ਨਵੀਂ ਦਿੱਲੀ- ਤਜਰਬੇਕਾਰ ਸ਼ਰਤ ਕਮਲ ਅਤੇ ਦੁਨੀਆ ਦੀ 24ਵੇਂ ਨੰਬਰ ਦੀ ਖਿਡਾਰੀ ਮਨਿਕਾ ਬੱਤਰਾ ਪੈਰਿਸ ਖੇਡਾਂ ’ਚ ਕ੍ਰਮਵਾਰ ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਦੀ ਅਗਵਾਈ ਕਰਨਗੇ, ਜਿੱਥੇ ਦੇਸ਼ ਟੀਮ ਮੁਕਾਬਲੇਬਾਜ਼ੀ ’ਚ ਓਲੰਪਿਕ ’ਚ ਡੈਬਿਊ ਕਰੇਗਾ। ਭਾਰਤੀ ਟੇਬਲ ਟੈਨਿਸ ਮਹਾਸੰਗ (ਟੀ. ਟੀ. ਐੱਫ. ਆਈ.) ਦੀ ਸੀਨੀਅਰ ਚੋਣ ਕਮੇਟੀ ਨੇ ਵੀਰਵਾਰ ਨੂੰ ਓਲੰਪਿਕ ਮਾਪਦੰਡਾਂ ਅਨੁਸਾਰ 6 ਮੈਂਬਰੀ ਟੀਮ (ਹਰੇਕ ਵਰਗ ’ਚ ਤਿੰਨ) ਦੀ ਚੋਣ ਕੀਤੀ। ਇਸ ਤੋਂ ਇਲਾਵਾ ਸਿੰਗਲ ਮੁਕਾਬਲੇਬਾਜ਼ੀ ’ਚ ਮੁਕਾਬਲਾ ਕਰਨ ਵਾਲੇ ਖਿਡਾਰੀਆਂ ਦੀ ਵੀ ਚੋਣ ਕੀਤੀ ਗਈ। ਸ਼ਰਤ, ਹਰਮੀਤ ਦੇਸਾਈ ਅਤੇ ਮਾਨਵ ਠੱਕਰ ਨੂੰ ਤਿੰਨ ਮੈਂਬਰੀ ਪੁਰਸ਼ ਟੀਮ ’ਚ ਥਾਂ ਮਿਲੇਗੀ, ਜਦੋਂਕਿ ਮਨਿਕਾ, ਸ਼੍ਰੀਜਾ ਅਕੁਲਾ ਅਤੇ ਅਰਚਨਾ ਕਾਮਥ ਮਹਿਲਾ ਵਰਗ ’ਚ ਟੀਮ ਦੇ ਮੈਂਬਰ ਹੋਣਗੇ। ਹਰੇਕ ਵਰਗ ’ਚ ‘ਬਦਲਵਾਂ ਖਿਡਾਰੀ’ ਜੀ ਸਾਥੀਆਨ ਅਤੇ ਆਯਹਿਕਾ ਮੁਖਰਜੀ ਹੋਣਗੇ। ਪੁਰਸ਼ ਸਿੰਗਲ ’ਚ ਸ਼ਰਤ ਅਤੇ ਹਰਮੀਤ ਮੁਕਾਬਲਾ ਕਰਨਗੇ, ਜਦੋਂਕਿ ਮਹਿਲਾ ਸਿੰਗਲ ’ਚ ਮਨਿਕਾ ਅਤੇ ਸ਼੍ਰੀਜਾ ਚੁਣੌਤੀ ਪੇਸ਼ ਕਰਨਗੀਆਂ। ਇਹ ਫੈਸਲਾ ਨਵੇਂ ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਲਿਆ ਗਿਆ ਹੈ। ਸਾਲ 2004 ’ਚ ਓਲੰਪਿਕ ਡੈਬਿਊ ਕਰਨ ਵਾਲੇ 41 ਸਾਲਾ ਸ਼ਰਤ ਦਾ ਇੱਥੇ 5ਵਾਂ ਅਤੇ ਅੰਤਿਮ ਓਲੰਪਿਕ ਹੋਵੇਗਾ।
ਟੀਮਾਂ ਅਤੇ ਨਿੱਜੀ ਮੁਕਾਬਲਿਆਂ ਲਈ ਖਿਡਾਰੀਆਂ ਦੀ ਚੋਣ ਟੀ. ਟੀ. ਐੱਫ. ਆਈ. ਦੇ ਪਹਿਲਾਂ ਤੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਕੀਤੀ ਗਈ ਸੀ। ਤਿੰਨ ਖਿਡਾਰੀਆਂ ਦੀ ਚੋਣ ਪਿਛਲੇ ਕੁਝ ਸਮੇਂ ’ਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਲਗਾਤਾਰਤਾ ਤੇ ਵਿਸ਼ਵ ਰੈਂਕਿੰਗ ਅਨੁਸਾਰ ‘ਖੁਦ’ ਹੋਈ। ਹਾਲਾਂਕਿ ਮਹਿਲਾ ਟੀਮ ਦੀ ਤੀਜੀ ਖਿਡਾਰੀ ਨੂੰ ਲੈ ਕੇ ਬਹਿਸ ਚੱਲ ਰਹੀ ਸੀ। ਮਨਿਕਾ ਅਤੇ ਸ਼੍ਰੀਜਾ ਅਕੁਲਾ ਆਪਣੀ ਉੱਚ ਵਿਸ਼ਵ ਰੈਂਕਿੰਗ (ਟਾਪ 50 ਦੇ ਅੰਦਰ) ਦੇ ਆਧਾਰ ’ਤੇ ਟੀਮ ਦਾ ਹਿੱਸਾ ਬਣੀ, ਜਦੋਂਕਿ ਅਰਚਨਾ (103) ਨੇ ਤੀਜੇ ਖਿਡਾਰੀ ਵਜੋਂ ਟੀਮ ’ਚ ਥਾਂ ਬਣਾਈ। ਬੈਂਗਲੁਰੂ ਦੀ ਅਰਚਨਾ ਨੇ ਆਪਣੀ ਰੈਂਕਿੰਗ ਸਮੇਤ ਕਈ ਮਾਮਲਿਆਂ ’ਚ ਆਯਹਿਕਾ (133) ਨੂੰ ਪਿੱਛੇ ਛੱਡ ਦਿੱਤਾ। ਪੁਰਸ਼ ਟੀਮ ’ਚ 40ਵੀਂ ਵਿਸ਼ਵ ਰੈਂਕਿੰਗ ਨਾਲ ਸ਼ਰਤ ਦੀ ਚੋਣ ਚੋਟੀ ਦੇ ਭਾਰਤੀ ਖਿਡਾਰੀ ਵਜੋਂ ਸਵੈ ਹੋਈ, ਜਦੋਂਕਿ ਹਰਮੀਤ (63) ਅਤੇ ਮਾਨਵ (62) ਦੀ ਵਿਸ਼ਵ ਰੈਂਕਿੰਗ ’ਚ ਸਿਰਫ ਇਕ ਨੰਬਰ ਦਾ ਫਰਕ ਹੈ। ਹਾਲਾਂਕਿ ਦੋਵਾਂ ਨੇ ਟੀਮ ’ਚ ਥਾਂ ਬਣਾਈ ਹੈ ਪਰ ਰਾਸ਼ਟਰੀ ਚੈਂਪੀਅਨ ਹਰਮੀਤ ਨੂੰ ਉਨ੍ਹਾਂ ਦੇ ਅੰਤਰਰਾਸ਼ਟਰੀ (ਜਿੱਤ ਹਾਰ ਦਾ ਬਿਹਤਰ ਰਿਕਾਰਡ) ਅਤੇ ਰਾਸ਼ਟਰੀ ਪ੍ਰਦਰਸ਼ਨ ਦੇ ਆਧਾਰ ’ਤੇ ਸਿੰਗਲ ਵਰਗ ਲਈ ਚੋਣਕਰਤਾ ਦੀ ਮਨਜ਼ੂਰੀ ਮਿਲੀ। ਬੈਠਕ ’ਚ ਮਾਸਿਮੋ ਕੋਸਟੇਂਟਿਨੀ ਵਿਸ਼ੇਸ਼ ਸੱਦੇ ਵਜੋਂ ਹਾਜ਼ਰ ਸੀ ਅਤੇ ਉਨ੍ਹਾਂ ਦੀ ਸਲਾਹ ਉਪਯੋਗੀ ਰਹੀ ਹੋਵੇਗੀ।
ਕੋਸਟੇਂਟਿਨੀ ਅਗਲੇ ਹਫਤੇ ਤੀਜੀ ਵਾਰ ਭਾਰਤੀ ਟੀਮ ਦੀ ਕਮਾਨ ਸੰਭਾਲਣਗੇ। ਉਹ ਇਸ ਹਫਤੇ ਦੀ ਸ਼ੁਰੂਆਤ ’ਚ ਭਾਰਤ ਪੁੱਜੇ। ਬਦਲਵੇਂ ਖਿਡਾਰੀ ਸਾਥੀਆਨ ਅਤੇ ਆਯਹਿਕਾ ਟੀਮ ਦੇ ਨਾਲ ਪੈਰਿਸ ਜਾਣਗੇ ਪਰ ਅਧਿਕਾਰਕ ਖੇਡ ਪਿੰਡ ’ਚ ਨਹੀਂ ਰਹਿਣਗੇ। ਸੱਟ ਲੱਗਣ ਦੀ ਸਥਿਤੀ ’ਚ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਹੋਵੇਗੀ। ਟੀਮ ਇਸ ਤਰ੍ਹਾਂ ਹੈ-ਪੁਰਸ਼ : ਸ਼ਰਤ ਕਮਲ, ਹਰਮੀਤ ਦੇਸਾਈ ਅਤੇ ਮਾਨਵ ਠੱਕਰ, ਬਦਲਵੇਂ ਖਿਡਾਰੀ : ਜੀ ਸਾਥੀਆਨ। ਮਹਿਲਾ : ਮਨਿਕਾ ਬੱਤਰਾ, ਸ਼੍ਰੀਜਾ ਅਕੁਲਾ ਅਤੇ ਅਰਚਨਾ ਕਾਮਥ, ਬਦਲਵੇਂ ਖਿਡਾਰੀ : ਆਯਹਿਕਾ ਮੁਖਰਜੀ।
WFI ਪੈਰਿਸ ਖੇਡਾਂ ਦੀ ਚੋਣ ਯੋਗਤਾ ਬਾਰੇ ਫੈਸਲਾ 21 ਮਈ ਨੂੰ ਕਰੇਗਾ
NEXT STORY