਾਲੀ ਪਾਰੀ ਖੇਡੀ, ਜਿਸ ਲਈ ਉਸ ਨੂੰ 'ਮੈਨ ਆਫ ਦਿ ਮੈਚ' ਐਵਾਰਡ ਮਿਲਿਆ।
ਮੈਚ ਨੂੰ ਡਰਾਅ ਕਰਾਉਣ ਵਿਚ ਟ੍ਰੇਵਿਸ ਹੈੱਡ ਤੇ ਟਿਮ ਪੇਨ ਨੇ ਵੀ ਮਹੱਤਵਪੂਰਨ ਯੋਗਦਾਨ ਦਿੱਤਾ। ਟ੍ਰੇਵਿਸ ਨੇ 175 ਗੇਂਦਾਂ ਵਿਚ 5 ਚੌਕਿਆਂ ਦੀ ਮਦਦ ਨਾਲ 72 ਦੌੜਾਂ ਤੇ ਪੇਨ ਨੇ 194 ਗੇਂਦਾਂ ਦੀ ਮੈਰਾਥਨ ਪਾਰੀ ਵਿਚ ਪੰਜ ਚੌਕਿਆਂ ਦੇ ਸਹਾਰੇ ਅਜੇਤੂ 61 ਦੌੜਾਂ ਬਣਾਈਆਂ। ਖਵਾਜਾ ਨੇ ਟ੍ਰੇਵਿਸ ਨਾਲ ਚੌਥੀ ਵਿਕਟ ਲਈ 132 ਤੇ ਪੇਨ ਨਾਲ ਛੇਵੀਂ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਖਵਾਜਾ ਪਾਰੀ ਦੇ 126ਵੇਂ ਓਵਰ ਵਿਚ ਆਊਟ ਹੋਇਆ। ਖਵਾਜਾ ਦੀ ਵਿਕਟ 331 ਦੇ ਸਕੋਰ 'ਤੇ ਡਿੱਗੀ। ਆਸਟਰੇਲੀਆ ਨੇ ਫਿਰ 333 ਦੇ ਸਕੋਰ 'ਤੇ ਦੋ ਵਿਕਟਾਂ ਗੁਆਈਆਂ।
ਮਿਸ਼ੇਲ ਸਟਾਰਕ ਤੇ ਪੀਟਰ ਸਿਡਲ 128ਵੇਂ ਓਵਰ ਵਿਚ ਆਊਟ ਹੋਏ ਪਰ ਪੇਨ ਨੇ ਨਾਥਨ ਲਿਓਨ ਨਾਲ 139.5 ਓਵਰਾਂ ਤਕ ਸੰਘਰਸ਼ ਕਰਦਿਆਂ ਮੈਚ ਡਰਾਅ ਕਰਵਾ ਲਿਆ। ਲਿਓਨ ਨੇ ਅਜੇਤੂ 5 ਦੌੜਾਂ ਲਈ 34 ਗੇਂਦਾਂ ਖੇਡੀਆਂ। ਪਾਕਿਸਤਾਨ ਵਲੋਂ ਲੈੱਗ ਸਪਿਨਰ ਯਾਸਿਰ ਸ਼ਾਹ ਨੇ 43.5 ਓਵਰਾਂ ਵਿਚ 114 ਦੌੜਾਂ ਦੇ ਕੇ 4 ਵਿਕਟਾਂ ਤੇ ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ ਨੇ 56 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ।
ਵਿਰਾਟ ਸੰਭਾਲਣਗੇ ਕਪਤਾਨੀ, ਪੰਤ ਅੰਦਰ, ਕਾਰਤਿਕ ਬਾਹਰ
NEXT STORY