ਨਵੀਂ ਦਿੱਲੀ— ਟੀਮ ਇੰਡੀਆ ਨੇ ਆਖ਼ਰਕਾਰ ਕਟਕ ਵਨ-ਡੇ 'ਚ ਜਿੱਤਣ ਦੇ ਨਾਲ ਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ 2-1 ਨਾਲ ਆਪਣੇ ਨਾਂ ਕਰ ਲਈ ਹੈ। ਟੀਮ ਇੰਡੀਆ ਨੂੰ ਮੈਚ ਜਿਤਾਉਣ 'ਚ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਦਾ ਵੀ ਅਹਿਮ ਯੋਗਦਾਨ ਰਿਹਾ। ਕੋਹਲੀ ਦੇ ਆਊਟ ਹੋਣ ਦੇ ਬਾਅਦ ਕ੍ਰੀਜ਼ 'ਤੇ ਬੱਲੇਬਾਜ਼ੀ ਕਰਨ ਆਏ ਸ਼ਾਰਦੁਲ ਠਾਕੁਰ ਨੇ ਲਗਾਤਾਰ 2 ਗੇਂਦਾਂ 'ਤੇ ਇਕ ਛੱਕਾ ਅਤੇ ਇਕ ਚੌਕਾ ਲਗਾ ਕੇ ਟੀਮ ਇੰਡੀਆ ਤੋਂ ਦਬਾਅ ਹਟਾ ਦਿੱਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਟੀਮ ਇੰਡੀਆ ਨੇ 4 ਵਿਕਟਾਂ ਨਾਲ ਇਹ ਮੈਚ ਜਿੱਤ ਲਿਆ।

ਮੈਚ ਜਿੱਤਣ ਦੇ ਬਾਅਦ ਸ਼ਾਰਦੁਲ ਠਾਕੁਰ ਨੇ ਆਪਣੀ ਪਾਰੀ ਬਾਰੇ ਗੱਲ ਕੀਤੀ। ਸ਼ਾਰਦੁਲ ਨੇ ਕਿਹਾ ਕਿ ਮੈਦਾਨ 'ਤੇ ਜਾਂਦੇ ਸਮੇਂ ਕੁਝ ਚੀਜ਼ਾਂ ਸਨ ਜੋ ਮੈਂ ਸਾਫ ਕਰ ਲਈਆਂ ਸਨ। ਮੈਨੂੰ ਲੱਗਾ ਕਿ ਜੇਕਰ ਮੈਂ ਵਿਰਾਟ ਕੋਹਲੀ ਦੇ ਆਊਟ ਹੋਣ ਬਾਰੇ ਸੋਚਾਂਗਾ ਤਾਂ ਮੈਂ ਦਬਾਅ 'ਚ ਆ ਜਾਵਾਂਗਾ। ਉਹ ਸੈੱਟ ਬੱਲੇਬਾਜ਼ ਸਨ। ਉਨ੍ਹਾਂ ਦਾ ਵਿਕਟ 'ਤੇ ਬਣੇ ਰਹਿਣਾ ਮਹੱਤਵਪੂਰਨ ਸੀ। ਅਜਿਹੇ 'ਚ ਮੈਂ ਆਪਣਾ ਪੂਰਾ ਧਿਆਨ ਗੇਂਦ 'ਤੇ ਨਜ਼ਰਾਂ ਟਿਕਾਉਣ 'ਤੇ ਲਾਇਆ। ਸ਼ਾਰਦੁਲ ਨੇ ਕਿਹਾ- ਅੱਜ ਮੇਰਾ ਦਿਨ ਸੀ ਜਦੋਂ ਸਭ ਕੁਝ ਚੰਗੀ ਤਰ੍ਹਾਂ ਨਾਲ ਹੋਇਆ। ਮੈਨੂੰ ਪਤਾ ਹੈ ਕਿ ਮੇਰੇ ਕੋਲ ਬੱਲੇਬਾਜ਼ੀ ਕਰਨ ਦਾ ਹੁਨਰ ਹੈ। ਜੇਕਰ ਮੈਂ ਟੀਮ ਦੀ ਜ਼ਰੂਰਤ ਹੋਣ 'ਤੇ 20-25 ਦੌੜਾਂ ਦਾ ਯੋਗਦਾਨ ਦੇ ਸਕਦਾ ਹਾਂ, ਤਾਂ ਮੈਨੂੰ ਖੁਸ਼ੀ ਹੋਵੇਗੀ। ਭਵਿੱਖ 'ਚ ਮੈਂ ਹੋਰ ਅਭਿਆਸ ਕਰਨਾ ਚਾਹਾਂਗਾ। ਮੈਨੂੰ ਬੱਲੇ ਨਾਲ ਯੋਗਦਾਨ ਦੇਣ 'ਚ ਖੁਸ਼ੀ ਹੋਵੇਗੀ।
ਵਿੰਡੀਜ਼ ਖਿਲਾਫ ਸੀਰੀਜ਼ ਦੇ ਫੈਸਲਾਕੁੰਨ ਮੈਚ 'ਚ ਇਹ ਭਾਰਤੀ ਕ੍ਰਿਕਟਰ ਰਹੇ ਜਿੱਤ ਦੇ ਹੀਰੋ
NEXT STORY