ਨਵੀਂ ਦਿੱਲੀ— ਦੇਸ਼ ਦੀ ਚੋਟੀ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਜ਼ੋਰ ਦੇ ਕੇ ਕਿਹਾ ਕਿ ਮਹਿਲਾ ਖਿਡਾਰਨਾਂ ਨੂੰ ਪੁਰਸ਼ਾਂ ਦੇ ਬਰਾਬਰ ਇਕੋ ਜਿਹੀ ਪੁਰਸਕਾਰ ਰਾਸ਼ੀ ਮਿਲਣੀ ਚਾਹੀਦੀ ਹੈ। ਸਾਨੀਆ ਨੇ ਸ਼ਨੀਵਾਰ ਨੂੰ ਇੱਥੇ ਫਿੱਕੀ ਮਹਿਲਾ ਸੰਗਠਨ (ਐੱਫ.ਐੱਲ.ਓ.) ਦੇ 35ਵੇਂ ਸਾਲਾਨਾ ਸੈਸ਼ਨ 'ਚ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਦੇ ਨਾਲ ਇਕ ਪੈਨਲ ਚਰਚਾ ਦੇ ਦੌਰਾਨ ਇਹ ਗੱਲ ਕਹੀ। ਸਾਨੀਆ ਨੇ ਕਿਹਾ, ''ਭਾਰਤ 'ਚ ਮਹਿਸਾ ਸਸ਼ਕਤੀਕਰਨ ਦੀ ਦਿਸ਼ਾ 'ਚ ਅਸੀਂ ਇਕ ਲੰਬਾ ਸਫਰ ਤੈਅ ਕੀਤਾ ਹੈ ਪਰ ਅਜੇ ਵੀ ਕਾਫੀ ਕੁਝ ਕੀਤਾ ਜਾਣਾ ਬਾਕੀ ਹੈ ਖਾਸ ਤੌਰ 'ਤੇ ਖੇਡਾਂ ਦੇ ਖੇਤਰ 'ਚ।''

ਚੋਟੀ ਦੀ ਡਬਲਜ਼ ਟੈਨਿਸ ਖਿਡਾਰਨ ਰਹੀ ਸਾਨੀਆ ਨੇ ਕਿਹਾ, ''ਦੇਸ਼ 'ਚ ਮਹਿਲਾ ਖਿਡਾਰਨਾਂ ਨੇ ਬੈਡਮਿੰਟਨ ਅਤੇ ਕੁਸ਼ਤੀ ਜਿਹੀਆਂ ਖੇਡਾਂ 'ਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਮਹਿਲਾਵਾਂ ਲਈ ਕਾਫੀ ਕੁਝ ਕੀਤਾ ਜਾਣਾ ਬਾਕੀ ਹੈ। ਮਹਿਲਾ ਖਿਡਾਰਨਾਂ ਨੂੰ ਪੁਰਸ਼ ਖਿਡਾਰੀਆਂ ਦੇ ਬਰਾਬਰ ਪੁਰਸਕਾਰ ਰਾਸ਼ੀ ਦਿੱਤੀ ਜਾਣੀ ਚਾਹੀਦੀ ਹੈ। ਵੈਸੇ ਇਸ ਤਰ੍ਹਾਂ ਦਾ ਵਿਤਕਰਾ ਪੂਰੀ ਦੁਨੀਆ 'ਚ ਖੇਡਾਂ ਦੇ ਅੰਦਰ ਫੈਲਿਆ ਹੋਇਆ ਹੈ।'' ਸਾਨੀਆ ਅਤੇ ਸੋਨਮ ਨੇ ਇਕੋ ਆਵਾਜ਼ 'ਚ ਕਿਹਾ ਕਿ ਕਿਸੇ ਵੀ ਮਹਿਲਾ ਦੇ ਵਿਕਾਸ 'ਚ ਉਸ ਦੇ ਪਰਿਵਾਰ ਅਤੇ ਖਾਸ ਕਰਕੇ ਮਾਤਾ ਪਿਤਾ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਚਰਚਾ 'ਚ ਦੋਹਾਂ ਮਹਿਲਾਵਾਂ ਨੇ ਆਪਣੀ ਕਾਮਯਾਬੀ 'ਚ ਆਪਣੇ ਪਰਿਵਾਰਕ ਪਿਛੋਕੜ ਨੂੰ ਸਫਲਤਾ ਦਾ ਕਾਰਨ ਦੱਸਿਆ।

ਸਾਨੀਆ ਨੇ ਕਿਹਾ, ''ਜਦੋਂ ਮੈਂ 6 ਸਾਲ ਦੀ ਉਮਰ ਤੋਂ ਘਰ 'ਚੋਂ ਬਾਹਰ ਨਿਕਲ ਕੇ ਖੇਡਣਾ ਸ਼ੁਰੂ ਕੀਤਾ। ਉਸ ਸਮੇਂ ਛੋਟੀ ਸਕਰਟ ਪਹਿਨ ਕੇ ਖੇਡਣ 'ਤੇ ਮੈਨੂੰ ਤਾਅਨਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਮੇਰੇ ਮਾਤਾ ਪਿਤਾ ਨੇ ਹਮੇਸ਼ਾ ਮੇਰਾ ਮਨੋਬਲ ਵਧਾਇਆ। ਉਨ੍ਹਾਂ ਦੇ ਸਮਰਥਨ ਅਤੇ ਲਗਾਤਾਰ ਉਤਸ਼ਾਹਤ ਕਰਨ ਦੇ ਚਲਦੇ ਹੀ ਮੈਂ ਇਸ ਮੁਕਾਮ ਤਕ ਪਹੁੰਚ ਸਕੀ ਹਾਂ, ਫਿਰ ਵੀ ਭਾਰਤੀ ਮਹਿਲਾ ਨੂੰ ਅਜੇ ਵੀ ਕਾਫੀ ਲੰਬਾ ਸਫਰ ਤੈਅ ਕਰਨਾ ਹੈ। ਟੈਨਿਸ ਖਿਡਾਰਨ ਨੇ ਸਾਇਨਾ ਨੇਹਵਾਲ, ਪੀ.ਵੀ. ਸਿੰਧੂ, ਸਾਕਸ਼ੀ ਮਲਿਕ, ਐੱਮ.ਸੀ. ਮੈਰੀਕਾਮ ਜਿਹੀਆਂ ਦਿੱਗਜ ਖਿਡਾਰਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਪਰਿਵਾਰਕ ਮੈਂਬਰਾਂ ਨੇ ਹਮੇਸ਼ਾ ਉਨ੍ਹਾਂ ਨੂੰ ਅੱਗੇ ਵਧਣ ਦੀ ਹਿੰਮਤ ਦਿੱਤੀ ਅਤੇ ਉਨ੍ਹਾਂ ਨੇ ਜ਼ਮਾਨੇ ਦੀ ਪਰਵਾਹ ਨਹੀਂ ਕੀਤੀ।
IPL 2019 : ਧੋਨੀ ਪ੍ਰੇਰਣਾ ਦੇ ਸਰੋਤ ਹਨ : ਤਾਹਿਰ
NEXT STORY