ਮੁੰਬਈ– ਸੰਜੂ ਸੈਮਸਨ ਦੇ ਕਰੀਅਰ ਦੇ ਤੀਜੇ ਤੇ ਆਈ. ਪੀ. ਐੱਲ.-2021 ਦੇ ਪਹਿਲੇ ਸੈਂਕੜੇ ਦੇ ਬਾਵਜੂਦ ਰਾਜਸਥਾਨ ਰਾਇਲਜ਼ ਨੂੰ ਵੱਡੇ ਸਕੋਰ ਵਾਲੇ ਰੋਮਾਂਚਕ ਮੁਕਾਬਲੇ ਵਿਚ ਸੋਮਵਾਰ ਨੂੰ ਇੱਥੇ ਪੰਜਾਬ ਕਿੰਗਜ਼ ਹੱਥੋਂ 4 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੇ ਕਪਤਾਨ ਲੋਕੇਸ਼ ਰਾਹੁਲ ਦੀਆਂ 50 ਗੇਂਦਾਂ ਵਿਚ 6 ਛੱਕਿਆਂ ਤੇ 7 ਚੌਕਿਆਂ ਦੀ ਮਦਦ ਨਾਲ 91 ਦੌੜਾਂ ਤੇ ਦੀਪਕ ਹੁੱਡਾ 28 ਗੇਂਦਾਂ ’ਤੇ 64 ਦੌੜਾਂ (6 ਛੱਕੇ ਤੇ 4 ਚੌਕੇ) ਦੇ ਨਾਲ ਉਸਦੀ ਤੀਜੀ ਵਿਕਟ ਲਈ 105 ਦੌੜਾਂ ਦੀ ਤੇਜ਼ਤਰਾਰ ਸਾਂਝੇਦਾਰੀ ਦੀ ਬਦੌਲਤ ਛੇ ਵਿਕਟਾਂ ’ਤੇ 221 ਦੌੜਾਂ ਬਣਾਈਆਂ। ਰਾਹੁਲ ਨੇ ਕ੍ਰਿਸ ਗੇਲ (40) ਨਾਲ ਵੀ ਦੂਜੀ ਵਿਕਟ ਲਈ 67 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਤੇ ਹੁੱਡਾ ਦੀਆਂ ਪਾਰੀਆਂ ਦੀ ਬਦੌਲਤ ਪੰਜਾਬ ਦੀ ਟੀਮ ਆਖਰੀ 8 ਓਵਰਾਂ ਵਿਚ 111 ਦੌੜਾਂ ਜੋੜਨ ਵਿਚ ਸਫਲ ਰਹੀ। ਇਸ ਦੇ ਜਵਾਬ ਵਿਚ ਰਾਜਸਥਾਨ ਰਾਇਲਜ਼ ਦੀ ਟੀਮ ਆਈ. ਪੀ. ਐੱਲ. ਵਿਚ ਕਪਤਾਨੀ ਡੈਬਿਊ ਵਿਚ ਸੈਂਕੜਾ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣੇ ਸੰਜੂ (119 ਦੌੜਾਂ) ਦੇ ਸੈਂਕੜੇ ਦੇ ਬਾਵਜੂਦ 7 ਵਿਕਟਾਂ ’ਤੇ 217 ਦੌੜਾਂ ਹੀ ਬਣਾ ਸਕੀ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਦੀ ਟੀਮ 2 ਟੈਸਟਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਪਹੁੰਚੀ
