ਸਪੋਰਟਸ ਡੈਸਕ : ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਲਗਭਗ ਦੋ ਸਾਲ ਬਾਅਦ ਟੈਸਟ ਕ੍ਰਿਕਟ 'ਚ ਜ਼ਬਰਦਸਤ ਵਾਪਸੀ ਕੀਤੀ ਹੈ। ਬੰਗਲਾਦੇਸ਼ ਖਿਲਾਫ ਪਹਿਲੀ ਪਾਰੀ 'ਚ 39 ਦੌੜਾਂ ਬਣਾਉਣ ਵਾਲੇ ਪੰਤ ਨੇ ਦੂਜੀ ਪਾਰੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 109 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ। ਪੰਤ ਨੇ ਆਪਣੀ ਪਾਰੀ ਵਿਚ 128 ਗੇਂਦਾਂ ਵਿਚ 13 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 109 ਦੌੜਾਂ ਬਣਾਈਆਂ। ਪੰਤ ਦਾ ਇਹ ਛੇਵਾਂ ਸੈਂਕੜਾ ਸੀ, ਜਿਸ ਨੇ 2018 'ਚ ਇੰਗਲੈਂਡ ਖਿਲਾਫ ਟੈਸਟ ਡੈਬਿਊ ਕੀਤਾ ਸੀ। ਇੰਨੇ ਘੱਟ ਸਮੇਂ 'ਚ ਉਸ ਨੇ ਧੋਨੀ ਦੇ ਟੈਸਟ ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਭਾਰਤੀ ਵਿਕਟਕੀਪਰਾਂ ਵੱਲੋਂ ਸਭ ਤੋਂ ਵੱਧ ਟੈਸਟ ਸੈਂਕੜੇ
6 - ਰਿਸ਼ਭ ਪੰਤ (58 ਪਾਰੀਆਂ)
6 - ਐੱਮਐੱਸ ਧੋਨੀ (144 ਪਾਰੀਆਂ)
3 - ਰਿਧੀਮਾਨ ਸਾਹਾ (54 ਪਾਰੀਆਂ)
ਪੰਤ ਨਾਲ ਜੁੜੇ ਵਿਸ਼ੇਸ਼ ਅੰਕੜੇ
ਯਾਦਗਾਰ ਪਾਰੀਆਂ : ਸਿਡਨੀ ਵਿਚ 159*, ਐਜਬੈਸਟਨ ਵਿਚ 146, ਓਵਲ ਵਿਚ 114 ਦੌੜਾਂ, ਚੇਪੌਕ ਵਿਚ 109, ਅਹਿਮਦਾਬਾਦ ਵਿਚ 101, ਨਿਊਲੈਂਡਜ਼ ਵਿਚ 100*, ਗਾਬਾ ਵਿਚ 89*, ਮੀਰਪੁਰ ਵਿਚ 93, ਸਿਡਨੀ ਵਿਚ 97, ਚਿੰਨਾਸਵਾਮੀ ਵਿਚ 96, ਰਾਜਕੋਟ ਵਿਚ 96 ਦੌੜਾਂ। ਹੈਦਰਾਬਾਦ ਵਿਚ 92 ਅਤੇ ਚੇਪੌਕ ਵਿਚ 91 ਦੌੜਾਂ ਬਣਾਈਆਂ।
5ਵੇਂ ਨੰਬਰ 'ਤੇ : ਪੰਤ ਨੂੰ ਟੈਸਟ ਫਾਰਮੈਟ 'ਚ ਹਮੇਸ਼ਾ 5ਵੇਂ ਨੰਬਰ 'ਤੇ ਖੇਡਣਾ ਪਸੰਦ ਹੈ। ਉਸ ਨੇ ਇਸ ਨੰਬਰ 'ਤੇ 12 ਪਾਰੀਆਂ 'ਚ 79 ਦੀ ਔਸਤ ਨਾਲ 869 ਦੌੜਾਂ ਬਣਾਈਆਂ ਹਨ। ਜਦਕਿ ਉਸ ਦਾ ਸਟਰਾਈਕ ਰੇਟ 91.8 ਰਿਹਾ ਹੈ। ਉਨ੍ਹਾਂ ਨੇ 2 ਸੈਂਕੜੇ ਅਤੇ 6 ਅਰਧ ਸੈਂਕੜੇ ਵੀ ਲਗਾਏ ਹਨ।
ਸਭ ਤੋਂ ਵੱਧ 90+ ਸਕੋਰ : ਪੰਤ ਨੇ ਟੈਸਟ ਵਿਚ ਭਾਰਤੀ ਵਿਕਟਕੀਪਰਾਂ ਦੁਆਰਾ ਸਭ ਤੋਂ ਵੱਧ 90+ ਦੌੜਾਂ ਬਣਾਉਣ ਦੇ ਮਾਮਲੇ ਵਿਚ ਧੋਨੀ ਨੂੰ ਪਛਾੜ ਦਿੱਤਾ। ਧੋਨੀ ਦੇ ਨਾਂ 11 ਵਾਰ 90 ਪਲੱਸ ਸਕੋਰ ਬਣਾਉਣ ਦਾ ਰਿਕਾਰਡ ਹੈ, ਜਦਕਿ ਪੰਤ ਹੁਣ ਉਸ ਤੋਂ ਅੱਗੇ ਨਿਕਲ ਗਏ ਹਨ।
