ਹੈਦਰਾਬਾਦ : ਭਾਰਤੀ ਚੋਣਕਾਰਾਂ ਨੇ ਨਿਯਮਿਤ ਕਪਤਾਨ ਵਿਰਾਟ ਕੋਹਲੀ ਨੂੰ ਵੈਸਟਇੰਡੀਜ਼ ਵਿਰੁੱਧ ਇਕ ਦਿਨਾ ਸੀਰੀਜ਼ ਤੋਂ ਆਰਾਮ ਦਿੱਤੇ ਜਾਣ ਦੀਆਂ ਅਟਕਲਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਉਸ ਨੂੰ ਪਹਿਲੇ ਦੋ ਵਨ ਡੇ ਲਈ ਕਪਤਾਨ ਨਿਯੁਕਤ ਕਰ ਦਿੱਤਾ ਹੈ ਤੇ ਨਾਲ ਹੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਟੀਮ ਵਿਚ ਸ਼ਾਮਲ ਕਰ ਲਿਆ ਹੈ। ਵਿਰਾਟ ਨੂੰ ਏਸ਼ੀਆ ਕੱਪ ਤੋਂ ਆਰਾਮ ਦਿੱਤਾ ਗਿਆ ਸੀ, ਜਿਸ ਨੂੰ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਜਿੱਤਿਆ। ਏਸ਼ੀਆ ਕੱਪ ਵਿਚ ਰੋਹਿਤ ਸ਼ਰਮਾ ਨੇ ਭਾਰਤ ਦੀ ਕਪਤਾਨੀ ਕੀਤੀ ਸੀ। ਅਜਿਹੀਆਂ ਅਟਕਲਾਂ ਚੱਲ ਰਹੀਆਂ ਸਨ ਕਿ ਆਗਾਮੀ ਆਸਟਰੇਲੀਆ ਦੌਰੇ ਨੂੰ ਦੇਖਦੇ ਹੋਏ ਵਿਰਾਟ ਨੂੰ ਵਨ ਡੇ ਸੀਰੀਜ਼ ਤੋਂ ਆਰਾਮ ਦਿੱਤਾ ਜਾ ਸਕਦਾ ਹੈ ਪਰ ਭਾਰਤੀ ਚੋਣਕਾਰਾਂ ਨੇ ਵੀਰਵਾਰ ਨੂੰ ਐਲਾਨੀ ਟੀਮ ਵਿਚ ਉਸ ਨੂੰ ਕਪਤਾਨੀ ਸੌਂਪੀ ਹੈ।

ਪੰਤ ਨੂੰ ਟੀਮ ਵਿਚ ਸ਼ਾਮਲ ਕੀਤੇ ਜਾਣ ਦੀਆਂ ਚਰਚਾਵਾਂ ਜ਼ੋਰਾਂ 'ਤੇ ਚੱਲ ਰਹੀਆਂ ਸਨ ਤੇ ਚੋਣਕਾਰਾਂ ਨੇ ਉਸ ਨੂੰ 14 ਮੈਂਬਰੀ ਟੀਮ ਵਿਚ ਮੌਕਾ ਦਿੱਤਾ ਹੈ। ਪੰਤ ਇਸ ਸਮੇਂ ਟੈਸਟ ਟੀਮ ਵਿਚ ਵਿਕਟਕੀਪਰ ਹੈ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵਿਕਟਕੀਪਰ ਦੀ ਭੂਮਿਕਾ ਵਿਚ ਰਹੇਗਾ ਜਦਕਿ ਪੰਤ ਨੂੰ ਇਕ ਬੱਲੇਬਾਜ਼ ਦੇ ਤੌਰ 'ਤੇ ਮੌਕਾ ਮਿਲ ਸਕਦਾ ਹੈ। ਭਾਰਤੀ ਟੀਮ ਵਿਚ ਦੋ ਚੋਟੀ ਦੇ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੂੰ ਆਰਾਮ ਦਿੱਤਾ ਗਿਆ ਹੈ ਜਦਕਿ ਪੰਤ ਦੀ ਜਗ੍ਹਾ ਬਣਾਉਣ ਲਈ ਏਸ਼ੀਆ ਕੱਪ ਦਾ ਹਿੱਸਾ ਰਹੇ ਦਿਨੇਸ਼ ਕਾਰਤਿਕ ਨੂੰ ਬਾਹਰ ਕਰ ਦਿੱਤਾ ਗਿਆ ਹੈ। ਏਸ਼ੀਆ ਕੱਪ ਵਿਚ ਭਾਰਤੀ ਟੀਮ ਦਾ ਹਿੱਸਾ ਰਹੇ ਦੀਪਕ ਚਾਹਰ ਤੇ ਸਿਧਾਰਥ ਕੌਲ ਨੂੰ ਵੀ ਬਾਹਰ ਕਰ ਦਿੱਤਾ ਗਿਆ ਹੈ।

ਵਿੰਡੀਜ਼ ਖਿਲਾਫ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ
NEXT STORY