ਸੈਮਸਨ ਤੋਂ ਇਲਾਵਾ ਰਾਇਲਜ਼ ਦਾ ਕੋਈ ਬੱਲੇਬਾਜ਼ 30 ਦੌੜਾਂ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ। ਪੰਜਾਬ ਦੀ ਟੀਮ ਵਲੋਂ ਅਰਸ਼ਦੀਪ ਸਿੰਘ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 35 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਰਾਇਲਜ਼ ਨੂੰ ਆਖਰੀ 3 ਓਵਰਾਂ ਵਿਚ 40 ਦੌੜਾਂ ਦੀ ਲੋੜ ਸੀ। ਸੈਮਸਨ ਨੇ ਰਿਚਰਡਸਨ ਦੀਆਂ ਪਹਿਲੀ ਤਿੰਨ ਗੇਂਦਾਂ ’ਤੇ ਦੋ ਚੌਕੇ ਤੇ ਇਕ ਛੱਕੇ ਦੇ ਨਾਲ 54 ਗੇਂਦਾਂ ਵਿਚ ਸੈਂਕੜਾ ਪੂਰਾ ਕਰਦੇ ਹੋਏ ਰਾਇਲਜ਼ ਦਾ ਪੱਲੜਾ ਭਾਰੀ ਕੀਤਾ। ਪਾਰੀ ਦੇ 18ਵੇਂ ਓਵਰ ਵਿਚ 19 ਦੌੜਾਂ ਬਣੀਆਂ। ਮੇਰੇਡਿਥ ਨੇ ਅਗਲੇ ਓਵਰ ਵਿਚ ਰਾਹੁਲ ਤੇਵਤੀਆ (2) ਨੂੰ ਪੈਵੇਲੀਅਨ ਭੇਜਿਆ ਪਰ ਸੈਮਸਨ ਨੇ ਛੱਕਾ ਲਾ ਕੇ ਰਾਇਲਜ਼ ਦੀਆਂ ਉਮੀਦਾਂ ਨੂੰ ਜਿਊਂਦੇ ਰੱਖਿਆ। ਅਰਸ਼ਦੀਪ ਨੂੰ ਆਖਰੀ ਓਵਰ ਵਿਚ ਰਾਇਲਜ਼ ਨੂੰ 13 ਦੌੜਾਂ ਦਾ ਟੀਚਾ ਹਾਸਲ ਕਰਨ ਤੋਂ ਰੋਕਣਾ ਸੀ। ਪਹਿਲੀਆਂ ਤਿੰਨ ਗੇਂਦਾਂ ’ਤੇ ਸਿਰਫ ਦੋ ਦੌੜਾਂ ਬਣੀਆਂ ਪਰ ਚੌਥੀ ਗੇਂਦ ’ਤੇ ਸੈਮਸਨ ਨੇ ਛੱਕਾ ਲਾ ਦਿੱਤਾ। 5ਵੀਂ ਗੇਂਦ ਖਾਲੀ ਗਈ ਜਦਕਿ ਆਖਰੀ ਗੇਂਦ ’ਤੇ ਸੈਮਸਨ ਨੇ ਬਾਊਂਡਰੀ ’ਤੇ ਕੈਚ ਦੇ ਦਿੱਤਾ।
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਭਾਰਤ ਦੀ ਅਰਜਨਟੀਨਾ ’ਤੇ 3-0 ਦੀ ਸ਼ਾਨਦਾਰ ਜਿੱਤ
ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪੰਜਾਬ ਕਿੰਗਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ, ਜਿਸ ਤੋਂ ਬਾਅਦ ਆਈ. ਪੀ. ਐੱਲ. ਵਿਚ ਡੈਬਿਊ ਕਰ ਰਹੇ ਤੇਜ਼ ਗੇਂਦਬਾਜ਼ ਚੇਤਨ ਸਕਾਰੀਆ (31 ਦੌੜਾਂ ’ਤੇ 3 ਵਿਕਟਾਂ) ਨੇ ਤੀਜੇ ਓਵਰ ਵਿਚ ਹੀ ਮਯੰਕ ਅਗਰਵਾਲ (14) ਨੂੰ ਵਿਕਟਕੀਪਰ ਕਪਤਾਨ ਦੇ ਹੱਥੋਂ ਕੈਚ ਕਰਵਾ ਦਿੱਤਾ। ਰਾਹੁਲ ਨੇ ਆਈ. ਪੀ. ਐੱਲ. ਨਿਲਾਮੀ ਵਿਚ ਸਭ ਤੋਂ ਮਹਿੰਗੇ ਵਿਕੇ ਤੇਜ਼ ਗੇਂਦਬਾਜ਼ ਕ੍ਰਿਸ ਮੌਰਿਸ (41 ਦੌੜਾਂ ’ਤੇ 2 ਵਿਕਟਾਂ) ਦਾ ਸਵਾਗਤ ਪਹਿਲੀ ਗੇਂਦ ’ਤੇ ਚੌਕੇ ਦੇ ਨਾਲ ਕੀਤਾ।
ਗੇਲ ਨੇ ਵੀ ਚੌਕਸੀ ਭਰੀ ਸ਼ੁਰੂਆਤ ਤੋਂ ਬਾਅਦ ਮੁਸਤਾਫਿਜ਼ੁਰ ਰਹਿਮਾਨ ਤੇ ਮੌਰਿਸ ’ਤੇ ਚੌਕੇ ਲਾਏ। ਪੰਜਾਬ ਦੀ ਟੀਮ ਨੇ ਪਾਵਰ ਪਲੇਅ ਵਿਚ 1 ਵਿਕਟ ’ਤੇ 46 ਦੌੜਾਂ ਬਣਾਈਆਂ। ਰਾਹੁਲ ਹਾਲਾਂਕਿ 15 ਦੌੜਾਂ ਦੇ ਸਕੋਰ ’ਤੇ ਲੱਕੀ ਰਿਹਾ ਜਦੋਂ ਸ਼੍ਰੇਅਸ ਗੋਪਾਲ ਦੀ ਗੇਂਦ ’ਤੇ ਬੇਨ ਸਟੋਕਸ ਨੇ ਲਾਂਗ ਆਫ ’ਤੇ ਉਸਦਾ ਕੈਚ ਛੱਡ ਦਿੱਤਾ ਤੇ ਗੇਂਦ ਚਾਰ ਦੌੜਾਂ ਲਈ ਚਲੀ ਗਈ। ਗੇਲ ਨੇ ਵੀ ਇਸ ਓਵਰ ਵਿਚ ਚੌਕਾ ਲਾਇਆ। ਰਾਹੁਲ ਨੇ ਇਸ ਤੋਂ ਬਾਅਦ ਸਟੋਕਸ ਦੀ ਪਹਿਲੀ ਗੇਂਦ ’ਤੇ ਚੌਕਾ ਲਾਇਆ ਜਦਕਿ ਗੇਲ ਨੇ ਇਸੇ ਓਵਰ ਵਿਚ ਪਾਰੀ ਦਾ ਪਹਿਲਾ ਛੱਕਾ ਲਾਇਆ। ਗੇਲ ਨੇ ਰਾਹੁਲ ਤੇਵਤੀਆ ’ਤੇ ਵੀ ਚੌਕਾ ਤੇ ਛੱਕਾ ਲਾਇਆ ਪਰ ਰਿਆਨ ਪ੍ਰਾਗ ਦੀ ਗੇਂਦ ’ਤੇ ਲਾਂਗ ਆਨ ’ਤੇ ਸਟੋਕਸ ਨੂੰ ਉਹ ਕੈਚ ਦੇ ਬੈਠਾ। ਰਾਹੁਲ ਨੇ ਤੇਵਤੀਆ ਤੇ ਫਿਰ ਸ਼ੁਭਮ ਦੂਬੇ ’ਤੇ ਛੱਕੇ ਦੇ ਨਾਲ 30 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ।