ਧਵਨ ਨੂੰ ਪਿੱਛੇ ਛੱਡਿਆ : ਪੰਤ ਨੇ 34 ਟੈਸਟ ਮੈਚਾਂ ਵਿਚ 2400 ਤੋਂ ਵੱਧ ਦੌੜਾਂ ਬਣਾਈਆਂ ਹਨ। ਜਿਸ ਕਾਰਨ ਉਹ ਭਾਰਤ ਲਈ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿਚ 32ਵੇਂ ਨੰਬਰ 'ਤੇ ਆ ਗਿਆ ਹੈ। ਉਸ ਨੇ ਧਵਨ ਨੂੰ ਪਿੱਛੇ ਛੱਡ ਦਿੱਤਾ ਜਿਸ ਨੇ 2,315 ਦੌੜਾਂ ਬਣਾਈਆਂ ਹਨ।
ਗਾਂਗੁਲੀ ਦਾ ਰਿਕਾਰਡ ਟੁੱਟਿਆ : ਪੰਤ ਨੇ ਸਿਰਫ 34 ਟੈਸਟਾਂ ਵਿਚ 59 ਛੱਕੇ ਲਗਾਏ ਹਨ। ਅਜਿਹਾ ਕਰਕੇ ਉਸ ਨੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਪਿੱਛੇ ਛੱਡ ਦਿੱਤਾ। ਗਾਂਗਲੀ ਨੇ 113 ਟੈਸਟ ਖੇਡ ਕੇ 57 ਛੱਕੇ ਲਗਾਏ ਸਨ। ਪੰਤ ਨੇ ਆਪਣੀ ਸੈਂਕੜੇ ਵਾਲੀ ਪਾਰੀ 'ਚ 4 ਛੱਕੇ ਲਗਾ ਕੇ ਇਸ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।
ਮੈਚ ਦੀ ਸਥਿਤੀ : 515 ਦੌੜਾਂ ਦਾ ਪਿੱਛਾ ਕਰ ਰਹੀ ਬੰਗਲਾਦੇਸ਼
ਬੰਗਲਾਦੇਸ਼ ਨੇ ਸ਼ਨੀਵਾਰ ਨੂੰ 515 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਖਿਲਾਫ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਚਾਹ ਤੱਕ ਬਿਨਾਂ ਕਿਸੇ ਨੁਕਸਾਨ ਦੇ 56 ਦੌੜਾਂ ਬਣਾ ਲਈਆਂ। ਚਾਹ ਦੇ ਸਮੇਂ ਸ਼ਾਦਮਾਨ ਇਸਲਾਮ 21 ਦੌੜਾਂ 'ਤੇ ਅਤੇ ਜ਼ਾਕਿਰ ਹਸਨ 32 ਦੌੜਾਂ 'ਤੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ 4 ਵਿਕਟਾਂ 'ਤੇ 287 ਦੌੜਾਂ 'ਤੇ ਐਲਾਨ ਕੇ ਬੰਗਲਾਦੇਸ਼ ਨੂੰ 515 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਲਈ ਰਿਸ਼ਭ ਪੰਤ ਨੇ 109 ਦੌੜਾਂ ਅਤੇ ਸ਼ੁਭਮਨ ਗਿੱਲ ਨੇ ਅਜੇਤੂ 119 ਦੌੜਾਂ ਬਣਾਈਆਂ, ਜੋ ਕੱਲ੍ਹ ਦੇ ਤਿੰਨ ਵਿਕਟਾਂ 'ਤੇ 81 ਦੌੜਾਂ ਦੇ ਸਕੋਰ ਤੋਂ ਅੱਗੇ ਸੀ।
ਦੋਵੇਂ ਟੀਮਾਂ ਦੀ ਪਲੇਇੰਗ 11
ਬੰਗਲਾਦੇਸ਼ : ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਤਸਕੀਨ ਅਹਿਮਦ, ਹਸਨ ਮਹਿਮੂਦ, ਨਾਹਿਦ ਰਾਣਾ।
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਆਕਾਸ਼ਦੀਪ, ਮੁਹੰਮਦ ਸਿਰਾਜ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਲਿਕੇਸ਼ ਸਿੰਘ ਦੇਵ ਬਣੇ NRAI ਦੇ ਨਵੇਂ ਪ੍ਰਧਾਨ
NEXT STORY