ਨਵੀਂ ਦਿੱਲੀ— ਆਸਟਰੇਲੀਆ ਖਿਲਾਫ ਅੰਤਿਮ ਵਨ ਡੇ ਮੈਚ ਦੇ ਦੌਰਾਨ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਕੋਲ ਇਕ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ। ਬੁੱਧਵਾਰ ਨੁੰ ਜੇਕਰ ਰੋਹਿਤ 46 ਦੌੜਾਂ ਬਣਾਉਣ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਵਨ ਡੇ ਕਰੀਅਰ 'ਚ 8000 ਦੌੜਾਂ ਬਣਾਉਣ ਵਾਲੇ ਉਹ 9ਵੇਂ ਭਾਰਤੀ ਬੱਲੇਬਾਜ਼ ਬਣ ਜਾਣਗੇ। ਰੋਹਿਤ ਸ਼ਰਮਾ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ, ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ ਅਤੇ ਸੌਰਵ ਗਾਂਗੁਲੀ ਦੇ ਨਾਲ-ਨਾਲ ਕਈ ਹੋਰ ਸਾਬਕਾ ਕ੍ਰਿਕਟਰ ਭਾਰਤ ਲਈ ਇਹ ਕਾਰਨਾਮਾ ਕਰ ਚੁੱਕੇ ਹਨ। ਰੋਹਿਤ ਸ਼ਰਮਾ ਦੇ ਨਾਂ ਮੌਜੂਦਾ ਸਮੇਂ 'ਚ 199 ਪਾਰੀਆਂ 'ਚ 7954 ਦੌੜਾਂ ਹਨ। ਆਸਟਰੇਲੀਆ ਖਿਲਾਫ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਰੋਹਿਤ ਦੇ ਵਨ ਡੇ ਕਰੀਅਰ ਦੀ ਇਹ 200ਵੀਂ ਪਾਰੀ ਹੋਵੇਗੀ। ਅਜਿਹੇ 'ਚ ਰੋਹਿਤ ਦੀ ਕੋਸ਼ਿਸ਼ ਇਸ ਮੈਚ ਦੇ ਦੌਰਾਨ ਆਪਣੀਆਂ 8000 ਦੌੜਾਂ ਪੂਰੀਆਂ ਕਰਨ ਦੀ ਹੋਵੇਗੀ। ਰੋਹਿਤ ਜੇਕਰ ਅਜਿਹਾ ਕਰਨ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਸੌਰਵ ਗਾਂਗੁਲੀ ਦੀ ਬਰਾਬਰੀ ਕਰ ਲੈਣਗੇ। ਦਰਅਸਲ ਸੌਰਵ ਗਾਂਗੁਲੀ ਨੇ ਵੀ 200 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ ਸੀ। ਗਾਂਗੁਲੀ ਦੇ ਨਾਲ-ਨਾਲ ਇੰਨੀਆਂ ਦੌੜਾਂ ਬਣਾਉਣ ਵਾਲਿਆਂ ਦੀ ਲਿਸਟ 'ਚ ਰੋਹਿਤ ਦਾ ਨਾਂ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਆ ਜਾਵੇਗਾ।

ਵਨ ਡੇ 'ਚ ਸਭ ਤੋਂ ਤੇਜ਼ 8000 ਕੌਮਾਂਤਰੀ ਦੌੜਾਂ ਬਣਾਉਣ ਦਾ ਰਿਕਾਰਡ ਕਪਤਾਨ ਵਿਰਾਟ ਕੋਹਲੀ ਦੇ ਨਾਂ ਦਰਜ ਹੈ। ਵਿਰਾਟ ਨੇ ਸਿਰਫ 175 ਪਾਰੀਆਂ ਦੇ ਦੌਰਾਨ ਹੀ ਭਾਰਤ ਲਈ ਇਹ ਮੁਕਾਮ ਹਾਸਲ ਕਰ ਲਿਆ ਸੀ। ਹਾਲਾਂਕਿ ਰੋਹਿਤ ਦੇ ਕੋਲ ਸਚਿਨ-ਧੋਨੀ ਦੇ ਰਿਕਾਰਡ ਨੂੰ ਤੋੜਨ ਦਾ ਸੁਨਹਿਰੀ ਮੌਕਾ ਹੋਵੇਗਾ। ਸਚਿਨ ਤੇਂਦੁਲਕਰ ਨੇ 210 ਅਤੇ ਧੋਨੀ ਨੇ 214 ਪਾਰੀਆਂ ਦੇ ਦੌਰਾਨ ਇੰਨੀਆਂ ਦੌੜਾਂ ਬਣਾਉਣ 'ਚ ਕਾਮਯਾਬੀ ਹਾਸਲ ਕੀਤੀ ਸੀ। ਰੋਹਿਤ ਸ਼ਰਮਾ ਮੋਹਾਲੀ ਵਨ ਡੇ ਦੇ ਦੌਰਾਨ ਸੈਂਕੜਾ ਲਗਾਉਣ ਤੋਂ ਖੁੰਝ ਗਏ ਸਨ। ਭਾਰਤ ਲਈ ਚੰਗੀ ਗੱਲ ਇਹ ਰਹੀ ਕਿ ਮੋਹਾਲੀ 'ਚ ਰੋਹਿਤ ਸ਼ਰਮਾ ਦੌੜਾਂ ਬਣਾਉਣ 'ਚ ਕਾਮਯਾਬ ਰਹੇ। ਪਿਛਲੇ ਕੁਝ ਮੈਚਾਂ ਤੋਂ ਲਗਾਤਾਰ ਫਲਾਪ ਹੋਣ ਦੇ ਬਾਅਦ ਆਖਰਕਾਰ ਮੋਹਾਲੀ 'ਚ ਰੋਹਿਤ ਸ਼ਰਮਾ ਫਾਰਮ 'ਚ ਵਾਪਸ ਆਉਣ 'ਚ ਸਫਲ ਰਹੇ। ਰੋਹਿਤ ਇਸ ਫਾਰਮ ਨੂੰ ਦਿੱਲੀ 'ਚ ਵੀ ਬਰਕਰਾਰ ਰਖਣਾ ਚਾਹੁਣਗੇ ਅਤੇ ਟੀਮ ਲਈ ਵੱਡੀ ਪਾਰੀ ਖੇਡਣ ਦੀ ਕੋਸ਼ਿਸ਼ ਕਰਨਗੇ।
13 ਸਾਲ ਪਹਿਲਾਂ ਗਿਬਸ ਨੇ ਸ਼ਰਾਬ ਦੇ ਨਸ਼ੇ 'ਚ ਕੀਤਾ ਸੀ ਕਮਾਲ, ਦੇਖਣ ਵਾਲਿਆਂ ਦੇ ਉੱਡੇ ਸੀ ਹੋਸ਼
NEXT STORY