ਨਵੀਂ ਦਿੱਲੀ— ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਪਿੱਠ ਦੀ ਸਰਜਰੀ ਤੋਂ ਬਾਅਦ ਕ੍ਰਿਕਟ 'ਚ ਵਾਪਸੀ ਕਰ ਚੁੱਕੇ ਹਨ ਤੇ ਲਗਾਤਾਰ ਦੌੜਾਂ ਬਣਾ ਰਹੇ ਹਨ। ਡੀਵਾਈ ਪਾਟਿਲ ਟੀ-20 ਕੱਪ ਮੈਚ ਦੇ ਦੌਰਾਨ ਹਾਰਦਿਕ ਦਾ ਬੱਲਾ ਇਕ ਵਾਰ ਫਿਰ ਬੋਲਿਆ ਤੇ ਉਸ ਨੇ 55 ਗੇਂਦਾਂ 'ਚ 158 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਉਸ ਨੇ 37 ਗੇਂਦਾਂ 'ਚ ਸੈਂਕੜਾ ਲਗਾਇਆ ਸੀ।
ਮੁੰਬਈ 'ਚ ਘਰੇਲੂ ਟੀ-20 ਟੂਰਨਾਮੈਂਟ ਦੇ ਦੌਰਾਨ ਰਿਲਾਇੰਸ ਵਨ ਟੀਮ ਵਲੋਂ ਖੇਡਦੇ ਹੋਏ ਬੀ. ਪੀ. ਐੱਲ. ਟੀਮ ਵਿਰੁੱਧ ਹਾਰਦਿਕ ਨੇ 287.27 ਦੀ ਸਟ੍ਰਾਈਕ ਰੇਟ ਨਾਲ 55 ਗੇਂਦਾਂ ਖੇਡੀਆਂ ਤੇ 6 ਚੌਕਿਆਂ ਤੇ 20 ਛੱਕਿਆਂ ਦੀ ਮਦਦ ਨਾਲ ਅਜੇਤੂ 158 ਦੌੜਾਂ ਬਣਾਈਆਂ। ਇਸ ਦੌਰਾਨ ਹਾਰਦਿਕ ਨੇ ਲਗਾਤਾਰ ਤਿੰਨ ਗੇਂਦਾਂ 'ਤੇ ਤਿੰਨ ਛੱਕੇ ਵੀ ਲਗਾਏ।
ਜ਼ਿਕਰਯੋਗ ਹੈ ਕਿ ਨਵੇਂ ਚੋਣਕਰਤਾ ਸੁਨੀਲ ਜੋਸ਼ੀ ਤੇ ਹਰਵਿੰਦਰ ਸਿੰਘ ਦੀ ਅਗਵਾਈ 'ਚ ਅੱਜ ਦੱਖਣੀ ਅਫਰੀਕਾ ਵਿਰੁੱਧ ਵਨ ਡੇ ਸੀਰੀਜ਼ ਟੀਮ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਹਾਰਦਿਕ ਦੀ ਹਾਲ ਹੀ ਦੀ ਪਰਫਾਰਮੈੱਸ ਤੇ ਉਸਦੀ ਫਿੱਟਨੈੱਸ ਨੂੰ ਧਿਆਨ 'ਚ ਰੱਖਦੇ ਹੋਏ ਉਸ ਨੂੰ ਵਨ ਡੇ ਟੀਮ 'ਚ ਮੌਕਾ ਮਿਲਣ ਦੀ ਸੰਭਾਵਨਾ ਹੈ। ਇਸ ਚੋਣ 'ਚ ਸਭ ਤੋਂ ਜ਼ਿਆਦਾ ਨਜ਼ਰਾਂ ਹਾਰਦਿਕ ਪੰਡਯਾ 'ਤੇ ਲੱਗੀਆਂ ਹੋਈਆਂ ਹਨ।
ਵਿਸ਼ਵ ਕੱਪ ਫਾਈਨਲ 'ਤੇ ਮੀਂਹ ਦਾ ਖਤਰਾ ਨਹੀਂ
NEXT STORY