ਹੁੱਡਾ ਨੇ ਇਸ ਤੋਂ ਬਾਅਦ ਤੂਫਾਨੀ ਤੇਵਰ ਦਿਖਾਏ। ਉਸ ਨੇ ਦੂਬੇ ’ਤੇ ਦੋ ਛੱਕੇ ਲਾਉੁਣ ਤੋਂ ਬਾਅਦ ਗੋਪਾਲ ਦੇ ਓਵਰ ਵਿਚ ਤਿੰਨ ਛੱਕੇ ਲਾ ਕੇ 14ਵੇਂ ਓਵਰ ਵਿਚ ਟੀਮ ਦਾ ਸਕੋਰ 150 ਦੇ ਪਾਰ ਪਹੁੰਚਾਇਆ। ਹੁੱਡਾ ਨੇ ਮੌਰਿਸ ’ਤੇ ਛੱਕੇ ਤੇ ਫਿਰ ਇਕ ਦੌੜੇ ਦੇ ਨਾਲ ਸਿਰਫ 20 ਓਵਰਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਹੁੱਡਾ ਨੇ ਇਸ ਤੋਂ ਬਾਅਦ ਸਕਾਰੀਆ ’ਤੇ ਵੀ ਲਗਾਤਾਰ ਤਿੰਨ ਚੌਕੇ ਮਾਰੇ। ਰਾਹੁਲ ਨੇ 18ਵੇਂ ਓਵਰ ਵਿਚ ਮੌਰਿਸ ’ਤੇ ਦੋ ਛੱਕਿਆਂ ਦੇ ਨਾਲ ਟੀਮ ਦਾ ਸਕੋਰ 200 ਦੌੜਾਂ ਦੇ ਪਾਰ ਪਹੁੰਚਾਇਆ। ਮੌਰਿਸ ਦੇ ਇਸੇ ਓਵਰ ਵਿਚ ਹਾਲਾਂਕਿ ਹੁੱਡਾ ਪ੍ਰਾਗ ਨੂੰ ਕੈਚ ਦੇ ਬੈਠਾ ਜਦਕਿ ਸਕਾਰੀਆ ਨੇ ਪਹਿਲੀ ਹੀ ਗੇਂਦ ’ਤੇ ਨਿਕੋਲਸ ਪੂਰਨ ਦਾ ਸ਼ਾਦਨਾਰ ਕੈਚ ਕੀਤਾ। ਰਾਹੁਲ ਨੇ ਸਕਾਰੀਆ ਦੇ ਪਾਰੀ ਦੇ ਆਖਰੀ ਓਵਰ ਦੀ ਪਹਿਲੀ ਗੇਂਦ ’ਤੇ ਚੌਕਾ ਲਾਇਆ ਪਰ ਅਗਲੀ ਗੇਂਦ ਜਦੋਂ ਛੱਕੇ ਲਈ ਜਾ ਰਹੀ ਸੀ ਤਾਂ ਤੇਵਤੀਆ ਨੇ ਸ਼ਾਨਦਾਰ ਕੈਚ ਫੜ ਕੇ ਉਸਦੀ ਪਾਰੀ ਦਾ ਅੰਤ ਕਰ ਦਿੱਤਾ।
ਟੀਮਾਂ:
ਪੰਜਾਬ ਕਿੰਗਜ਼ (ਪਲੇਇੰਗ ਇਲੈਵਨ): ਕੇਐਲ ਰਾਹੁਲ (ਡਬਲਯੂ / ਸੀ), ਮਯੰਕ ਅਗਰਵਾਲ, ਕ੍ਰਿਸ ਗੇਲ, ਨਿਕੋਲਸ ਪੂਰਨ, ਦੀਪਕ ਹੁੱਡਾ, ਸ਼ਾਹਰੁਖ ਖਾਨ, ਝੀ ਰਿਚਰਡਸਨ, ਮੁਰੂਗਨ ਅਸ਼ਵਿਨ, ਰਿਲੀ ਮੈਰਿਥ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ
ਰਾਜਸਥਾਨ ਰਾਇਲਜ਼ (ਖੇਡਣਾ ਇਲੈਵਨ)): ਜੋਸ ਬਟਲਰ (ਡਬਲਯੂ), ਮਨਨ ਵੋਹਰਾ, ਬੇਨ ਸਟੋਕਸ, ਸੰਜੂ ਸੈਮਸਨ (ਸੀ), ਰਿਆਨ ਪਰਾਗ, ਸ਼ਿਵਮ ਦੂਬੇ, ਰਾਹੁਲ ਤਿਵਾਤੀਆ, ਕ੍ਰਿਸ ਮੌਰਿਸ, ਸ਼੍ਰੇਅਸ ਗੋਪਾਲ, ਚੇਤਨ ਸਕਰੀਆ, ਮੁਸਤਫਿਜ਼ੁਰ ਰਹਿਮਾਨ
RR v PBKS : ਸੰਜੂ ਸੈਮਸਨ ਨੂੰ ਮਿਲੇਗੀ ਲੋਕੇਸ਼ ਰਾਹੁਲ ਤੋਂ ਚੁਣੌਤੀ
NEXT STORY