ਨਵੀਂ ਦਿੱਲੀ— ਦੁਨੀਆ ਭਰ ’ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਨਵੀਂ ਦਿੱਲੀ ’ਚ ਆਗਾਮੀ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਨੂੰ ਸ਼ੁੱਕਰਵਾਰ ਨੂੰ ਮੁਲਤਵੀ ਕਰ ਦਿੱਤਾ ਗਿਆ ਜਦਕਿ ਟੋਕੀਓ ’ਚ ਓਲੰਪਿਕ ਟ੍ਰਾਇਲਸ ਪ੍ਰਤੀਯੋਗਿਤਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ. ਐੱਸ. ਐੱਸ. ਐੱਫ.) ਵੱਲੋਂ ਮਨਜ਼ੂਰਸ਼ੁਦਾ ਇਸ ਟੂਰਨਾਮੈਂਟ ਦਾ ਆਯੋਜਨ ਰਾਜਧਾਨੀ ਦੇ ਡਾ. ਕਰਣੀ ਸਿੰਘ ਨਿਸ਼ਾਨੇਬਾਜ਼ੀ ਰੇਂਜ ’ਚ 15 ਤੋਂ 25 ਮਾਰਚ ਤਕ ਕੀਤਾ ਜਾਣਾ ਸੀ। ਓਲੰਪਿਕ ਟ੍ਰਾਇਲਸ ਮੁਕਾਬਲਿਆਂ ਦਾ ਆਯੋਜਨ 16 ਅਪ੍ਰੈਲ ਨੂੰ ਹੋਣਾ ਸੀ।
ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਅਧਿਕਾਰੀ ਨੇ ਕਿਹਾ, ‘‘ਦਿੱਲੀ ਦਾ ਟੂਰਨਾਮੈਂਟ ਹੁਣ ਓਲੰਪਿਕ ਖੇਡਾਂ ਤੋਂ ਪਹਿਲਾਂ ਦੋ ਹਿੱਸਿਆਂ ’ਚ ਕਰਾਇਆ ਜਾਵੇਗਾ। ਪ੍ਰਤੀਯੋਗਿਤਾਵਾਂ ਦੀ ਤਾਰੀਖਾਂ ਬਾਅਦ ’ਚ ਐਲਾਨੀਆਂ ਜਾਣਗੀਆਂ।’’ ਸਰਕਾਰ ਨੇ ਕੋਰੋਨਾ ਵਾਇਰਸ ਤੋਂ ਬਚਣ ਦੀ ਮੁਹਿੰਮ ’ਚ ਇਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਜਿਵੇਂ ਚੀਨ, ਇਟਲੀ, ਦੱਖਣੀ ਕੋਰੀਆ, ਜਾਪਾਨ ਅਤੇ ਈਰਾਨ ਤੋਂ ਯਾਤਰੀਆਂ ਦੇ ਪ੍ਰਵੇਸ਼ ’ਤੇ ਪਾਬੰਦੀ ਲਾ ਦਿੱਤੀਆਂ ਹਨ। ਐੱਨ. ਆਰ. ਏ. ਆਈ. ’ਚ ਇਕ ਸੂਤਰ ਨੇ ਕਿਹਾ ਕਿ 22 ਦੇਸ਼ਾਂ ਨੇ ਇਸ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਹੈ। ਸੂਤਰ ਨੇ ਕਿਹਾ, ‘‘ਵੀਰਵਾਰ ਰਾਤ ਤਕ ਇਹ ਗਿਣਤੀ 22 ਦੇਸ਼ ਸੀ ਜਿਨ੍ਹਾਂ ਨੇ ਹਟਣ ਦਾ ਫੈਸਲਾ ਕੀਤਾ ਹੈ, ਉਨ੍ਹਾਂ ਨੇ ਵੀਜ਼ਾ ਲਈ ਫਿਰ ਤੋਂ ਅਪਲਾਈ ਵੀ ਕਰ ਦਿੱਤਾ ਹੈ।’’
ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਚ ਵੀ ਇਹ ਲਿਖਿਆ ਹੋਇਆ ਹੈ ਕਿ ਉਨ੍ਹਾਂ ਸਾਰੇ ਵਿਦੇਸ਼ੀ ਨਾਗਰਿਕਾਂ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ ਜਿਨ੍ਹਾਂ ਨੇ 2020 ’ਚ ਇਨ੍ਹਾਂ ਪ੍ਰਭਾਵਿਤ ਦੇਸ਼ਾਂ ਦਾ ਦੌਰਾ ਕੀਤਾ ਹੈ। ਦਿੱਲੀ ਵਿਸ਼ਵ ਕੱਪ ’ਚ ਰਾਈਫਲ/ਪਿਸਟਲ ਅਤੇ ਸ਼ਾਟਗਨ ਦੀ ਪ੍ਰਤੀਯੋਗਿਤਾਵਾਂ ਆਯੋਜਿਤ ਕੀਤੀਆਂ ਜਾਣੀਆਂ ਸਨ। ਪਿਛਲੇ ਹਫਤੇ ਭਾਰਤ ਨੇ ਕੋਰੋਨਾ ਵਾਇਰਸ ਦੇ ਕਾਰਨ ਸਾਈਪ੍ਰਸ ’ਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਤੋਂ ਹਟਣ ਦਾ ਫੈਸਲਾ ਕੀਤਾ ਸੀ। ਇਸ ਵਾਇਰਸ ਨਾਲ ਅਜੇ ਤਕ 3000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਪੂਰੀ ਦੁਨੀਆ ’ਚ ਇਕ ਲੱਖ ਲੋਕ ਇਸ ਨਾਲ ਇਨਫੈਕਟਿਡ ਹਨ। ਆਈ. ਐੱਸ. ਐੱਸ. ਐੱਫ. ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਦਿੱਲੀ ’ਚ ਵਿਸ਼ਵ ਕੱਪ ਤੋਂ ਕੋਈ ਰੈਂਕਿੰਗ ਅੰਕ ਨਹੀਂ ਦਿੱਤੇ ਜਾਣਗੇ ਕਿਉਂਕਿ ਭਾਰਤ ਸਰਕਾਰ ਵੱਲੋਂ ਜਾਰੀ ਸਿਹਤ ਸਬੰਧੀ ਨਿਰਦੇਸ਼ਾਂ ਦੇ ਬਾਅਦ ਸਾਰੇ ਦੇਸ਼ਾਂ ਦੇ ਨਿਸ਼ਾਨੇਬਾਜ਼ ਇਸ ’ਚ ਹਿੱਸਾ ਨਹੀਂ ਲੈ ਸਕਣਗੇ।
ਇਹ ਵੀ ਪੜ੍ਹੋ : ਦਰਸ਼ਕ ਨਾਲ ਭਿੜਨ ਲਈ ਮੈਦਾਨ ਤੋਂ ਭੱਜ ਕੇ ਸਟੈਂਡ ’ਚ ਪਹੁੰਚਿਆ ਫੁੱਟਬਾਲਰ (ਵੀਡੀਓ)
ਕੋਰੋਨਾਵਾਇਰਸ ਦੇ ਕਾਰਨ ਟਾਲਿਆ ਗਿਆ ਦਿੱਲੀ 'ਚ ਹੋਣ ਵਾਲਾ ਸ਼ੂਟਿੰਗ ਵਰਲਡ ਕੱਪ
NEXT STORY