ਕੋਲੰਬੋ : ਟੀ-20 ਵਿਸ਼ਵ ਕੱਪ 2026 ਵਿੱਚ ਅੱਜ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਲ ਦਾ ਸਭ ਤੋਂ ਵੱਡਾ ਮੁਕਾਬਲਾ ਖੇਡਿਆ ਜਾਵੇਗਾ। ਇਸ ਹਾਈ-ਵੋਲਟੇਜ ਮੈਚ ਵਿੱਚ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਜਿੱਤ ਦਾ ਪ੍ਰਬਲ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਅੰਕੜਿਆਂ ਵਿੱਚ ਭਾਰਤ ਦਾ ਦਬਦਬਾ
ਸਾਲ 2024 ਵਿੱਚ ਬਾਰਬਾਡੋਸ ਵਿੱਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤ ਦਾ ਪ੍ਰਦਰਸ਼ਨ ਲਗਾਤਾਰ ਸ਼ਾਨਦਾਰ ਰਿਹਾ ਹੈ। ਭਾਰਤ ਨੇ ਦੱਖਣੀ ਅਫਰੀਕਾ ਵਿੱਚ 3-1 ਅਤੇ ਨਿਊਜ਼ੀਲੈਂਡ ਨੂੰ 4-1 ਨਾਲ ਹਰਾ ਕੇ ਆਪਣੀ ਤਾਕਤ ਸਾਬਤ ਕੀਤੀ ਹੈ। ਇੰਨਾ ਹੀ ਨਹੀਂ, 2025 ਦੇ ਏਸ਼ੀਆ ਕੱਪ ਵਿੱਚ ਵੀ ਭਾਰਤ ਨੇ ਪਾਕਿਸਤਾਨ ਨੂੰ ਤਿੰਨੋਂ ਮੈਚਾਂ ਵਿੱਚ ਮਾਤ ਦਿੱਤੀ ਸੀ। ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਵੀ ਭਾਰਤ ਦਾ ਪਾਕਿਸਤਾਨ 'ਤੇ 7-1 ਦਾ ਰਿਕਾਰਡ ਰਿਹਾ ਹੈ।
ਕਪਿਲ ਦੇਵ ਦੀ ਵੱਡੀ ਚੇਤਾਵਨੀ
ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ 'ਫੇਵਰੇਟ' ਦੇ ਟੈਗ ਨੂੰ ਲੈ ਕੇ ਟੀਮ ਇੰਡੀਆ ਨੂੰ ਸਾਵਧਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਟੈਗ ਇਕ 'ਦੋ-ਧਾਰੀ ਤਲਵਾਰ' ਦੀ ਤਰ੍ਹਾਂ ਹੁੰਦਾ ਹੈ। ਕਪਿਲ ਦੇਵ ਅਨੁਸਾਰ, "ਟੀ-20 ਫਾਰਮੈਟ ਵਿੱਚ ਕੁਝ ਵੀ ਸੰਭਵ ਹੈ। ਜਿਸ ਤਰ੍ਹਾਂ ਨੇਪਾਲ ਨੇ ਇੰਗਲੈਂਡ ਨੂੰ ਟੱਕਰ ਦਿੱਤੀ ਸੀ ਅਤੇ ਜ਼ਿੰਬਾਬਵੇ ਨੇ ਆਸਟ੍ਰੇਲੀਆ ਨੂੰ ਹੈਰਾਨ ਕੀਤਾ ਸੀ, ਉਹ ਇਸ ਗੱਲ ਦਾ ਸਬੂਤ ਹੈ ਕਿ ਇਸ ਫਾਰਮੈਟ ਵਿੱਚ ਉਹੀ ਟੀਮ ਜਿੱਤਦੀ ਹੈ ਜੋ ਦਬਾਅ ਨੂੰ ਸਹੀ ਢੰਗ ਨਾਲ ਸੰਭਾਲ ਲੈਂਦੀ ਹੈ"। ਉਨ੍ਹਾਂ ਦਾ ਮੰਨਣਾ ਹੈ ਕਿ ਟੀ-20 ਵਿੱਚ ਕੋਈ ਵੀ ਨਿਚਲੀ ਰੈਂਕਿੰਗ ਵਾਲੀ ਟੀਮ ਉਲਟਫੇਰ ਕਰ ਸਕਦੀ ਹੈ।
ਉਸਮਾਨ ਤਾਰਿਕ ਦਾ 'ਮਿਸਟਰੀ' ਦਬਾਅ
ਪਾਕਿਸਤਾਨ ਦੇ ਸਾਬਕਾ ਖਿਡਾਰੀ ਬਾਸਿਤ ਅਲੀ ਨੇ ਵੀ ਮੰਨਿਆ ਹੈ ਕਿ ਭਾਰਤ ਇਸ ਸਮੇਂ ਵਿਸ਼ਵ ਪੱਧਰੀ ਕ੍ਰਿਕਟ ਖੇਡ ਰਿਹਾ ਹੈ ਅਤੇ ਉਹ ਹੀ ਜਿੱਤ ਦੇ ਦਾਅਵੇਦਾਰ ਹਨ। ਹਾਲਾਂਕਿ, ਉਨ੍ਹਾਂ ਨੇ ਇਕ ਦਿਲਚਸਪ ਦਾਅਵਾ ਕੀਤਾ ਕਿ ਪਿਛਲੇ ਇਕ ਦਹਾਕੇ ਵਿੱਚ ਪਹਿਲੀ ਵਾਰ ਭਾਰਤੀ ਖਿਡਾਰੀ ਅਤੇ ਮੀਡੀਆ ਪਾਕਿਸਤਾਨ ਦੇ ਮਿਸਟਰੀ ਸਪਿਨਰ ਉਸਮਾਨ ਤਾਰਿਕ ਨੂੰ ਲੈ ਕੇ ਦਬਾਅ ਵਿੱਚ ਨਜ਼ਰ ਆ ਰਹੇ ਹਨ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਾਰਿਕ ਕਾਫੀ ਚਰਚਾ ਵਿੱਚ ਹਨ ਅਤੇ ਹੁਣ ਦੇਖਣਾ ਹੋਵੇਗਾ ਕਿ ਕੀ ਉਹ ਮੈਦਾਨ 'ਤੇ ਵੀ ਅਜਿਹਾ ਪ੍ਰਭਾਵ ਪਾ ਸਕਦੇ ਹਨ।
ਇਸ ਮਹਾ-ਮੁਕਾਬਲੇ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਅਤੇ ਸਟੇਡੀਅਮ ਦੇ ਪੂਰੀ ਤਰ੍ਹਾਂ ਭਰੇ ਹੋਣ ਦੀ ਉਮੀਦ ਹੈ।
ਅਭਿਸ਼ੇਕ ਸ਼ਰਮਾ ਨੂੰ ਲੈ ਕੇ ਪਾਕਿਸਤਾਨੀ ਧਾਕੜ ਨੇ ਦੇ'ਤਾ ਵੱਡਾ ਬਿਆਨ ! ਛਿੜ ਗਈ ਨਵੀਂ ਚਰਚਾ
NEXT STORY