ਮਾਨਚੈਸਟਰ : ਪੈਟ ਕਮਿੰਸ (8 ਦੌੜਾਂ 'ਤੇ 2 ਵਿਕਟਾਂ) ਨੇ ਦੂਜੀ ਪਾਰੀ ਵਿਚ ਪਹਿਲੇ ਹੀ ਓਵਰ 'ਚ ਇੰਗਲੈਂਡ ਦੀਆਂ 2 ਵਿਕਟਾਂ ਲੈ ਕੇ ਏਸ਼ੇਜ਼ ਦੇ ਚੌਥੇ ਟੈਸਟ ਦੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟਰੇਲੀਆਈ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਇੰਗਲੈਂਡ ਨੇ ਦੂਜੀ ਪਾਰੀ 'ਚ 7 ਓਵਰਾਂ ਵਿਚ 2 ਵਿਕਟਾਂ ਗੁਆ ਕੇ 18 ਦੌੜਾਂ ਬਣਾ ਲਈਆਂ ਹਨ ਜਦਕਿ ਉਹ ਅਜੇ ਵੀ ਆਸਟਰੇਲੀਆ ਦੀਆਂ 365 ਦੌੜਾਂ ਤੋਂ ਪਿੱਛੇ ਹੈ ਅਤੇ ਅਜਿਹੇ ਵਿਚ ਉਸ 'ਤੇ ਹਾਰ ਦਾ ਖਤਰਾ ਮੰਡਰਾਉਣ ਲੱਗਾ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਸਟੀਵ ਸਮਿਥ ਦੀਆਂ 82 ਦੌੜਾਂ ਦੀ ਬਦੌਲਤ ਦੂਜੀ ਪਾਰੀ 6 ਵਿਕਟਾਂ 'ਤੇ 186 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ। ਇਸ ਤਰ੍ਹਾਂ ਪਹਿਲੀ ਪਾਰੀ ਵਿਚ 196 ਦੌੜਾਂ ਦੀ ਬੜ੍ਹਤ ਨਾਲ ਉਸ ਨੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 383 ਦੌੜਾਂ ਦਾ ਵੱਡਾ ਟੀਚਾ ਰੱਖਿਆ।

ਇੰਗਲੈਂਡ ਨੇ ਦਿਨ ਦੀ ਸ਼ੁਰੂਆਤ 5 ਵਿਕਟਾਂ 'ਤੇ 200 ਦੌੜਾਂ ਤੋਂ ਕੀਤੀ ਸੀ। ਦਿਨ ਦੀ ਖੇਡ ਜਦੋਂ ਸ਼ੁਰੂ ਹੋਈ ਤਾਂ ਪਿਛਲੇ ਮੁਕਾਬਲੇ 'ਚ ਅਜੇਤੂ ਸੈਂਕੜੇ ਵਾਲੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ਵਾਲਾ ਬੇਨ ਸਟੋਕਸ 7 ਜਦਕਿ ਜਾਨੀ ਬੇਅਰਸਟੋ 2 ਦੌੜਾਂ 'ਤੇ ਖੇਡ ਰਹੇ ਸਨ। ਆਸਟਰੇਲੀਆਈ ਟੀਮ ਨੇ ਸ਼ੁਰੂਆਤੀ 6 ਓਵਰਾਂ ਤੋਂ ਬਾਅਦ ਨਵੀਂ ਗੇਂਦ ਲਈ, ਜਿਸ ਦਾ ਉਸ ਨੂੰ ਫਾਇਦਾ ਮਿਲਿਆ। ਇੰਗਲੈਂਡ ਨੇ ਜਲਦੀ-ਜਲਦੀ 3 ਵਿਕਟਾਂ ਗੁਆ ਦਿੱਤੀਆਂ। ਸਟਾਰਕ ਨੇ ਬੇਅਰਸਟੋ ਨੂੰ ਬੋਲਡ ਕਰ ਕੇ ਉਸ ਦੀ 17 ਦੌੜਾਂ ਦੀ ਪਾਰੀ ਦਾ ਅੰਤ ਕੀਤਾ। ਇਸ ਤੋਂ ਬਾਅਦ ਉਸ ਨੇ ਸਟੋਕਸ ਨੂੰ ਵੀ ਪੈਵੇਲੀਅਨ ਦਾ ਰਸਤਾ ਦਿਖਾਇਆ। ਸਟੋਕਸ ਦਾ ਕੈਚ ਦੂਜੀ ਸਲਿਪ 'ਤੇ ਖੜ੍ਹੇ ਸਟੀਵ ਸਮਿਥ ਨੇ ਲਿਆ। ਉਸ ਨੇ 26 ਦੌੜਾਂ ਬਣਾਈਆਂ। ਪੈਟ ਕਮਿੰਸ ਨੇ ਇਸ ਤੋਂ ਬਾਅਦ ਜੋਫ੍ਰਾ ਆਰਚਰ ਨੂੰ ਵਿਕਟਕੀਪਰ ਟਿਮ ਪੇਨ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜਿਆ। ਬਟਲਰ ਅਤੇ ਬ੍ਰਾਡ ਨੇ ਇਸ ਤੋਂ ਬਾਅਦ 5 ਓਵਰਾਂ ਤੱਕ ਸੰਘਰਸ਼ ਕਰ ਕੇ ਲੰਚ ਤੱਕ ਟੀਮ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਲੰਚ ਤੋਂ ਬਾਅਦ ਬਟਲਰ ਨੇ ਚੌਕਾ ਲਾ ਕੇ ਟੀਮ ਨੂੰ ਫਾਲੋਆਨ ਤੋਂ ਬਚਾਇਆ। ਉਹ 41 ਦੌੜਾਂ ਬਣਾ ਕੇ ਕਮਿੰਸ ਦੀ ਗੇਂਦ 'ਤੇ ਬੋਲਡ ਹੋਇਆ, ਜਿਸ ਨਾਲ ਇੰਗਲੈਂਡ ਦੀ ਪਹਿਲੀ ਪਾਰੀ 301 ਦੌੜਾਂ 'ਤੇ ਸਿਮਟੀ।
B'Day Spcl : ਕ੍ਰਿਕਟ ਪ੍ਰਤੀ ਦੀਵਾਨਗੀ ਨੇ ਬਦਲ ਦਿੱਤੀ ਸ਼ੁਭਮਨ ਦੀ ਜ਼ਿੰਦਗੀ, ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਗੱਲਾਂ
NEXT STORY